ਸੈਕਰਾਮੈਂਟੋ ਵਿੱਚ ਤਿੰਨ ਪੰਜਾਬੀ ਡਰੱਗ ਕਾਰੋਬਾਰ ਵਿੱਚ ਗ੍ਰਿਫਤਾਰ

ਸੈਕਰਾਮੈਂਟੋ ਵਿੱਚ ਤਿੰਨ ਪੰਜਾਬੀ ਡਰੱਗ ਕਾਰੋਬਾਰ ਵਿੱਚ ਗ੍ਰਿਫਤਾਰ

ਸੈਕਰਾਮੈਂਟੋ ਬਿਊਰੋ

7 ਅਪ੍ਰੈਲ ਨੂੰ ਫੈਡਰਲ ਕੋਰਟ ਵਿੱਚ ਡੀ ਈ ਏ ਏਜੰਟ ਜਾਸੂਆ ਮਟਾਸ ਵੱਲੋਂ ਦਿੱਤੇ ਐਫੀਡੈਵਿਟ ਦੇ ਕੁੱਝ ਅੰਸ਼

ਸੈਕਰਾਮੈਂਟੋ: ਅੰਮ੍ਰਿਤਸਰ ਟਾਈਮਜ਼ ਨੇ ਇੱਕ ਨੀਤੀ ਵਜੋਂ ਡਰੱਗ ਵੇਚਣ ਵਾਲ਼ਿਆਂ ਨੂੰ ਕੌਮੀ ਨੁਕਸਾਨ ਵਜੋਂ ਦੇਖਿਆ ਜਾਂਦਾ ਹੈ ਅਤੇ ਹਮੇਸ਼ਾਂ ਅਜਿਹੇ ਬੰਦਿਆਂ ਨੂੰ ਸੰਗਤ ਅੱਗੇ ਨਸ਼ਰ ਕਰਨਾ ਆਪਣਾ ਫਰਜ਼ ਸਮਝਦੇ ਹਾਂ। ਪਰ ਇਸ ਖ਼ਬਰ ਨੂੰ ਪ੍ਰਕਾਸ਼ਤ ਕਰਨ ਵਿੱਚ ਦੇਰੀ ਦੀ ਖਿਮਾ ਚਾਹੁੰਦੇ ਹਾਂ ਕਿਉਂ ਕਿ ਅਖਬਾਰ ਵਿੱਚ ਆਈ ਨਵੀਂ ਟੀਮ ਇਸ ਦੁਬਿਧਾ ਵਿੱਚ ਸੀ ਕਿ ਇਸ ਨਾਲ ਕੌਮ ਦੀ ਬਦਨਾਮੀ ਹੁੰਦੀ ਹੈ। ਦੋ-ਤਿੰਨ ਦਿਨ ਦੀ ਬਹਿਸ ਤੋਂ ਬਾਅਦ ਫੈਸਲਾ ਹੋਇਆ ਕਿ ਅਜਿਹੇ ਬੰਦਿਆਂ ਨੂੰ ਸੰਗਤੀ ਤੌਰ ਤੇ  ਸਮਾਜ ਵਿੱਚ ਨਕਾਰਨਾਂ ਹਰੇਕ ਸਿੱਖ ਦਾ ਫਰਜ਼ ਹੈ। 

ਕੈਲੇਫੋਰਨੀਆ ਤੋਂ ਖਬਰਾਂ ਹਨ ਕਿ ਤਿੰਨ ਪੰਜਾਬੀ ਡਰੱਗ ਤਸਕਰੀ ਦੇ ਮਾਮਲੇ ‘ਚ ਅਮਰੀਕਨ ਡੀ ਈ ਏ (ਡਰੱਗ ਐਨਫੋਰਸਮੈਂਟ ਏਜੰਸੀ) ਨੇ ਦਾੜ੍ਹ ਹੇਠ ਲਏ ਹਨ। ਡੀ ਈ ਏ ਵਲੋਂ ਪੇਸ਼ ਕੀਤੇ ਦਸਤਾਵੇਜਾਂ ‘ਚ ਇਨ੍ਹਾਂ ਦੇ ਨਾਮ ਪਰਮਪ੍ਰੀਤ ਸਿੰਘ (55), ਰਣਵੀਰ ਸਿੰਘ (38) ਅਤੇ ਅਮਨਦੀਪ ਮੁਲਤਾਨੀ (33)  ਉੱਤੇ ਅਪਰਾਧਕ ਦੋਸ਼ ਲਗਾਏ ਗਏ ਹਨ।
ਅਮਰੀਕਨ ਐਨਫੋਰਸਮੈਂਟ ਏਜੰਸੀ ਦੇ ਵਿਸ਼ੇਸ਼ ਏਜੰਟਾਂ ਦੁਆਰਾ ਅਦਾਲਤ ਵਿੱਚ ਦਾਇਰ ਹਲਫ਼ਨਾਮੇ ਅਨੁਸਾਰ  ਤਿੰਨ ਵਿਅਕਤੀਆਂ ਨੂੰ ਇੱਕੋ ਸਮੇਂ  ਸੈਂਕੜੇ ਕਿਲੋਗ੍ਰਾਮ ਕੋਕੀਨ ਹੀਰੋਇਨ ਅਫੀਮ ਅਤੇ ਕੋਟਾਮਿਨ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ । ਅਦਾਲਤ ਅਨੁਸਾਰ ਓਟਾਵਾ ਵਿਚ ਰਹਿਣ ਵਾਲੇ ਅਮਰੀਕੀ ਡੀ ਡੀ ਏ  ਏਜੰਟਾਂ ਨੇ ਜੂਨ  2020ਵਿੱਚ ਇਸ ਕਾਰਵਾਈ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਅਕਤੂਬਰ ਵਿੱਚ ਸੈਕਰਾਮੈਂਟੋ ਖੇਤਰ ਵਿਚ ਏਜੰਟਾਂ ਨਾਲ ਸੰਪਰਕ ਕੀਤਾ  । ਅਦਾਲਤ ਦੇ ਅਨੁਸਾਰ  ਜਾਂਚ ਦੇ ਅਖੀਰ ਵਿਚ  ਕੈਨੇਡਾ ਅਤੇ ਅਮਰੀਕਾ ਵਿੱਚ ਨਸ਼ਿਆਂ ਦੀ ਖ਼ਰੀਦ ਹੋਈ  ।ਜਿਥੋਂ ਇਕ ਗੁਪਤ ਏਜੰਟ ਨੇ  ਰਣਜੀਤ ਸਿੰਘ ਅਤੇ ਮੁਲਤਾਨੀ ਕੋਲੋਂ  ਕੋਕੀਨ ਵਾਲਾ ਇੱਕ ਹਰਾ ਪਲਾਸਟਿਕ ਬੈਗ  ਆਰਡਨ ਵੇਅ ਦੀ ਚੀਸਕੇਕ  ਫੈਕਟਰੀ ਦੀ ਪਾਰਕਿੰਗ ਵਿੱਚੋਂ ਲਿਆ ਸੀ  । ਜਿਸ ਤੋਂ ਬਾਅਦ ਹੀ ਏਜੰਟਾਂ ਨੇ ਇਨ੍ਹਾਂ ਦੇ ਖ਼ਿਲਾਫ਼ ਸਰਚ ਵਾਰੰਟ ਲਏ ਸਨ ਅਤੇ ਇਹ ਸਰਚ ਵਾਰੰਟ ਲੈਣ ਤੋਂ ਬਾਅਦ ਹੀ ਇਨ੍ਹਾਂ ਦੀਆਂ ਜਾਇਦਾਦ ਅਤੇ ਗੱਡੀਆਂ  ਦੀ ਸਰਚ ਲਈ  ਵੀ ਕਾਰਵਾਈ ਕੀਤੀ । ਇਨ੍ਹਾਂ ਤਿੰਨਾਂ ‘ਤੇ ਡਰੱਗ ਤਸਕਰੀ ਦੇ ਦੋਸ਼ ਲਾਏ ਗਏ ਹਨ ਅਤੇ ਕਾਫੀ ਸਬੂਤ ਵੀ ਨਾਲ ਨੱਥੀ ਕੀਤੇ ਗਏ ਹਨ। ਇੱਕ ਅੰਡਰਕਵਰ ਪੁਲਿਸ ਅਧਿਕਾਰੀ ਇਨ੍ਹਾਂ ਨਾਲ ਡਰੱਗ ਡੀਲ ਕਰਦਾ ਰਿਹਾ ਤੇ ਸਬੂਤ ਤਿਆਰ ਕਰਦਾ ਰਿਹਾ। ਅਮਰੀਕਾ ਅਤੇ ਕੈਨੇਡਾ ਤੋਂ ਇਲਾਵਾ  ਮੈਕਸੀਕੋ ਭਾਰਤ ਪਾਕਿਸਤਾਨ ਅਫਗਾਨਿਸਤਾਨ ਜਰਮਨੀ  ਨਾਲ ਵੀ ਨਸ਼ਾ ਤਸਕਰੀ ਦੇ ਸਬੰਧ ਹਨ ।


ਪੁਲਿਸ ਵਲੋਂ ਪੇਸ਼ ਕੀਤੇ ਸ਼ਿਕਾਇਤਨਾਮੇ ‘ਚ ਪੂਰਾ ਵੇਰਵਾ ਹੈ ਕਿ ਅੰਡਰਕਵਰ ਪੁਲਿਸ ਅਧਿਕਾਰੀ ਕਿੱਦਾਂ ਇਨ੍ਹਾਂ ਨਾਲ ਕਿਹੜੇ-ਕਿਹੜੇ ਫੋਨ ਤੋਂ ਗੱਲ ਕਰਦਾ ਰਿਹਾ, ਮਿਲਦਾ ਰਿਹਾ, ਟਰਾਂਟੋ ਤੇ ਹੋਰ ਥਾਵਾਂ ਤੋਂ ਅਫ਼ੀਮ, ਕੋਕੇਨ, ਹੈਰੋਇਨ ਚੁੱਕ ਹੁੰਦੀ ਰਹੀ, ਪੈਸਿਆਂ ਦਾ ਭੁਗਤਾਨ ਹੁੰਦਾ ਰਿਹਾ, ਲੈਣ-ਦੇਣ 'ਚ ਕਿਹੜੀ-ਕਿਹੜੀ ਗੱਡੀ ਤੇ ਕਿਹੜਾ ਕਿਹੜਾ-ਕਿਹੜਾ ਘਰ ਸ਼ਾਮਲ ਸੀ। ਗ੍ਰਿਫਤਾਰੀ ਤੋਂ ਬਾਅਦ ਹੁਣ ਮੁਕੱਦਮਾ ਚੱਲੇਗਾ। 
ਇਸੇ ਤਰਾਂ ਟਰਾਂਟੋ ਪੁਲਿਸ ਨੇ 5 ਕਥਿਤ ਡਰੱਗ ਤਸਕਰ ਫੜਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ 'ਚੋਂ 4 ਪੰਜਾਬੀ ਹਨ। ਓਂਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਵੱਲੋ 1.13 ਮਿਲੀਅਨ ਡਾਲਰ ਨਕਦ, 17 ਕਿਲੋ ਕੋਕੀਨ, 3 ਕਿਲੋ ਫੈਂਟਾਨਿਲ, 1 ਕਿਲੋ ਐਮਡੀਐਮਏ, ਇੱਕ ਲੋਡਡ .357 ਮੈਗਨਮ ਹੈਂਡਗਨ ਜ਼ਬਤ ਕੀਤੀਆਂ ਹਨ। 
ਗ੍ਰਿਫਤਾਰ ਹੋਣ ਵਾਲਿਆ ਵਿੱਚ ਮਿਸੀਸਾਗਾ ਦਾ ਪਰਮਿੰਦਰ ਗਰੇਵਾਲ (44), ਮਿਸੀਸਾਗਾ ਦਾ ਅਜਮੇਰ ਸਿੰਘ (44), ਕੈਲੇਡਨ ਦਾ ਸਵਰਾਜ ਸਿੰਘ (31), ਕੈਲੇਡਨ ਦਾ ਕਰਨ ਦੇਵ (32) ਅਤੇ ਟੋਰਾਂਟੋ ਦਾ ਕਲਿੰਟਨ ਵੈਲਨਟਾਈਨ (47) ਸ਼ਾਮਲ ਹਨ.

ਸਿੱਖ ਯੂਥ ਆਫ ਅਮਰੀਕਾ ਨੇ ਇਹਨਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਜਿੱਥੇ ਸਮਾਜ ਸੇਵਾਵਾਂ ਕਰਕੇ ਕਈ ਸੰਸਥਾਵਾਂ ਅਤੇ ਗੁਰਦੂਆਰਾ ਸਾਹਿਬਾਨ ਸਿੱਖਾਂ ਦਾ ਵਿਦੇਸ਼ਾਂ ਵਿੱਚ ਵਿਕਾਰ ਬਣਾ ਰਹੇ ਹਨ ਉੱਥੇ ਅਜਿਹੇ ਲੋਕ ਕੌਮ ਦਾ ਨਾਮ ਨੀਵਾਂ ਕਰ ਰਹੇ ਹਨ। ਸਿੱਖ ਯੂਥ ਆਫ ਅਮਰੀਕਾ ਨੇ ਅਜਿਹੇ ਅਨਸਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।