ਮਾਮਲਾ ਕਾਨਪੁਰ ਵਿੱਚ 1984 ਦੇ ਸਿੱਖ ਕਤਲੇਆਮ ਦਾ 

ਮਾਮਲਾ ਕਾਨਪੁਰ ਵਿੱਚ 1984 ਦੇ ਸਿੱਖ ਕਤਲੇਆਮ ਦਾ 

*ਘਰ ਦੇ ਦੋ ਬੰਦ ਕਮਰਿਆਂ ਵਿੱਚ ਐੱਸਆਈਟੀ ਨੂੰ  ਕਈ ਸਬੂਤ ਮਿਲੇ 

*ਐੱਸਆਈਟੀ ਨੇ 10 ਅਗਸਤ ਨੂੰ ਕੀਤਾ ਦਾਅਵਾ

 * ਪੀੜਤ ਸਿਖਾਂ ਨੇ ਸਬੂਤਾਂ ਨੂੰ ਗਲਤ ਦਸਿਆ 

ਅੰਮ੍ਰਿਤਸਰ ਟਾਈਮਜ਼ ਬਿਉਰੋ

  ਕਾਨਪੁਰ : ਕਾਨਪੁਰ ਵਿੱਚ 1984 ਦੇ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਐੱਸਆਈਟੀ ਨੇ 10 ਅਗਸਤ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇੱਕ ਘਰ ਦੇ ਦੋ ਬੰਦ ਕਮਰਿਆਂ ਵਿੱਚ 36 ਸਾਲ ਪੁਰਾਣੀ ਇਸ ਘਟਨਾ ਦੇ ਕਈ ਸਬੂਤ ਮਿਲੇ ਹਨ, ਜਿਨ੍ਹਾਂ ਵਿੱਚ ਮਨੁੱਖੀ ਖੂਨ ਅਤੇ ਸਰੀਰ ਦੇ ਕੁਝ ਨਮੂਨਿਆਂ ਤੋਂ ਇਲਾਵਾ ਲਾਸ਼ਾਂ ਨੂੰ ਸਾੜਨ ਦੇ ਸਬੂਤ ਵੀ ਸ਼ਾਮਿਲ ਹਨ।ਪਰ ਉਸ ਘਰ ਵਿੱਚ ਰਹਿਣ ਵਾਲੇ ਮੌਜੂਦਾ ਮਕਾਨ ਮਾਲਕ ਅੰਗਦ ਸਿੰਘ ਰੋਸ਼ੀ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ।ਮਕਾਨ ਮਾਲਕ ਦਾ ਕਹਿਣਾ ਹੈ ਕਿ ਇਹ ਘਰ ਉਨ੍ਹਾਂ ਦੇ ਪਿਤਾ ਨੇ ਸਾਲ 1990 ਵਿੱਚ ਖਰੀਦਿਆ ਸੀ, ਉਦੋਂ ਤੋਂ ਨਾ ਤਾਂ ਉਨ੍ਹਾਂ ਦੇ ਘਰ ਦੇ ਕਿਸੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਹੈ ਅਤੇ ਨਾ ਹੀ ਐੱਸਆਈਟੀ ਦੀ ਟੀਮ ਨੇ 10 ਅਗਸਤ ਨੂੰ ਇੱਥੋਂ ਕੋਈ ਅਜਿਹੇ ਸਬੂਤ ਇਕੱਠੇ ਕੀਤੇ ਹਨ। ਦੂਸਰੇ ਪਾਸੇ ਐੱਸਆਈਟੀ ਦੇ ਪੁਲਿਸ ਸੁਪਰੀਟੇਂਡੈਂਟ ਬਾਲੇਂਦੂ ਭੂਸ਼ਣ ਨੇ ਦੱਸਿਆ, "ਫੋਰੈਂਸਿਕ ਟੀਮ ਨੂੰ ਕੰਧ ਅਤੇ ਫਰਸ਼ 'ਤੇ ਮਨੁੱਖੀ ਖੂਨ ਦੇ ਨਮੂਨੇ ਮਿਲੇ ਹਨ ਅਤੇ ਇਨ੍ਹਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ।ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਪਹਿਲਾਂ ਜਨਵਰੀ ਵਿੱਚ ਵੀ ਇੱਕ ਘਰ ਵਿੱਚ ਇਸੇ ਤਰ੍ਹਾਂ ਦੇ ਸਬੂਤ ਮਿਲੇ ਸਨ। ਇਨ੍ਹਾਂ ਸਾਰੇ ਸਬੂਤਾਂ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਇੱਥੇ ਹੱਤਿਆ ਹੋਈ ਸੀ।ਬਾਲੇਂਦੂ ਭੂਸ਼ਣ ਦਾ ਕਹਿਣਾ ਹੈ ਕਿ ਇਨ੍ਹਾਂ ਹੀ ਕਮਰਿਆਂ ਵਿੱਚ ਦੋ ਸਿਖਾਂ ਦੀ ਹੱਤਿਆ ਕੀਤੀ ਗਈ ਸੀ।ਉਨ੍ਹਾਂ ਦੇ ਅਨੁਸਾਰ, ਇਸ ਗੱਲ ਨੂੰ ਹਰ ਕੋਈ ਜਾਣਦਾ ਹੈ ਤੇ ਐੱਸਆਈਟੀ ਨੇ ਫੋਰੈਂਸਿਕ ਟੀਮ ਦੇ ਨਾਲ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੁਣ ਹੋਰ ਕੋਈ ਸਬੂਤ ਨਹੀਂ ਮਿਲ ਸਕਦੇ ਕਿਉਂਕਿ ਘਟਨਾ ਇੰਨੀ ਪੁਰਾਣੀ ਹੋ ਚੁੱਕੀ ਹੈ ਅਤੇ ਬਹੁਤੇ ਘਰ ਤਾਂ ਹੁਣ ਉਸ ਹਾਲਤ ਵਿੱਚ ਰਹੇ ਵੀ ਨਹੀਂ, ਜਿਸ ਵਿੱਚ ਉਹ ਘਟਨਾ ਦੇ ਸਮੇਂ ਸਨ।

ਘਰ ਦੇ ਮਾਲਕ ਅਤੇ ਜਾਂਚ ਟੀਮ ਦੀ ਜਾਂਚ ਦੌਰਾਨ ਉੱਥੇ ਮੌਜੂਦ ਹੋਰ ਲੋਕਾਂ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹ ਕਮਰੇ ਬੰਦ ਸਨ ਜਾਂ ਫਿਰ ਇੱਥੇ ਕਿਸੇ ਤਰ੍ਹਾਂ ਦੇ ਕੋਈ ਸਬੂਤ ਮਿਲੇ ਹਨ।ਕਾਨਪੁਰ ਦੇ ਦਬੌਲੀ ਮੁਹੱਲੇ ਦੇ ਐੱਲ ਬਲਾਕ ਵਿੱਚ ਸਥਿਤ ਇਸ ਘਰ ਦੇ ਮਾਲਕ, ਅੰਗਦ ਸਿੰਘ ਰੋਸ਼ੀ ਨੇ  ਦੱਸਿਆ, "ਇਸ ਘਰ ਨੂੰ ਮੇਰੇ ਪਿਤਾ ਹਰਵਿੰਦਰ ਸਿੰਘ ਨੇ ਸਾਲ 1990 ਵਿੱਚ ਖਰੀਦਿਆ ਸੀ।"ਲੋਕਾਂ ਦਾ ਕਹਿਣਾ ਹੈ ਉਨ੍ਹਾਂ ਇਸ ਘਰ ਵਿੱਚ ਪਹਿਲਾਂ ਕਦੇ ਕੁਝ ਨਹੀਂ ਦੇਖਿਆ।ਪਿਛਲੇ ਸਾਲ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਮੈਨੂੰ ਇਸ ਬਾਰੇ ਬਹੁਤ ਜ਼ਿਆਦਾ ਕੁਝ ਪਤਾ ਨਹੀਂ ਹੈ। ਪਰ ਜਦੋਂ ਤੋਂ ਅਸੀਂ ਇਹ ਘਰ ਖਰੀਦਿਆ ਹੈ, ਇਸ ਦਾ ਇੱਕ ਵੀ ਕਮਰਾ ਬੰਦ ਨਹੀਂ ਹੈ। ਉਨ੍ਹਾਂ ਕਿਹਾ, "ਐੱਸਆਈਟੀ ਅਤੇ ਫੌਰੈਂਸਿਕ ਟੀਮ ਬੀਤੇ ਹਫਤੇ  ਆਈ ਸੀ। ਉਨ੍ਹਾਂ ਨੇ ਮੇਰੇ ਕੋਲੋਂ ਅਤੇ ਮੁੱਹਲੇ ਦੇ ਕਈ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਸੀ।ਕੁਝ ਪੁਲਿਸ ਵਾਲੇ ਮੇਰੇ ਨਾਲ ਇੱਥੇ ਹੀ ਬੈਠੇ ਰਹੇ ਅਤੇ ਕੁਝ ਲੋਕਾਂ ਨੇ ਅੰਦਰ ਜਾ ਕੇ ਕੁਝ ਜਾਂਚ-ਪੜਤਾਲ ਕੀਤੀ। ਮੈਨੂੰ ਉੱਥੇ ਨਹੀਂ ਆਉਣ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਮੈਂ ਇੱਥੇ ਹੀ ਬੈਠਾ ਰਹਾਂ।15-20 ਮਿੰਟਾਂ ਤੱਕ ਜਾਂਚ-ਪੜਤਾਲ ਕਰਨ ਤੋਂ ਬਾਅਦ, ਟੀਮ ਚਲੀ ਗਈ। ਮੈਨੂੰ ਨਹੀਂ ਪਤਾ ਕਿ ਮੇਰੇ ਘਰ ਵਿੱਚ ਉਨ੍ਹਾਂ ਨੂੰ ਕਿੱਥੇ ਖੂਨ ਦੇ ਧੱਬੇ ਮਿਲ ਗਏ ਅਤੇ ਕਿੱਥੇ ਸੜਨ ਦੇ ਨਿਸ਼ਾਨ।"

1 ਨਵੰਬਰ 1984 ਨੂੰ ਦਬੌਲੀ ਦੇ ਇਸ ਘਰ ਵਿੱਚ ਇੱਕ ਵਪਾਰੀ ਤੇਜ ਪ੍ਰਤਾਪ ਸਿੰਘ ਅਤੇ ਉਸ ਦੇ ਪੁੱਤਰ ਸੱਤਿਆਵੀਰ ਸਿੰਘ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ਾਂ ਨੂੰ ਸਾੜ ਦਿੱਤਾ ਗਿਆ ਸੀ।ਉਸ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਇਹ ਘਰ ਛੱਡ ਕੇ ਬਾਹਰ ਚਲੇ ਗਏ ਸਨ। ਬਾਅਦ ਵਿੱਚ ਇਹ ਘਰ ਹਰਵਿੰਦਰ ਸਿੰਘ ਨੇ ਖਰੀਦ ਲਿਆ।ਹਰਵਿੰਦਰ ਸਿੰਘ ਹੁਣ ਜ਼ਿੰਦਾ ਨਹੀਂ ਹਨ ਪਰ ਉਨ੍ਹਾਂ ਦੇ ਪੁੱਤਰ ਅੰਗਦ ਸਿੰਘ ਆਪਣੇ ਪਰਿਵਾਰ ਨਾਲ ਇੱਥੇ ਰਹਿੰਦੇ ਹਨ।ਅੰਗਦ ਸਿੰਘ ਕਹਿੰਦੇ ਹਨ, "ਜਿਨ੍ਹਾਂ ਕਮਰਿਆਂ ਵਿੱਚ ਐੱਸਆਈਟੀ ਖੂਨ ਦੇ ਧੱਬੇ ਮਿਲਣ ਦਾ ਦਾਅਵਾ ਕਰ ਰਹੀ ਹੈ ਉਨ੍ਹਾਂ ਕਮਰਿਆਂ ਵਿੱਚ ਅਸੀਂ ਪਿਛਲੇ ਦਸ ਸਾਲਾਂ ਤੋਂ ਪਾਣੀ ਦਾ ਪਲਾਂਟ ਚਲਾ ਰਹੇ ਸੀ।ਪਿਛਲੇ ਸਾਲ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋਈ ਤਾਂ ਅਸੀਂ ਪਲਾਂਟ ਬੰਦ ਕਰ ਦਿੱਤਾ ਸੀ। ਹੁਣ ਕਮਰਿਆਂ ਦੀ ਸਾਫ਼-ਸਫ਼ਾਈ ਅਤੇ ਰੰਗ ਕਰਵਾ ਕੇ ਇਨ੍ਹਾਂ ਨੂੰ ਕਿਰਾਏ 'ਤੇ ਦੇਣ ਦੀ ਤਿਆਰੀ ਕਰ ਰਹੇ ਹਾਂ।"ਐੱਸਆਈਟੀ ਦੀ ਟੀਮ ਦੁਆਰਾ ਜਾਂਚ ਦੇ ਦੌਰਾਨ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਕੁਝ ਹੋਰ ਪੀੜਤ ਵੀ ਉੱਥੇ ਮੌਜੂਦ ਸਨ ਅਤੇ ਉਨ੍ਹਾਂ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਇਨ੍ਹਾਂ ਕਮਰਿਆਂ ਦੀ ਹਾਲਤ ਅਜਿਹੀ ਹੈ ਕਿ ਇੱਥੋਂ ਖੂਨ ਦੇ ਧੱਬਿਆਂ ਵਰਗੇ ਕੋਈ ਸਬੂਤ ਮਿਲ ਹੀ ਨਹੀਂ ਸਕਦੇ। ਗੁਮਟੀ ਨੰਬਰ 5 ਦੇ ਨੇੜੇ ਦਰਸ਼ਨਪੁਰਵਾ ਵਿੱਚ ਰਹਿਣ ਵਾਲੇ ਵਿਸ਼ਾਖਾ ਸਿੰਘ ਇੱਕ ਜਨਰਲ ਸਟੋਰ ਦੇ ਮਾਲਿਕ ਹਨ।ਉਹ ਵੀ ਇਨ੍ਹਾਂ ਕਤਲੇਆਮ ਦਾ ਦਰਦ ਝੱਲ ਚੁੱਕੇ ਹਨ। ਸਾਲ 1984 ਵਿੱਚ ਉਹ ਵੀ ਆਪਣੇ ਪਰਿਵਾਰ ਨਾਲ ਦਬੌਲੀ ਵਿੱਚ ਹੀ ਰਹਿੰਦੇ ਸਨ।ਉਨ੍ਹਾਂ ਦੇ ਚਾਰ ਭਰਾ, ਇੱਕ ਭੈਣ ਅਤੇ ਮਾਪਿਆਂ ਸਮੇਤ ਪਰਿਵਾਰ ਦੇ ਕੁਲ ਸੱਤ ਮੈਂਬਰ ਨਵੰਬਰ ਚੌਰਾਸੀ ਦੀ ਹਿੰਸਾ ਦੀ ਭੇਂਟ ਚੜ੍ਹ ਗਏ ਸਨ।ਗੁਮਟੀ ਨੰਬਰ 5 ਦੇ ਨੇੜੇ ਦਰਸ਼ਨਪੁਰਵਾ ਵਿੱਚ ਰਹਿਣ ਵਾਲੇ ਵਿਸ਼ਾਖਾ ਸਿੰਘ ਇੱਕ ਜਨਰਲ ਸਟੋਰ ਦੇ ਮਾਲਿਕ ਹਨ।ਵਿਸ਼ਾਖਾ ਸਿੰਘ ਉਸ ਘਰ ਵਿੱਚ ਇਕੱਲੇ ਹੀ ਬਚੇ ਸਨ ਜਦੋਂ ਕਿ ਦਬੌਲੀ ਦੇ ਹੀ ਇੱਕ ਹੋਰ ਘਰ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਤਿੰਨ ਹੋਰ ਭਰਾ ਵੀ ਬਚ ਗਏ।ਦਰਸ਼ਨਪੁਰਵਾ ਵਿੱਚ ਵਿਸ਼ਾਖਾ ਸਿੰਘ ਦੀਆਂ ਦੋ ਦੁਕਾਨਾਂ ਵੀ ਲੁੱਟੀਆਂ ਗਈਆਂ ਸਨ। ਜਿਸ ਸਮੇਂ ਐੱਸਆਈਟੀ ਦੀ ਟੀਮ ਦਬੌਲੀ ਵਿਖੇ ਅੰਗਦ ਸਿੰਘ ਦੇ ਘਰ ਦੀ ਜਾਂਚ ਕਰ ਰਹੀ ਸੀ, ਉਸ ਸਮੇਂ ਵਿਸ਼ਾਖਾ ਸਿੰਘ ਵੀ ਉੱਥੇ ਹੀ ਮੌਜੂਦ ਸਨ।ਵਿਸ਼ਾਖਾ ਸਿੰਘ ਕਹਿੰਦੇ ਹਨ, "ਐੱਸਆਈਟੀ ਨੂੰ ਪਤਾ ਨਹੀਂ ਕਿੱਥੋਂ, ਕਿਹੜਾ ਸਬੂਤ ਮਿਲ ਗਿਆ ਹੈ। ਤੀਹ ਸਾਲਾਂ ਤੋਂ ਘਰ ਵਰਤੋਂ ਵਿੱਚ ਹੈ। ਸਾਫ਼-ਸਫ਼ਾਈ ਹੋ ਚੁੱਕੀ ਹੈ, ਕਿੰਨੀ ਵਾਰ ਪੁਟਾਈ ਹੋ ਚੁੱਕੀ ਹੈ, ਹੁਣ ਉੱਥੇ ਕੁਝ ਵੀ ਮਿਲਣ ਦਾ ਕੋਈ ਸਵਾਲ ਹੀ ਨਹੀਂ ਹੈ।"ਉਹ ਕਹਿੰਦੇ ਹਨ, "ਐੱਸਆਈਟੀ ਨੇ ਕੁਝ ਨਾ ਕੁਝ ਤਾਂ ਦਿਖਾਉਣਾ ਹੀ ਹੈ, ਇਸ ਲਈ ਵਿੱਚ-ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਰਹਿੰਦੀ ਹੈ। ਦੂਜੀ ਗੱਲ ਇਹ, ਕਿ ਜੇ ਇਹ ਸਾਰੀਆਂ ਚੀਜ਼ਾਂ ਹੁਣ ਮਿਲ ਵੀ ਜਾਣ ਤਾਂ ਉਨ੍ਹਾਂ ਨਾਲ ਕੀ ਹੋਣ ਵਾਲਾ ਹੈ।ਇਹ ਗੱਲ ਪਹਿਲਾਂ ਹੀ ਪਤਾ ਲੱਗ ਚੁੱਕੀ ਹੈ ਕਿ ਤੇਜ ਸਿੰਘ ਅਤੇ ਉਨ੍ਹਾਂ ਦੇ ਬੇਟੇ ਨੂੰ ਉੱਥੇ ਹੀ ਮਾਰਿਆ ਗਿਆ, ਸਾੜ ਦਿੱਤਾ ਗਿਆ ਅਤੇ ਘਰ ਤਬਾਹ ਕਰ ਦਿੱਤਾ ਗਿਆ। ਐੱਸਆਈਟੀ ਇਸ ਵਿੱਚ ਕਿਹੜੀ ਨਵੀਂ ਚੀਜ਼ ਲੱਭ ਰਹੀ ਹੈ? ਕਿਸਨੇ ਮਾਰਿਆ ਅਤੇ ਇਸ ਸਭ ਦੇ ਪਿੱਛੇ ਕੌਣ ਲੋਕ ਸਨ, ਉਸਦੇ ਬਾਰੇ ਚਸ਼ਮਦੀਦ ਲੋਕਾਂ ਦੇ ਵੀ ਬਿਆਨ ਨਹੀਂ ਲਏ ਜਾ ਰਹੇ ਹਨ।"

ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ 2019 ਦੌਰਾਨ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਰਾਜ ਸਰਕਾਰ ਵੱਲੋਂ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ।ਹਾਲਾਂਕਿ, ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀ ਜਾਂਚ ਹੋਈ, ਕਈ ਗਵਾਹਾਂ ਦੇ ਬਿਆਨ ਲਏ ਗਏ, ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ, ਬਹੁਤ ਸਾਰੀਆਂ ਐੱਫਆਈਆਰ ਦਰਜ ਕੀਤੀਆਂ ਗਈਆਂ ਪਰ ਲਗਭਗ ਸਾਰੇ ਮੁਕੱਦਮਿਆਂ ਦੀਆਂ ਫਾਈਲਾਂ ਇਹ ਕਹਿ ਕੇ ਬੰਦ ਕਰ ਦਿੱਤੀਆਂ ਗਈਆਂ ਕਿ ਆਰੋਪੀਆਂ ਵਿਰੁੱਧ ਕੋਈ ਵਿਸ਼ੇਸ਼ ਸਬੂਤ ਨਹੀਂ ਮਿਲੇ ਹਨ।ਰਾਜ ਸਰਕਾਰ ਵੱਲੋਂ ਦੋ ਸਾਲ ਪਹਿਲਾਂ, ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਸੀਹਾਲਾਂਕਿ, ਐੱਸਆਈਟੀ ਦੇ ਕੁਝ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੁਝ ਲੋਕਾਂ ਦੇ ਖਿਲਾਫ ਬਹੁਤ ਅਹਿਮ ਸਬੂਤ ਮਿਲੇ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।ਪਰ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਦੀ ਲੜਾਈ ਲੜ ਰਹੇ ਲੋਕਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਬਹੁਤਾ ਵਿਸ਼ਵਾਸ ਨਹੀਂ ਹੈ।ਅਸ਼ੋਕ ਨਗਰ ਦੇ ਵਸਨੀਕ, ਸਰਦਾਰ ਮੋਕਾਮ ਸਿੰਘ ਖੁਦ ਆਪ ਵੀ ਇਸ ਕਤਲੇਆਮ ਦੇ ਚਸ਼ਮਦੀਦ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਗੁਆ ਦਿੱਤਾ ਹੈ।ਪਿਛਲੇ ਕਈ ਸਾਲਾਂ ਤੋਂ ਉਹ ਪੀੜਤਾਂ ਨੂੰ ਨਿਆਂ ਅਤੇ ਮੁਆਵਜ਼ਾ ਦਿਵਾਉਣ ਲਈ ਲੜਾਈ ਲੜ ਰਹੇ ਹਨ। ਸਰਦਾਰ ਮੋਕਾਮ ਸਿੰਘ ਕਹਿੰਦੇ ਹਨ, "ਇਸ ਕੇਸ ਵਿੱਚ ਹੁਣ ਐੱਸਆਈਟੀ ਨੂੰ ਬਹੁਤਾ ਕੁਝ ਮਿਲਣ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ ਮ੍ਰਿਤਕਾਂ ਦੇ ਜ਼ਿਆਦਾਤਰ ਪਰਿਵਾਰ ਤਾਂ ਕਾਨਪੁਰ ਛੱਡ ਕੇ ਚਲੇ ਗਏ ਹਨ।ਸ਼ੁਰੂ ਵਿੱਚ ਤਾਂ ਐੱਸਆਈਟੀ ਵਾਲਿਆਂ ਨੇ ਕੋਈ ਵਿਸ਼ੇਸ਼ ਜਾਂਚ ਨਹੀਂ ਕੀਤੀ ਪਰ ਪਿਛਲੇ ਕੁਝ ਦਿਨਾਂ ਤੋਂ ਉਹ ਕਾਫੀ ਸਰਗਰਮ ਹਨ। ਪਰ ਇਨ੍ਹਾਂ ਨੂੰ ਵੀ ਗਵਾਹ ਅਤੇ ਚਸ਼ਮਦੀਦ ਨਹੀਂ ਮਿਲ ਰਹੇ ਹਨ।ਕਈ ਪੀੜਤ ਸਿਖ ਗਵਾਹੀ ਦੇਣ ਤੋਂ ਝਿਜਕ ਰਹੇ ਹਨ। ਸਿਖਾਂ ਨੂੰ ਹੁਣ ਕਿਸੇ ਖਾਸ ਇਨਸਾਫ਼ ਦੀ ਉਮੀਦ ਨਹੀਂ ਹੈ ਅਤੇ ਇਨਸਾਫ਼ ਹੁਣ ਮਿਲਣਾ ਵੀ ਮੁਸ਼ਕਲ ਹੈ ਕਿਉਂਕਿ ਬਹੁਤ ਦੇਰ ਹੋ ਚੁੱਕੀ ਹੈ ।"ਸਿੱਖ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਅਤੇ ਲੁੱਟਾਂ-ਖੋਹਾਂ ਆਦਿ ਨਾਲ ਸੰਬੰਧਿਤ ਤਕਰੀਬਨ ਦੋ ਦਰਜਨ ਮਾਮਲੇ, ਸ਼ਹਿਰ ਦੇ ਵੱਖ-ਵੱਖ ਥਾਣਿਆਂ ਜਿਵੇਂ ਗੋਵਿੰਦ ਨਗਰ, ਬੱਰਾ, ਫਜ਼ਲਗੰਜ, ਨੌਬਸਤਾ, ਆਦਿ ਵਿੱਚ ਦਰਜ ਹਨ।ਐੱਸਐੱਸਪੀ ਬਾਲੇਂਦੂ ਭੂਸ਼ਣ ਦੇ ਅਨੁਸਾਰ, ਹੁਣ ਤੱਕ ਪੰਜਾਬ, ਦਿੱਲੀ ਅਤੇ ਮੱਧ ਪ੍ਰਦੇਸ਼ ਤੋਂ ਇਲਾਵਾ ਕਾਨਪੁਰ ਅਤੇ ਯੂਪੀ ਦੇ ਹੋਰ ਹਿੱਸਿਆਂ ਵਿੱਚ ਸੌ ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।ਸੱਠ ਤੋਂ ਵੱਧ ਮੁਲਜ਼ਮ ਸ਼ੱਕ ਦੇ ਘੇਰੇ ਵਿੱਚ ਸਨ, ਜਿਨ੍ਹਾਂ ਵਿੱਚੋਂ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਮਾਮਲਿਆਂ ਵਿੱਚ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।ਸਰਕਾਰੀ ਅੰਕੜਿਆਂ ਦੇ ਮੁਤਾਬਕ, ਕਾਨਪੁਰ ਵਿੱਚ ਹੋਏ ਇਸ ਕਤਲੇਆਮ ਵਿੱਚ 127 ਸਿਖਾਂ ਦੀ ਮੌਤ ਹੋਈ ਸੀ, ਜਦੋਂ ਕਿ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਸੀ।ਨਵੇਂ ਸਿਰੇ ਤੋਂ ਇਸ ਦੀ ਜਾਂਚ ਲਈ ਫਰਵਰੀ 2019 ਵਿੱਚ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ ਅਤੇ ਉਸ ਨੂੰ ਛੇ ਮਹੀਨਿਆਂ ਵਿੱਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਸੀ, ਪਰ ਲਗਭਗ ਢਾਈ ਸਾਲ ਬੀਤਣ ਤੋਂ ਬਾਅਦ ਵੀ ਐੱਸਆਈਟੀ ਦੇ ਹੱਥ ਕੁਝ ਖਾਸ ਨਹੀਂ ਲੱਗ ਸਕਿਆ ਹੈ।

ਘਰ ਨੂੰ ਯਾਦਗਾਰ ਬਣਾਇਆ ਜਾਵੇ- ਫੂਲਕਾ

ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਮੰਗ ਕੀਤੀ ਹੈ ਕਿ ਇਸ ਘਰ ਨੂੰ ਸਾਂਭਣ ਦਾ ਸਿਹਰਾ ਉਨ੍ਹਾਂ ਘਰ ਵਾਲਿਆਂ ਨੂੰ ਦਿੱਤਾ ਜਾਂਦਾ ਹੈਂ ਜਿੰਨਾ ਨੇ 36 ਸਾਲ ਇਸ ਘਰ ਨੂੰ ਸੰਭਾਲ ਕੇ ਰੱਖਿਆ।ਇਸ ਕਰਕੇ ਕੌਮ ਦਾ ਵੀ ਫ਼ਰਜ਼ ਬਣਦਾ ਕਿ ਇਸ ਘਰ ਨੂੰ 36 ਸਾਲ ਤੱਕ ਸੰਭਾਲਣ ਲਈ ਇਸ ਪਰਿਵਾਰ ਦਾ ਕੌਮ ਵੱਲੋ ਸਨਮਾਨ ਕੀਤਾ ਜਾਵੇ। ਰਵਿੰਦਰ ਸਿੰਘ ਰੋਬਿਨ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਸ ਘਰ ਨੂੰ ਸ਼੍ਰੋਮਣੀ  ਕਮੇਟੀ ਖਰੀਦੇ ਤੇ ਉੱਥੇ ਇੱਕ ਯਾਦਗਾਰ ਬਣਾਈ ਜਾਵੇ।ਇਸ ਵਿੱਚ ਕਾਨਪੁਰ ਵਿੱਚ ਜਿਹੜੇ 127 ਸਿੱਖ ਕਤਲ ਕੀਤੇ ਗਏ ਸੀ ਉਨ੍ਹਾਂ ਦੀਆਂ ਫੋਟੋਆਂ ਵੀ ਲਗਾਈਆਂ ਜਾਣ। ਇਹ ਸ਼ਾਇਦ ਪੂਰੇ ਭਾਰਤ ਵਿੱਚ ਇੱਕੋ ਹੀ ਜਗ੍ਹਾ ਹੈ ਜਿੱਥੇ ਹਾਲੇ ਵੀ ਸਭ ਪਹਿਲੇ ਦਿਨ ਦੀ ਤਰ੍ਹਾਂ ਜਲੇ ਹੋਏ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।ਇਸ ਲਈ ਇਸ ਨੂੰ 1984 ਦੇ ਕਤਲੇਆਮ ਦੀ ਯਾਦਗਾਰ ਦੇ ਵਜੋਂ ਬਣਾਇਆ ਜਾਵੇ। ਸ਼੍ਰੋਮਣੀ  ਕਮੇਟੀ ਤੁਰੰਤ ਆਪਣੀ ਟੀਮ ਕਾਨਪੁਰ ਭੇਜੇ ਤਾਂ ਜੋ ਟੀਮ ਸਰਕਾਰ ਨਾਲ ਮਿਲ ਕੇ ਇਸ ਨੂੰ ਖਰੀਦੇ ਤੇ ਇੱਥੇ ਯਾਦਗਾਰ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਹੋ ਸਕੇ।ਅੰਮ੍ਰਿਤਸਰ ਟਾਈਮਜ ਅਨੁਸਾਰ ਦਰਅਸਲ, 2018 ਦੇ ਵਿੱਚ ਸੁਪਰੀਮ ਕੋਰਟ ਨੇ ਦਿੱਲੀ ਦੇ ਕੇਸਾਂ ਦੀ ਇਨਕੁਆਇਰੀ ਕਰਨ ਲਈ ਖੁਦ ਐਸਆਈਟੀ ਬਣਾਈ ਸੀ ਜਿਸ ਦੇ ਮੁਖੀ ਜਸਟਿਸ ਐੱਸ ਐੱਨ ਢੀਂਗਰਾ ਨੂੰ ਬਣਾਇਆ ਗਿਆ ਸੀ।ਕਾਨਪੁਰ ਦੇ ਬਾਰੇ ਸੁਪਰੀਮ ਕੋਰਟ ਨੇ ਕਾਨਪੁਰ ਸਰਕਾਰ ਨੂੰ ਐਸਆਈਟੀ ਬਣਾਉਣ ਦੇ ਬਾਰੇ ਨੋਟਿਸ ਜਾਰੀ ਕੀਤਾ ਸੀ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ 5 ਫਰਵਰੀ 2019 ਵਿੱਚ ਇਸ ਐਸਆਈਟੀ ਦਾ ਗਠਨ ਕੀਤਾ ਸੀ। ਇਸ ਸਿਟ ਨੇ ਇਹਨਾਂ ਕੇਸਾਂ ਨੂੰ ਖੋਲ ਕੇ ਦੁਬਾਰਾ ਜਾਂਚ ਸ਼ੁਰੂ ਕੀਤੀ ਹੈ।ਪਰ ਹਾਲੇ ਇਨਸਾਫ ਦੀ ਗਲ ਦੂਰ ਦੀ ਹੈ।