ਭਾਰਤ ਦੀਆਂ ਮਹਿਲਾ ਤੇ ਮਰਦ ਏਅਰ ਪਿਸਟਲ ਟੀਮਾਂ ਨੇ ਵਿਸ਼ਵ ਕੱਪ ਨਿਸ਼ਾਨੇਬਾਜ਼ੀ 'ਚ ਕੀਤੀ ਪ੍ਰਾਪਤੀ 

ਭਾਰਤ ਦੀਆਂ ਮਹਿਲਾ ਤੇ ਮਰਦ ਏਅਰ ਪਿਸਟਲ ਟੀਮਾਂ ਨੇ ਵਿਸ਼ਵ ਕੱਪ ਨਿਸ਼ਾਨੇਬਾਜ਼ੀ 'ਚ ਕੀਤੀ ਪ੍ਰਾਪਤੀ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ  : ਭਾਰਤ ਨੇ ਇੱਥੇ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਵਿਚ 10 ਮੀਟਰ ਏਅਰ ਪਿਸਟਲ ਵਿਚ ਆਪਣਾ ਦਬਦਬਾ ਬਣਾ ਕੇ ਬੀਤੇ ਐਤਵਾਰ ਨੂੰ ਮਰਦ ਤੇ ਮਹਿਲਾ ਦੋਵਾਂ ਵਰਗਾਂ ਵਿਚ ਗੋਲਡ ਮੈਡਲ ਜਿੱਤੇ। ਭਾਰਤ ਦੀ ਯਸ਼ਸਵਿਨੀ ਸਿੰਘ ਦੇਸਵਾਲ, ਮਨੂ ਭਾਕਰ ਤੇ ਸ਼੍ਰੀ ਨਿਵੇਥਾ ਦੀ ਟੀਮ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਦੇ ਟੀਮ ਮੁਕਾਬਲੇ ਦਾ ਗੋਲਡ ਮੈਡਲ ਹਾਸਲ ਕੀਤਾ। ਇਸ ਤੋਂ ਬਾਅਦ ਯੁਵਾ ਓਲੰਪਿਕ ਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਸੌਰਭ ਚੌਧਰੀ, ਅਭਿਸ਼ੇਕ ਵਰਮਾ ਤੇ ਸ਼ਾਹਜਾਰ ਰਿਜ਼ਵੀ ਦੀ ਟੀਮ ਨੇ ਮਰਦ ਵਰਗ ਦੇ ਫਾਈਨਲ ਵਿਚ ਵੀਅਤਨਾਮ ਨੂੰ 17-11 ਨਾਲ ਹਰਾ ਕੇ ਆਸਾਨੀ ਨਾਲ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਮਹਿਲਾ ਵਰਗ ਵਿਚ ਭਾਰਤੀ ਟੀਮ ਨੇ ਗੋਲਡ ਮੈਡਲ ਦੇ ਮੁਕਾਬਲੇ ਵਿਚ 16 ਸ਼ਾਟ ਲਾਏ ਤੇ ਉਹ ਪੋਲੈਂਡ ਦੀ ਜੂਲਿਤਾ ਬੋਰੇਕ, ਯੋਆਨਾ ਇਵੋਨਾ ਵਾਵਰਜੋਨੋਵਸਕਾ ਤੇ ਏਗਨੀਸਕਾ ਕੋਰੇਜਵੋ ਨੂੰ ਪਿੱਛੇ ਛੱਡਣ ਵਿਚ ਕਾਮਯਾਬ ਰਹੀ। ਕਰਨੀ ਸਿੰਘ ਰੇਂਜ ਵਿਚ ਚੱਲ ਰਹੀ ਚੈਂਪੀਅਨਸ਼ਿਪ ਵਿਚ ਪੋਲੈਂਡ ਦੀ ਟੀਮ ਅੱਠ ਅੰਕ ਹੀ ਬਣਾ ਸਕੀ। ਭਾਰਤੀ ਟੀਮ ਨੇ ਦੂਜੇ ਕੁਆਲੀਫਿਕੇਸ਼ਨ ਵਿਚ 576 ਅੰਕ ਬਣਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਜਦਕਿ ਪੋਲੈਂਡ ਦੀ ਟੀਮ 567 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਪਹਿਲੇ ਕੁਆਲੀਫਿਕੇਸ਼ਨ ਵਿਚ ਭਾਰਤੀਆਂ ਨੇ ਛੇ ਸੀਰੀਜ਼ਾਂ ਵਿਚ 290, 287, 288, 287, 293 ਤੇ 287 ਦੇ ਨਾਲ ਕੁੱਲ 1731 ਅੰਕ ਬਣਾਏ। ਪੋਲੈਂਡ ਨੇ 286, 283, 286, 286, 286 ਤੇ 287 ਦੀ ਸੀਰੀਜ਼ ਨਾਲ 1701 ਅੰਕ ਬਣਾਏ ਸਨ। ਮਰਦਾਂ ਦੇ ਫਾਈਨਲ ਵਿਚ ਵੀਅਤਨਾਮ ਦੀ ਨੁਮਾਇੰਦਗੀ ਦਿਨ ਤਾਨ ਨਗੁਏਨ, ਕਵੋਕ ਕੁਯੋਗ ਤ੍ਰਾਨ ਤੇ ਝੁਆਨ ਚੁਏਫਾਨ ਕਰ ਰਹੇ ਸਨ। ਭਾਰਤੀ ਮਰਦ ਟੀਮ ਨੇ ਦੂਜੇ ਕੁਆਲੀਫਿਕੇਸ਼ਨ ਵਿਚ ਕੁੱਲ 579 ਤੇ ਵੀਅਤਨਾਮੀ ਟੀਮ ਨੇ 565 ਅੰਕ ਬਣਾਏ ਸਨ। ਪਹਿਲੇ ਕੁਆਲੀਫਿਕੇਸ਼ਨ ਵਿਚ ਭਾਰਤੀ ਟੀਮ ਨੇ 1750 ਤੇ ਵੀਅਤਨਾਮ ਨੇ 1708 ਅੰਕ ਹਾਸਲ ਕੀਤੇ ਸਨ।

ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਗਨੀਮਤ ਸੇਖੋਂ ਨੇ ਵਿਸ਼ਵ ਕੱਪ ਵਿਚ ਮੁਕਾਬਲੇ ਦੇ ਤੀਜੇ ਦਿਨ ਮਹਿਲਾਵਾਂ ਦੀ ਸਟੀਕ ਵਿਚ ਕਾਂਸੇ ਦਾ ਮੈਡਲ ਜਿੱਤਿਆ। ਵਿਸ਼ਵ ਰੈਂਕਿੰਗ ਵਿਚ 82ਵੇਂ ਸਥਾਨ 'ਤੇ ਕਾਬਜ 20 ਸਾਲ ਦੀ ਇਸ ਨਿਸ਼ਾਨੇਬਾਜ਼ ਨੇ 40 ਸਟੀਕ ਨਿਸ਼ਾਨੇ ਲਾਏ।ਫਾਈਨਲ 'ਚ ਥਾਂ ਪੱਕੀ ਕਰਨ ਵਾਲੀ ਇਕ ਹੋਰ ਭਾਰਤੀ ਨਿਸ਼ਾਨੇਬਾਜ਼ ਕਾਰਤਿਕਾ ਸਿੰਘ ਸ਼ੇਖਾਵਤ 32 ਨਿਸ਼ਾਨਿਆਂ ਦੇ ਨਾਲ ਚੌਥੇ ਸਥਾਨ 'ਤੇ ਰਹੀ। ਚੈਂਪੀਅਨਸ਼ਿਪ ਦੌਰਾਨ ਜ਼ਿਆਦਾਤਰ ਸਮੇਂ ਤਕ ਦੂਜੇ ਸਥਾਨ 'ਤੇ ਰਹੀ ਗਨੀਮਤ ਲਗਾਤਾਰ ਤਿੰਨ ਵਾਰ ਸਹੀ ਨਿਸ਼ਾਨਾ ਲਾਉਣ ਤੋਂ ਖੁੰਝ ਗਈ ਜਿਸ ਨਾਲ ਬਰਤਾਨੀਆ ਦੀ ਅੰਬਰ ਹਿਲ ਤੇ ਕਜ਼ਾਕਿਸਤਾਨ ਦੀ ਜੋਯਾ ਕਰਾਵਚੇਂਕੋ ਵਿਚਾਲੇ ਗੋਲਡ ਮੈਡਲ ਲਈ ਬਹੁਤ ਫ਼ਸਵਾਂ ਮੁਕਾਬਲਾ ਹੋਇਆ। ਗੋਲਡ ਮੈਡਲ ਲਈ ਹੋਏ ਸ਼ੂਟ-ਆਫ ਵਿਚ ਹਿਲ ਨੇ ਕਰਾਵਚੇਂਕੋ ਨੂੰ ਪਛਾੜ ਦਿੱਤਾ। ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਵਿਚ ਗਨੀਮਤ 117 ਅੰਕਾਂ ਨਾਲ ਤੀਜੇ ਜਦਕਿ ਕਾਰਤਿਕਾ 116 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਸੀ। ਭਾਰਤ ਦੀ ਇਕ ਹੋਰ ਖਿਡਾਰਨ ਪਰੀਨਾਜ ਧਾਲੀਵਾਲ 108 ਅੰਕਾਂ ਨਾਲ ਨੌਵੇਂ ਸਥਾਨ 'ਤੇ ਰਹੀ।ਗਨੀਮਤ ਇਸ ਤੋਂ ਪਹਿਲਾਂ 2018 ਵਿਚ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਸਟੀਕ ਨਿਸ਼ਾਨੇਬਾਜ਼ ਬਣੀ ਸੀ। ਉਨ੍ਹਾਂ ਨੇ ਸਿਡਨੀ ਵਿਚ ਹੋਏ ਜੂਨੀਅਰ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ। ਉਹ 2018 ਏਸ਼ਿਆਈ ਖੇਡਾਂ ਵਿਚ ਇਸ ਮੁਕਾਬਲੇ ਵਿਚ 10ਵੇਂ ਸਥਾਨ 'ਤੇ ਰਹੀ ਸੀ