ਆਪਣੇ ਪ੍ਰਦਰਸ਼ਨ 'ਚ ਸੁਧਾਰ ਦੇ ਇਛੂਕ ਹਨ ਸ਼੍ਰੀਸ਼ੰਕਰ

ਆਪਣੇ ਪ੍ਰਦਰਸ਼ਨ 'ਚ ਸੁਧਾਰ ਦੇ ਇਛੂਕ ਹਨ ਸ਼੍ਰੀਸ਼ੰਕਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ  : ਪਿਛਲੇ ਦਿਨੀਂ ਫੈਡਰੇਸ਼ਨ ਕੱਪ ਰਾਸ਼ਟਰੀ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਆਪਣੇ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕਰਨ ਦੇ ਨਾਲ ਟੋਕੀਓ ਓਲੰਪਿਕ 2020 ਦਾ ਟਿਕਟ ਹਾਸਲ ਕਰਨ ਵਾਲੇ ਲੰਬੀ ਛਾਲ ਦੇ ਐਥਲੀਟ ਸ਼੍ਰੀਸ਼ੰਕਰ ਦਾ ਟੀਚਾ ਮੌਜੂਦਾ ਸੈਸ਼ਨ ਵਿਚ ਆਪਣੇ ਪ੍ਰਦਰਸ਼ਨ ਵਿਚ ਹੋਰ ਸੁਧਾਰ ਕਰ ਕੇ 8.40 ਮੀਟਰ ਦੀ ਛਾਲ ਲਾਉਣਾ ਹੈ। ਉਨ੍ਹਾਂ ਨੇ ਫੈਡਰੇਸ਼ਨ ਕੱਪ ਵਿਚ 8.26 ਮੀਟਰ ਲੰਬੀ ਛਾਲ ਲਾਈ ਸੀ। ਸ਼੍ਰੀਸ਼ੰਕਰ ਨੇ ਕਿਹਾ ਕਿ ਮੈਨੂੰ ਤਕਨੀਕੀ ਤੌਰ 'ਤੇ ਸੁਧਾਰ ਕਰਨ ਦੀ ਲੋੜ ਹੈ। ਜੇ ਮੈਂ ਇਸ ਨੂੰ ਸਹੀ ਤਰ੍ਹਾਂ ਕਰ ਸਕਿਆ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਸੈਸ਼ਨ ਦੇ ਅੰਤ ਤਕ ਲਗਭਗ 8.40 ਮੀਟਰ ਦੀ ਛਾਲ ਲਾ ਸਕਦਾ ਹਾਂ। ਉਮੀਦ ਹੈ ਕਿ ਮੈਂ ਓਲੰਪਿਕ ਖੇਡਾਂ ਵਿਚ ਅਜਿਹਾ ਕਰ ਕੇ ਦੇਸ਼ ਲਈ ਮੈਡਲ ਜਿੱਤ ਸਕਦਾ ਹਾਂ। ਉਨ੍ਹਾਂ ਨੇ ਕਿਹਾ ਕਿ ਛੋਟੀ ਉਮਰ ਤੋਂ ਹੀ ਮੈਨੂੰ ਖੇਡਾਂ ਖ਼ਾਸ ਕਰ ਕੇ ਟ੍ਰੈਕ ਅਤੇ ਫੀਲਡ ਵਿਚ ਕਾਫੀ ਦਿਲਚਸਪੀ ਸੀ। ਮੇਰੇ ਮਾਤਾ-ਪਿਤਾ ਦੋਵੇਂ ਅੰਤਰਰਾਸ਼ਟਰੀ ਐਥਲੀਟ ਰਹੇ ਹਨ। ਮੇਰੇ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਇਸੇ ਖੇਡ ਜਾਂ ਦੂਜੀਆਂ ਖੇਡਾਂ ਨਾਲ ਜੁੜੇ ਹੋਏ ਸਨ। ਇਸ ਕਾਰਨ ਮੈਰਾ ਇਸ ਖੇਤਰ ਵਿਚ ਜਾਣਾ ਸੁਭਾਵਿਕ ਸੀ। ਸ਼੍ਰੀਸ਼ੰਕਰ ਨੇ ਕਿਹਾ ਕਿ ਮੈਂ ਆਪਣੇ ਪਿਤਾ ਕੋਲ ਮੈਦਾਨ 'ਚ ਜਾਂਦਾ ਸੀ ਤੇ ਦੌੜ ਲਾਉਂਦਾ ਸੀ। ਬਚਪਨ ਵਿਚ ਮੈਂ ਦੌੜਾਕ ਦੇ ਰੂਪ ਵਿਚ ਸ਼ੁਰੂਆਤ ਕੀਤੀ ਸੀ। ਇਸ ਵਿਚ ਮੈਨੂੰ ਜ਼ਿਲ੍ਹਾ ਤੇ ਸੂਬਾਈ ਪੱਧਰ 'ਤੇ ਗੋਲਡ ਮੈਡਲ ਜਿੱਤਣ ਵਿਚ ਕਾਮਯਾਬੀ ਵੀ ਮਿਲੀ ਤੇ ਇਸ ਤੋਂ ਬਾਅਦ ਮੈਂ ਹੌਲੀ ਹੌਲੀ ਲੰਬੀ ਛਾਲ 'ਚ ਅਭਿਆਸ ਕਰਨ ਲੱਗਾ।