ਅਮਰੀਕਾ ਵਿਚ ਦੋ ਹਫਤਿਆਂ ਦੌਰਾਨ ਗੋਲੀਬਾਰੀ ਦੀਆਂ 20 ਘਟਨਾਵਾਂ ਵਾਪਰੀਆਂ

ਅਮਰੀਕਾ ਵਿਚ ਦੋ ਹਫਤਿਆਂ ਦੌਰਾਨ ਗੋਲੀਬਾਰੀ ਦੀਆਂ 20 ਘਟਨਾਵਾਂ ਵਾਪਰੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

 * ਏਸ਼ੀਅਨ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਐਟਲਾਟਾਂ ਖੇਤਰ ਵਿਚ 16 ਮਾਰਚ ਨੂੰ ਏਸ਼ੀਅਨ ਮਸਾਜ਼ ਕੇਂਦਰਾਂ ਉਪਰ ਹੋਏ ਹਮਲਿਆਂ ਤੋਂ ਬਾਅਦ ਦੋ ਹਫਤਿਆਂ ਦੇ ਅੰਦਰ ਗੋਲੀਬਾਰੀ ਦੀਆਂ ਘੱਟੋ ਘੱਟ 20 ਘਟਨਾਵਾਂ ਵਾਪਰੀਆਂ ਹਨ। ਇਹ ਘਟਨਾਵਾਂ ਕੈਲੀਫੋਰਨੀਆ ਤੋਂ ਲੈ ਕੇ ਵਾਸ਼ਿੰਗਟਨ ਡੀ ਸੀ ਤੱਕ ਵਾਪਰੀਆਂ ਹਨ। ਵਿਸ਼ਲੇਸ਼ਣਕਾਰਾਂ ਅਨੁਸਾਰ ਜਦੋਂ ਵੀ ਅਮਰੀਕਾ ਵਿਚ ਹਾਲਾਤ ਆਮ ਵਾਂਗ ਹੋਣ ਲੱਗਦੇ ਹਨ ਤਾਂ ਸਮਝੋ ਗੋਲੀਬਾਰੀ ਦੀ ਕੋਈ ਘਟਨਾ ਵਾਪਰਨ ਵਾਲੀ ਹੈ। ਐਟਲਾਂਟਾ ਵਿਚ ਸਮੂਹਿਕ ਹੱਤਿਆਵਾਂ ਤੋਂ ਬਾਅਦ ਇਕ ਹਫਤੇ ਦੇ ਅੰਦਰ ਬੋਲਡਰ ਤੇ ਕੋਲੋਰਾਡੋ ਦੇ  ਗਰੌਸਰੀ ਸਟੋਰਾਂ ਵਿਚ ਗੋਲੀਬਾਰੀ ਦੀਆਂ 7 ਘਟਨਾਵਾਂ ਵਾਪਰੀਆਂ ਹਨ।

ਇਸ ਤੋਂ ਅਗਲੇ ਹਫਤੇ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਦੀ ਗਿਣਤੀ ਵਧ ਕੇ ਦੁੱਗਣੀ ਹੋ ਗਈ। ਔਰੇਂਜ, ਕੈਲੀਫੋਰਨੀਆ ਵਿਚ 31 ਮਾਰਚ ਨੂੰ ਹੋਈ ਗੋਲੀਬਾਰੀ ਵਿਚ ਇਕ ਬੱਚੇ ਸਮੇਤ 4 ਵਿਅਕਤੀ ਮਾਰੇ ਗਏ। ਇਸੇ ਹੀ ਦਿਨ ਵਾਸ਼ਿੰਗਟਨ ਡੀ ਸੀ ਵਿਚ ਇਕ ਝਗੜੇ ਉਪਰੰਤ ਚੱਲੀਆਂ ਗੋਲੀਆਂ ਨਾਲ 2 ਵਿਅਕਤੀ ਮਾਰੇ ਗਏ ਤੇ 3 ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ 28 ਮਾਰਚ ਨੂੰ ਕਲੀਵਲੈਂਡ ਨਾਇਟ ਕਲੱਬ ਵਿਚ 7 ਲੋਕਾਂ ਨੂੰ ਗੋਲੀਆਂ ਮਾਰਨ ਦੀ ਘਟਨਾ ਵਾਪਰੀ ਸੀ। 28 ਮਾਰਚ ਨੂੰ ਹੀ ਸ਼ਿਕਾਗੋ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਜ਼ਖਮੀ ਹੋਏ 4 ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਹਸਤਪਤਾਲ ਲਿਜਾਇਆ ਗਿਆ ਸੀ।

27 ਮਾਰਚ ਨੂੰ ਸ਼ਿਕਾਗੋ ਦੇ ਦੱਖਣੀ ਆਸਟਿਨ ਵਿਚ 4 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਬਾਇਡੇਨ ਪ੍ਰਸ਼ਾਸਨ ਵੱਲੋਂ ਗੋਲੀਬਾਰੀ ਦੀਆਂ ਘਟਨਾਵਾਂ ਰੋਕਣ ਲਈ ਵਿਸ਼ਵਾਸ਼ ਦਿਵਾਉਣ ਦੇ ਬਾਵਜੂਦ ਅਜੇ ਤੱਕ ਅਮਲ ਵਿਚ ਕੋਈ ਵੀ ਕਾਰਗਰ ਕਦਮ ਨਹੀਂ ਚੁੱਕਿਆ ਗਿਆ। ਪਤਾ ਨਹੀਂ ਕਦੋਂ ਕਿਥੇ ਗੋਲੀ ਚੱਲ ਜਾਵੇ, ਇਹ ਡਰ ਹਰ ਵੇਲੇ ਬਣਿਆ ਰਹਿੰਦਾ ਹੈ। ਬਾਇਡੇਨ ਪ੍ਰਸ਼ਾਸਨ ਹੱਥਿਆਰਾਂ ਦੀ ਖਰੀਦ ਸਬੰਧੀ ਨਿਯਮਾਂ ਵਿਚ ਸਖਤੀ ਵਰਤਣਾ ਚਹੁੰਦਾ ਹੈ ਤੇ ਹੱਥਿਆਰ ਵੇਚਣ ਤੋਂ ਪਹਿਲਾਂ ਸਬੰਧਤ ਵਿਅਕਤੀ ਦੇ ਪਿਛੋਕੜ ਬਾਰੇ ਚੰਗੀ ਤਰਾਂ ਛਾਣਬੀਣ ਕਰਨ ਦੀ ਗੱਲ ਕਹਿ ਰਿਹਾ ਹੈ। ਗੋਲੀਬਾਰੀ ਦੀਆਂ ਘਟਨਾਵਾਂ ਤੋਂ ਖਾਸ ਕਰਕੇ ਏਸ਼ੀਅਨ ਲੋਕ ਭੈਭੀਤ ਹਨ ਕਿਉਂਕਿ ਬੀਤੇ ਵਿਚ ਉਨਾਂ ਨੂੰ ਵਿਸ਼ੇਸ਼ ਰੂਪ ਵਿਚ ਨਿਸ਼ਾਨਾ ਬਣਾਇਆ ਗਿਆ ਹੈ।