ਫਾਈਜ਼ਰ ਦਾ ਟੀਕਾ ਘੱਟੋ ਘੱਟ 6 ਮਹੀਨੇ ਲਈ ਕੋਵਿਡ ਵਾਇਰਸ ਤੋਂ ਕਰਦਾ ਹੈ ਬਚਾਅ।

ਫਾਈਜ਼ਰ ਦਾ ਟੀਕਾ ਘੱਟੋ ਘੱਟ 6 ਮਹੀਨੇ ਲਈ ਕੋਵਿਡ ਵਾਇਰਸ ਤੋਂ ਕਰਦਾ ਹੈ ਬਚਾਅ।

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮਂਟੋ:  ਹਸਨ ਲੜੋਆ ਬੰਗਾ - ਫਾਈਜ਼ਰ -ਬਾਇਓਟੈਕ ਕੰਪਨੀ ਨੇ ਆਪਣੀ ਇਕ ਤਾਜ਼ਾ ਖੋਜ਼ ਵਿਚ ਕਿਹਾ ਹੈ ਕਿ ਉਸ ਦਾ ਟੀਕਾ ਕੋਵਿਡ-19 ਵਿਰੁੱਧ 90% ਪ੍ਰਭਾਵਸ਼ਾਲੀ ਹੈ ਤੇ ਇਹ ਘੱਟੋ ਘੱਟ 6 ਮਹੀਨੇ ਕੋਰੋਨਾ ਤੋਂ ਬਚਾਅ ਕਰਨ ਦੇ ਸਮਰੱਥ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਦਾ ਇਹ ਸਿੱਟਾ 46000 ਵਿਅਕਤੀਆਂ ਉਪਰ ਕੀਤੀ ਗਈ ਕਲੀਨੀਕਲ ਪਰਖ ਉਪਰੰਤ ਸਾਹਮਣੇ ਆਇਆ ਹੈ। ਕੰਪਨੀ ਵੱਲੋਂ ਜਾਰੀ ਪ੍ਰੈਸ ਰਲੀਜ਼ ਵਿਚ ਕਿਹਾ ਗਿਆ ਹੈ ਕਿ ਨਵੀਆਂ ਲੱਭਤਾਂ ਅਨੁਸਾਰ 12000 ਵਾਲੰਟੀਅਰਾਂ ਜਿਨਾਂ ਦੇ ਦੂਸਰਾ ਟੀਕਾ ਲਾਏ ਨੂੰ 6 ਮਹੀਨੇ ਹੋ ਗਏ ਹਨ, ਦੀ ਸੁਰੱਖਿਆ  ਨੂੰ ਲੈ ਕੇ ਕਿਸੇ ਕਿਸਮ ਦੀ ਗੰਭੀਰ ਸਮੱਸਿਆ ਸਾਹਮਣੇ ਨਹੀਂ ਆਈ ਹਾਲਾਂ ਕਿ ਕਈਆਂ ਵਿਚ  ਥੋਹੜੇ ਸਮੇਂ ਲਈ ਥਕਾਨ ਜਾਂ ਦਰਦ ਵਰਗੀਆਂ ਅਲਾਮਤਾਂ ਜਰੂਰ ਵੇਖਣ ਨੂੰ ਮਿਲੀਆਂ ਹਨ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਸ ਦਾ ਟੀਕਾ ਦੱਖਣੀ ਅਫਰੀਕੀ ਵਾਇਰਸ ਜਿਸ ਨੂੰ ਬੀ.1.351 ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਰੁੱਧ ਵੀ ਕਾਰਗਰ ਹੈ।