ਕਾਂਗਰਸੀਆਂ ਨੇ ਕੈਪਟਨ'' ਦੀ ਤੁਲਨਾ ਕੀਤੀ ਗੁਰੂ ਨਾਨਕ ਸਾਹਿਬ ਜੀ ਨਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅਕਾਲੀ ਦਲ ਨੇ ਕੀਤੀ ਨਿੰਦਾ ,ਕਿਹਾ ਇਹ ਮਸਲਾ ਪੰਥਕ ਪੱਧਰ ਉਪਰ ਉਠਾਵਾਂ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ 3 ਸੀਨੀਅਰ ਆਗੂਆਂ ਨੇ ਕਾਂਗਰਸੀ ਆਗੂਆਂ ਵੱਲੋਂ ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਗੁਰੂ ਨਾਨਕ ਸਾਹਿਬ ਨਾਲ ਕਰਨ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਜੇ ਤੁਸੀਂ ਖਾਲਸਾ ਪੰਥ ਦੀਆਂ ਮਹਾਨ ਰਵਾਇਤਾਂ ਤੇ ਵਿਲੱਖਣ ਇਤਿਹਾਸ ਬਾਰੇ ਜਾਣੂੰ ਹੋ ਤਾਂ ਫਿਰ ਤੁਸੀਂ ਆਪਣੇ ਪਾਰਟੀ ਦੇ ਚਾਪਲੂਸਾਂ ਦੇ ਮੂੰਹੋਂ ਆਪਣੀ ਬਰਾਬਰੀ ਗੁਰੂ ਨਾਨਕ ਸਾਹਿਬ ਨਾਲ ਕਿਉਂ ਕਰਵਾ ਰਹੇ ਹੋ? ਤੁਸੀਂ ਇਸ ਅਤਿ-ਸੰਵੇਦਨਸ਼ੀਲ ਮੁੱਦੇ ’ਤੇ ਆਖ਼ਰ ਤੁਸੀਂ ਇਹ ਚੁੱਪੀ ਕਿਉਂ ਧਾਰੀ ਹੋਈ ਹੈ? ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ, ਜੱਥੇਦਾਰ ਤੋਤਾ ਸਿੰਘ ਅਤੇ ਜੱਥੇਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੀ ਤੁਲਨਾ ਕਰਨਾ ਜਾਂ ਕਰਵਾਉਣਾ ਜਾਂ ਆਪਣੀ ਤੁਲਨਾ ਗੁਰੂ ਸਾਹਿਬਾਨ ਨਾਲ ਹੁੰਦੀ ਸੁਣ ਕੇ ਚੁੱਪ ਰਹਿਣਾ ਤੇ ਇਤਰਾਜ਼ ਨਾ ਕਰਨਾ, ਇਹ ਸਭ ਕੁਝ ਸਿੱਖੀ ਮਰਿਆਦਾ ਅਨੁਸਾਰ ਇਕ ਬੱਜਰ ਪਾਪ ਹੈ।
ਜ਼ਿਕਰਯੋਗ ਹੈ ਕਿ ਜੋਗਿੰਦਰਪਾਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ‘‘ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਵਾਂਗ ਦਿਲ ਦਾ ਸੱਚਾ ਇਨਸਾਨ ਕਿਹਾ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਵੱਲੋਂ ਫੌਰੀ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਉਹ ਇਸ ਮਾਮਲੇ ਨੂੰ ਪੰਥਕ ਪੱਧਰ ’ਤੇ ਉਠਾਉਣਗੇ।
Comments (0)