ਕੇਐੱਲਐੱਫ ਤੇ ਬੀਕੇਆਈ ਵੱਲੋਂ ਭੇਜੇ ਗਏ ਹਥਿਆਰ ਕਸ਼ਮੀਰ 'ਚ ਵਰਤੇ ਜਾਣੇ ਸਨ

ਕੇਐੱਲਐੱਫ ਤੇ ਬੀਕੇਆਈ ਵੱਲੋਂ ਭੇਜੇ ਗਏ ਹਥਿਆਰ ਕਸ਼ਮੀਰ 'ਚ ਵਰਤੇ ਜਾਣੇ ਸਨ

ਅੰਮ੍ਰਿਤਸਰ ਟਾਈਮਜ਼ ਬਿਉਰੋ 

 ਅੰਮਿ੍ਤਸਰ : ਜੰਮੂ-ਕਸ਼ਮੀਰ 'ਚ ਵਾਰਦਾਤਾਂ ਕਰਨ  ਲਈ ਪਾਕਿਸਤਾਨ 'ਚ ਚੱਲ ਰਹੇ  ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੇ ਹੀ ਪੰਜਾਬ ਬਾਰਡਰ 'ਤੇ ਹਥਿਆਰਾਂ ਦੀ ਖੇਪ ਭੇਜੀ ਹੈ।ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਸੁਰੱਖਿਆ ਏਜੰਸੀਆਂ ਦੇ ਹੱਥ ਸੁਰਾਗ ਲੱਗੇ ਹਨ ਕਿ ਇਹ ਖੇਪ ਖੇਮਕਰਨ ਸੈਕਟਰ ਤੋਂ ਲੈ ਕੇ ਅਜਨਾਲਾ ਸੈਕਟਰ ਵਿਚਾਲੇ ਕਿਸੇ ਜਗ੍ਹਾ 'ਤੇ ਰੱਖੀ ਗਈ ਸੀ, ਜਿਸ ਨੂੰ ਲੈ ਕੇ ਜਗਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਸੜਕ ਜ਼ਰੀਏ ਜੰਮੂ-ਕਸ਼ਮੀਰ ਜਾਣਾ ਸੀ ਪਰ ਉਹ ਖੇਪ ਸਮਾਂ ਰਹਿੰਦੇ ਸੁਰੱਖਿਆ ਏਜੰਸੀਆਂ ਦੇ ਹੱਥ ਲੱਗ ਗਈ।ਹਥਿਆਰ ਪਹੁੰਚਾਉਣ ਦੇ ਟਿਕਾਣਿਆਂ ਬਾਰੇ ਤਰਨਤਾਰਨ ਤੇ ਅੰਮਿ੍ਤਸਰ ਦਿਹਾਤੀ ਦੇ ਪੁਲਿਸ ਅਧਿਕਾਰੀ ਬੀਐੱਸਐੱਫ ਦੇ ਅਧਿਕਾਰੀਆਂ ਨਾਲ ਮਿਲ ਕੇ ਭਾਰਤ-ਪਾਕਿ ਸਰਹੱਦ 'ਤੇ ਜਾਂਚ ਕਰ ਰਹੇ ਹਨ। ਪਤਾ ਲਗਾਇਆ ਜਾ ਰਿਹਾ ਹੈ ਕਿ ਜਿਸ ਜਗ੍ਹਾ 'ਤੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਨੇ ਹਥਿਆਰ ਉਤਾਰੇ, ਉਹ ਕਿਸ ਕਿਸਾਨ ਦੀ ਹੈ। ਫਿਲਹਾਲ ਪੁਲਿਸ ਨੂੰ ਉਨ੍ਹਾਂ ਦੋ ਮੁਲਜ਼ਮਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਜੋ ਬਾਰਡਰ ਤੋਂ ਹਥਿਆਰ ਲੈ ਕੇ ਕੱਥੂਨੰਗਲ ਜਗਜੀਤ ਸਿੰਘ ਕੋਲ ਪੁੱਜੇ ਸਨ।

ਦੂਜੇ ਪਾਸੇ, ਪੁਲਿਸ ਨੇ ਜਗਜੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਹੈ। ਪਰਮਜੀਤ ਪਾਵਰਕਾਮ 'ਚ ਡਿਊਟੀ ਕਰਦੇ ਹਨ। ਪੁਲਿਸ ਨੇ ਜਗਜੀਤ ਸਿੰਘ ਦੇ ਨਜ਼ਦੀਕੀਆਂ ਨੂੰ ਵੀ ਰਾਊਂਡ-ਅਪ ਕੀਤਾ ਹੈ। ਐੱਸਐੱਸਓਸੀ (ਸਟੇਟ ਸਪੈਸ਼ਲ ਆਪ੍ਰਰੇਸ਼ਨ ਸੈੱਲ) ਗਿ੍ਫ਼ਤਾਰ ਕੀਤੇ ਗਏ ਜਗਜੀਤ ਸਿੰਘ ਦੇ ਡੁਬਈ ਤੇ ਪਾਕਿਸਤਾਨੀ ਕੁਨੈਕਸ਼ਨ ਦੀ ਵੀ ਜਾਂਚ ਕਰ ਰਹੀ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਜਗਜੀਤ ਸਿੰਘ ਦੀ ਚਾਰ ਸਾਲ ਪਹਿਲਾਂ ਅਮਰੀਕਾ ਬੈਠੇ ਦਮਨਜੋਤ ਸਿੰਘ ਉਰਫ਼ ਦਰਮਨ ਕਾਹਲੋਂ ਨਾਲ ਮੀਟਿੰਗ ਹੋਈ ਸੀ।ਇਸ ਤੋਂ ਬਾਅਦ ਦੋਸ਼ੀ ਕਾਹਲੋਂ ਨੇ ਉਸ ਨੂੁੰ ਖ਼ਾਲਿਸਤਾਨੀ ਮੂਵਮੈਂਟ ਨਾਲ ਜੋੜ ਦਿੱਤਾ। ਜਗਜੀਤ ਸਿੰਘ ਨੇ ਪੁਲਿਸ ਹਿਰਾਸਤ 'ਚ ਮੰਨਿਆ ਕਿ ਕਾਹਲੋਂ ਨੇ ਉਸ ਨੂੰ ਟਾਸਕ ਦਿੱਤਾ ਹੈ ਤੇ ਉਹ ਆਪਣੀ ਤਰ੍ਹਾਂ ਦੇ ਬਿਨਾਂ ਅਪਰਾਧਿਕ ਰਿਕਾਰਡ ਵਾਲੇ 15 ਨੌਜਵਾਨਾਂ ਨੂੰ ਆਪਣੇ ਨਾਲ ਜੋੜੇ, ਤਾਂਕਿ ਪੰਜਾਬ 'ਚ ਖ਼ਾਲਿਸਤਾਨੀ ਸਰਗਰਮੀਆਂ ਨੂੰ ਅੰਜਾਮ ਦਿੱਤਾ ਜਾ ਸਕੇ। ਜਾਂਚ ਕਰ ਰਹੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਜੰਮੂ ਕਸ਼ਮੀਰ 'ਚ ਛਾਪੇਮਾਰੀ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਬਾਰਡਰ ਬੈਲਟ ਤੋਂ ਗਿ੍ਫ਼ਤਾਰੀਆਂ ਹੋਣਗੀਆਂ। ਜ਼ਿਕਰਯੋਗ ਹੈ ਕਿ ਐੱਸਐੱਸਓਸੀ ਨੇ  ਪਾਕਿਸਤਾਨ ਤੋਂ ਭਾਰਤ ਪਹੁੰਚੀਆਂ 48 ਪਿਸਤੌਲਾਂ, 99 ਮੈਗਜ਼ੀਨ ਅਤੇ ਦੋ ਸੌ ਕਾਰਤੂਸ ਸਮੇਤ ਜਗਜੀਤ ਸਿੰਘ ਨੂੰ ਕਾਬੂ ਕੀਤਾ ਸੀ।