ਪੱਛਮੀ ਬੰਗਾਲ ਚੋਣਾਂ ਦੌਰਾਨ ਕਿਸਾਨਾਂ ਦਾ ਪ੍ਰਚਾਰ  ਭਾਜਪਾ ਦੇ ਵਿਰੋਧ ਵਿਚ 

ਪੱਛਮੀ ਬੰਗਾਲ ਚੋਣਾਂ ਦੌਰਾਨ ਕਿਸਾਨਾਂ ਦਾ ਪ੍ਰਚਾਰ  ਭਾਜਪਾ ਦੇ ਵਿਰੋਧ ਵਿਚ 

*ਰਾਜੇਵਾਲ ਤੇ ਚਢੂਨੀ ਨੇ ਕਿਹਾ ਕਿ ਭਾਜਪਾ ਨੂੰ ਛੱਡ ਲੋਕ ਕਿਸੇ ਵੀ ਪਾਰਟੀ ਨੂੰ ਵੋਟ ਦੇਣ

*ਟਿਕੈਤ ਮਮਤਾ ਬੈਨਰਜੀ ਦੇ ਹਕ ਵਿਚ ਨੰਦੀਗਰਾਮ:

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਜਾਂ ਇੰਝ ਕਹਿ ਲਵੋ ਕਿ ਦੇਸ ਦੇ ਕਿਸੇ ਵੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਸਤਾਰ ਬੰਨ੍ਹ ਕੇ ਸਿੱਖ ਅਤੇ ਹਰੀ ਟੋਪੀ ਪਾ ਕੇ ਕਿਸਾਨ ਆਗੂ ਪ੍ਰਚਾਰ ਕਰ ਰਹੇ ਹਨ। ਇਹ ਵੀ ਪਹਿਲੀ ਵਾਰ ਹੀ ਲੱਗਦਾ ਹੈ ਕਿ ਇਸ ਦੌਰਾਨ ਇਹ ਆਗੂ ਮੰਚ ਤੋਂ ਲੋਕਾਂ ਨੂੰ ਠੋਸ ਫ਼ੈਸਲਾ ਲੈਣ ਬਾਰੇ ਸਲਾਹ ਦੇ ਰਹੇ ਹਨ। ਪੱਛਮੀ ਬੰਗਾਲ ਦੇ ਚੋਣ ਦੰਗਲ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਚੋਣ ਸਮਾਗਮਾਂ ਵਿੱਚ 'ਜੈ ਜਵਾਨ, ਜੈ ਕਿਸਾਨ' ਅਤੇ 'ਕਿਸਾਨ ਏਕਤਾ ਜ਼ਿੰਦਾਬਾਦ' ਦੇ ਨਾਅਰੇ ਗੂੰਜ ਰਹੇ ਸਨ। ਇਹ ਆਵਾਜ਼ਾਂ ਕਿਸਾਨਾਂ ਦੇ ਮੰਚਾਂ ਚੋਂ ਗੂੰਜ ਰਹੀਆਂ ਸਨ ਜੋ ਦਿੱਲੀ ਦੇ ਸਿੰਘੂ ਬਾਰਡਰ ਤੋਂ ਪੱਛਮੀ ਬੰਗਾਲ ਵਿੱਚ ਕਿਸਾਨ ਅੰਦੋਲਨ ਦਾ ਕੇਂਦਰ ਰਹੇ ਨੰਦੀਗ੍ਰਾਮ ਅਤੇ ਸਿੰਗੂਰ ਪਹੁੰਚੇ ਸਨ।

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸੰਗਠਨ ਹੁਣ ਹਰ ਉਸ ਸੂਬੇ ਦਾ ਦੌਰਾ ਕਰ ਰਹੇ ਹਨ ਜਿੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ।  ਕੋਲਕਾਤਾ ਦੇ ਧਰਤੱਲਾ ਦਾ ਮੈਦਾਨ ਹੋਵੇ, ਆਸਨਸੋਲ ਜਾਂ ਨੰਦੀਗ੍ਰਾਮ ਜਾਂ ਫ਼ਿਰ ਸਿੰਗੂਰ...ਜਿੱਥੇ-ਜਿੱਥੇ ਕਿਸਾਨਾਂ ਦੀਆਂ ਮਹਾਂ-ਪੰਚਾਇਤਾਂ ਹੋ ਰਹੀਆਂ ਹਨ, ਉੱਥੇ ਇਨ੍ਹਾਂ ਆਗੂਆਂ ਦਾ ਨਵਾਂ ਜਥਾ ਦੇਖ ਕੇ ਪੱਛਮੀ ਬੰਗਾਲ ਦੇ ਲੋਕ ਵੀ ਹੈਰਾਨ ਨਜ਼ਰ ਆਏ।ਇਨ੍ਹਾਂ ਲੋਕਾਂ ਨੇ ਅਜਿਹਾ ਨਜ਼ਾਰਾ ਪਹਿਲਾਂ ਕਦੇ ਨਹੀਂ ਦੇਖਿਆ ਸੀ ਜਦੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਬੰਗਾਲ ਦੀਆਂ ਚੋਣਾਂ ਵਿੱਚ ਇਸ ਤਰ੍ਹਾਂ ਦੀ ਦਿਲਚਸਪੀ ਦਿਖਾ ਰਹੇ ਹੋਣ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚਢੂਨੀ ਜਦੋਂ ਸਿੰਗੁਰ ਦੀ ਕਿਸਾਨ ਮਹਾਂ-ਪੰਚਾਇਤ ਦੇ ਮੰਚ ਤੋਂ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕੇਂਦਰ ਸਰਕਾਰ ਦਾ ਵਿਰੋਧ ਕਰਦਿਆਂ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕਿਸੇ ਵੀ ਪਾਰਟੀ ਨੂੰ ਵੋਟ ਦੇਣ।  ਇਹੀ ਗੱਲ  ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਦੁਹਰਾਈ। 

ਇੱਕ ਦਿਨ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਜਦੋਂ ਕੋਲਕਾਤਾ ਆਏ ਸਨ ਤਾਂ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਤ੍ਰਿਣਮੁਲ ਕਾਂਗਰਸ ਦੀ ਆਗੂ ਅਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੱਗੀ ਸੱਟ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕੀਤੀ ਸੀ ਅਤੇ ਕਿਹਾ ਸੀ ਕਿ ਸਾਰਿਆਂ ਨੂੰ ਮਮਤਾ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਹੀ ਸਾਫ਼ ਸੰਕੇਤ ਦਿਖਣ ਲੱਗੇ ਸਨ ਕਿ ਕਿਸਾਨ ਆਗੂ ਕਿਸ ਦੇ ਪੱਖ ਵਿੱਚ ਪ੍ਰਚਾਰ ਕਰ ਰਹੇ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਸੰਯੋਗ ਵੀ ਨਹੀਂ ਸੀ ਕਿ ਕੋਲਕਾਤਾ ਦੇ ਹਵਾਈ ਅੱਡੇ ਉੱਤੇ ਰਾਕੇਸ਼ ਟਿਕੈਤ ਦਾ ਸਵਾਗਤ ਕਰਨ ਤ੍ਰਿਣਮੁਲ ਕਾਂਗਰਸ ਦੀ ਸੰਸਦ ਮੈਂਬਰ ਡੋਲਾ ਸੇਨ ਖ਼ੁਦ ਮੌਜੂਦ ਸਨ। ਅਜਿਹੇ ਵਿੱਚ ਜਦੋਂ ਖੱਬੇਪੱਖੀ ਮੋਰਚਾ ਨੇ ਕਾਂਗਰਸ ਪਾਰਟੀ ਅਤੇ ਇੰਡੀਅਨ ਸੈਕੁਲਰ ਫਰੰਟ ਦੇ ਨਾਲ ਮਿਲ ਕੇ ਗੱਠਜੋੜ ਕੀਤਾ ਹੈ ਤਾਂ ਅਜਿਹੇ ਸਮੇਂ ਟਿਕੈਤ ਦੇ ਬਿਆਨ ਨਾਲ ਉਨ੍ਹਾਂ ਦੇ ਖੇਮੇ ਵਿੱਚ ਬੇਚੈਨੀ ਵੱਧ ਗਈ ਹੈ।

ਮੋਰਚੇ ਦੇ ਵੱਡੇ ਆਗੂ ਅਵੀਕ ਸਾਹਾ  ਨੇ ਸਫ਼ਾਈ ਦਿੰਦਿਆਂ ਕਿਹਾ ਕਿ 'ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਨੇ ਕੋਲਕਾਤਾ ਵਿੱਚ ਜਿਸ ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਿਤ ਕੀਤਾ ਸੀ ਉਸ 'ਚ ਲਾਲ ਝੰਡੇ ਵਾਲੇ ਦਲ ਵੀ ਸ਼ਾਮਿਲ ਸਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਿਸੇ ਰਾਜਨੀਤਿਕ ਦਲ ਦੇ ਪੱਖ ਵਿੱਚ ਪ੍ਰਚਾਰ ਨਹੀਂ ਕਰ ਰਹੇ ਹਨ।'ਪਰ ਸਿੰਗੁਰ ਦੀ ਮਹਾਂ-ਪੰਚਾਇਤ 'ਚ ਤ੍ਰਿਣਮੁਲ ਕਾਂਗਰਸ ਦੇ ਵੱਡੇ ਆਗੂ ਬੇਚਾਰਾਮ ਮੰਨਾਂ ਦੀ ਮੌਜੂਦਗੀ ਕੁਝ ਹੋਰ ਹੀ ਕਹਿ ਰਹੀ ਸੀ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੰਨਾਂ ਨੇ ਪੰਚਾਇਤ ਦੇ ਆਯੋਜਨ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਮੰਨਾਂ ਨੇ ਇਸ ਗੱਲ ਨੂੰ ਰੱਦ ਕੀਤਾ ਤੇ ਕਿਹਾ ਉਹ ਸਿਰਫ਼ ਕਿਸਾਨ ਆਗੂਆਂ ਦੀ ਗੱਲ ਸੁਣਨ ਆਏ ਹਨ ਜਦਕਿ ਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਉਹ ਮੰਚ ਤੋਂ ਲੋਕਾਂ ਨੂੰ ਸੰਬੋਧਿਤ ਵੀ ਕਰ ਰਹੇ ਸਨ। ਇਹ ਗੱਲ ਸਾਫ਼ ਹੈ ਕਿ ਇਸ ਆਯੋਜਨ ਤੋਂ ਖੱਬੇ ਪੱਖ਼ੀ ਦਲ ਅਤੇ ਕਾਂਗਰਸ ਗੱਠਜੋੜ ਦੇ ਆਗੂਆਂ ਨੇ ਸਿੰਗੁਰ ਵਿੱਚ ਖੁਦ ਨੂੰ ਦੂਰ ਰੱਖਿਆ ਪਰ ਅਵੀਕ ਸਾਹਾ ਤਰਕ ਦਿੰਦੇ ਹਨ ਕਿ ਕਿਸਾਨ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਆਪਣੇ-ਆਪਣੇ ਖ਼ੇਤਰ ਵਿੱਚ ਜੋ ਉਮੀਦਵਾਰ ਭਾਜਪਾ ਨੂੰ ਹਰਾਉਣ ਵਿੱਚ ਸਮਰੱਥ ਹਨ, ਉਸੇ ਨੂੰ ਵੋਟ ਦਿਓ। ਹਾਲਾਂਕਿ ਕਿਸਾਨੀ ਝੰਡਿਆਂ ਤੋਂ ਇਲਾਵਾ ਮਹਾਂ-ਪੰਚਾਇਤ ਵਿੱਚ ਕਿਸੇ ਵੀ ਰਾਜਨੀਤਿਕ ਦਲ ਦਾ ਝੰਡਾ ਨਜ਼ਰ ਨਹੀਂ ਆ ਰਿਹਾ ਪਰ ਕਿਸਾਨ ਆਗੂਆਂ ਦੇ ਹਾਵ-ਭਾਵ ਅਤੇ ਉਨ੍ਹਾਂ ਦੇ ਭਾਸ਼ਣਾਂ ਤੋਂ ਸਾਫ਼ ਸਮਝ ਆਉਂਦਾ ਹੈ ਕਿ ਉਹ ਇਨ੍ਹਾਂ ਚੋਣਾਂ ਵਿੱਚ ਕਿਸ ਨੂੰ ਸਮਰਥਨ ਦੇਣ ਲਈ ਇਸ਼ਾਰਾ ਕਰ ਰਹੇ ਹਨ।

ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ  ਕਿਹਾ ਕਿ 'ਕਿਸਾਨਾਂ ਦਾ ਅੰਦੋਲਨ ਕਦੇ ਕਾਂਗਰਸ ਦਾ ਅੰਦੋਲਨ ਬਣ ਜਾਂਦਾ ਹੈ ਤਾਂ ਕਦੇ ਤ੍ਰਿਣਮੁਲ ਦਾ ਅੰਦੋਲਨ, ਤਾਂ ਇਹ ਸਾਫ਼ ਹੈ ਕਿ ਸਾਜ਼ਿਸ਼ ਦੇ ਤਹਿਤ ਕਿਸਾਨਾਂ ਦੇ ਮੋਢਿਆਂ ਉੱਤੇ ਬੰਦੂਕ ਰੱਖ ਕੇ ਚਲਾਈ ਜਾ ਰਹੀ ਹੈ...ਭਾਜਪਾ ਨੂੰ ਹਟਾਉਣ ਦਾ ਉਨ੍ਹਾਂ ਦਾ ਏਜੰਡਾ ਢਹਿ-ਢੇਰੀ ਹੋ ਜਾਵੇਗਾ।'ਨੰਦੀਗ੍ਰਾਮ ਅਤੇ ਸਿੰਗੁਰ ਪੱਛਮੀ ਬੰਗਾਲ ਦੇ ਉਹ ਇਲਾਕੇ ਹਨ ਜਿੱਥੋਂ ਤ੍ਰਿਣਮੁਲ ਕਾਂਗਰਸ ਅਤੇ ਖ਼ਾਸ ਤੌਰ 'ਤੇ ਮਮਤਾ ਬੈਨਰਜੀ ਦਾ ਸੂਬੇ ਦੀ ਸਿਆਸਤ ਵਿੱਚ ਜ਼ੋਰਦਾਰ ਉਦੇ ਹੋਇਆ ਹੈ ਅਤੇ ਉਹ ਵੀ ਕਿਸਾਨਾਂ ਦੇ ਸੰਘਰਸ਼ ਦੀ ਅਗਵਾਈ ਕਰਕੇ। ਇਹੀ ਉਹ ਇਲਾਕਾ ਹੈ ਵੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਿੱਥੋਂ ਪੱਛਮੀ ਬੰਗਾਲ ਦੀ ਸਿਆਸਤ ਵਿੱਚ 34 ਸਾਲਾਂ ਤੱਕ ਹਾਵੀ ਰਹਿਣ ਵਾਲੇ ਵਾਮ ਮੋਰਚੇ ਦਾ ਪਤਨ ਸ਼ੁਰੂ ਹੋਇਆ ਅਤੇ ਸਾਲ 2011 ਵਿੱਚ ਉਨ੍ਹਾਂ ਨੂੰ ਸੱਤਾ ਗੁਆਉਣੀ ਪਈ।