ਕੁਦਰਤ ਦੀ ਬਖਸ਼ੀ ਹੋਈ ਅਨਮੋਲ ਜ਼ਿੰਦਗੀ ਦੀ ਸੰਭਾਲ

ਕੁਦਰਤ ਦੀ ਬਖਸ਼ੀ ਹੋਈ ਅਨਮੋਲ ਜ਼ਿੰਦਗੀ ਦੀ ਸੰਭਾਲ

ਸਿੱਕੀ ਝੱਜੀ ਪਿੰਡ ਵਾਲਾ (ਇਟਲੀ) 

ਕੁਦਰਤ ਦੀ ਬਖਸ਼ੀ ਹੋਈ ਅਨਮੋਲ ਜ਼ਿੰਦਗੀ ਜਦੋਂ ਵੀ ਸਿੱਧੇ ਰਸਤੇ ਉੱਤੇ  ਪੈਂਦੀ ਹੈ, ਤਦ ਉਸ ਦੀ ਸਿਹਤ ਵੀ ਚੰਗੀ ਰਹਿੰਦੀ ਹੈ ਕਹਿਣ ਤੋਂ ਭਾਵ ,ਸੱਚ ਦੇ ਰਸਤੇ ਉੱਤੇ ਚੱਲਿਆ ਮਨੁੱਖ  ਚਿੰਤਾ ਮੁਕਤ ਹੁੰਦਾ ਹੈ, ਕਿਉਂਕੀ ਉਸ ਦਾ ਭਰੋਸਾ ਉਸ ਅਕਾਲ ਪੁਰਖ ਉੱਤੇ ਐਨਾ ਪ੍ਰਪੱਕ  ਹੁੰਦਾ ਹੈ, ਕਿ ਆਉਣ ਵਾਲੀਆਂ ਮੁਸ਼ਕਲਾਂ ਵੀ ਉਸ ਤੋਂ ਰਸਤਾ ਮੋੜ ਲੈਂਦੀਆਂ ਹਨ  ਇਸੇ ਲਈ ਜਦੋਂ ਮਨੁੱਖ ਚਿੰਤਾਮੁਕਤ ਹੁੰਦਾ ਹੈ ਤਾਂ ਉਸ ਦੀ ਸਰੀਰਿਕ ਸਿਹਤ ਵੀ ਚੰਗੀ ਹੁੰਦੀ ਹੈ ਅਤੇ ਮਾਨਸਿਕ ਤੇ ਸੋਚਣ ਸ਼ਕਤੀ ਦੂਜਿਆਂ ਤੋਂ ਵਧੇਰੇ ਹੁੰਦੀ ਹੈ। ਅਜਿਹਾ ਚੰਗਾ ਸਿਹਤਮੰਦ ਵਿਅਕਤੀ ਤੰਦਰੁਸਤ ਜੀਵਨ ਬਤੀਤ ਕਰਨ ਦੇ ਨਾਲ ਲੰਮੀ ਉਮਰ ਭੋਗਦਾ ਹੈ। ਪ੍ਰਮਾਤਮਾ ਦੇ ਬਖਸ਼ੇ ਸਰੀਰ ਨੂੰ ਸਾਂਭਣਾ ਸਾਡਾ ਆਪਣਾ ਫਰਜ਼ ਹੈ। ਸਮੇਂ ਸਮੇਂ ਆਉਂਦੇ ਬਦਲਾਅ ਨੇ ਆਮ ਜਿੰਦਗੀ ਤੇ ਵੀ ਆਪਣਾ ਡੂੰਘਾ ਪ੍ਰਭਾਵ ਪਾਇਆ ਹੈ। ਜਿਸਦਾ ਅਸਰ ਸਿੱਧਾ ਸਾਡੇ ਸਰੀਰ ਤੇ ਪੈਂਦਾ ਹੈ। ਤਾਜਾ ਅਤੇ ਪ੍ਰੋਟੀਨ ਖਾਣਾ ਚੰਗੀ ਸਿਹਤ ਲਈ ਬਹੁਤ ਲਾਹੇਵੰਦ ਹੈ। ਰੋਜਾਨਾ ਤੜਕਸਾਰ ਉੱਠ ਕੇ ਅੰਮ੍ਰਿਤ ਬਾਣੀ ਨਾਲ ਜੁੜਦਾ ਹੈ ਉਸ ਤੋਂ ਬਾਅਦ ਰੋਜ਼ਾਨਾ ਦੀ ਜ਼ਿੰਦਗੀ ਨਾਲ ਦਸਤ ਪੰਜਾ ਲੈਂਦਾ ਹੋਇਆ ਵੀ ਫੁੱਲ ਵਾਂਗ ਖਿੜਿਆ ਰਹਿੰਦਾ ਹੈ ।
ਅਧਿਆਤਮਿਕ ਪੱਖ ਤੋਂ ਬਾਅਦ  ਜੇਕਰ ਦੁਨਿਆਵੀ ਪੱਖ ਵਿੱਚ ਸਿਹਤ ਦੀ ਗੱਲ ਕੀਤੀ ਜਾਵੇ , ਤਾਂ ਮਨੁੱਖੀ ਜੀਵਨ ਵਿੱਚ ਸਵੇਰ ਦੀ ਸੈਰ ਅਤੇ ਕਸਰਤ ਵੀ ਸਰੀਰ ਨੂੰ ਦਿਨੋਂ ਦਿਨ ਤਰੋਤਾਜ਼ਾ ਰੱਖਦੀ ਹੈ ਅਤੇ ਉਸ ਦੇ ਨਾਲ ਖਾਣਾ ਵੀ ਸੌਖੇ ਢੰਗ ਨਾਲ ਪਚਦਾ ਹੈ ਜੋ ਕਿ ਬੇਹੱਦ ਜਰੂਰੀ ਹੈ। ਕੋਸ਼ਿਸ਼ ਕਰੋ ਕਿ ਤਲਿਆ ਹੋਇਆ ਭੋਜਨ ਨਾ ਖਾਧਾ ਜਾਵੇ ਜੋ ਕਿ ਮੋਟਾਪੇ ਦੇ ਨਾਲ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਤਾਜਾ ਮੌਸਮੀ ਫਲ ਅਤੇ ਹਰੀਆਂ ਸਬਜੀਆਂ ਹੀ ਖਾਣੀਆਂ ਚਾਹੀਦੀਆਂ ਹਨ। ਬਜਾਰਾਂ ਚ ਵਿਕਦੇ ਤਰਾਂ  ਤਰਾਂ ਦੇ ਪਕਵਾਨਾਂ ਤੋਂ ਵੀ ਪ੍ਰਹੇਜ ਕਰਨਾ ਚਾਹੀਦਾ ਹੈ ਕਿਉਂਕਿ ਮਸਾਲੇਦਾਰ ਖਾਣਾ ਜਿਸਨੂੰ ਪਚਾਉਣਾ ਔਖਾ ਹੁੰਦਾ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਵੀ ਹੈ। ਇਹ ਗੱਲ ਤਾਂ ਸਭ ਜਾਣਦੇ ਹਨ ਕਿ ਸਰੀਰ ਇੱਕ ਕਿਰਾਏ ਦੇ ਮਕਾਨ ਦੇ ਵਾਂਗਰਾ ਹੈ ਪਰ ਇਸ ਦੀ ਕਿਸ ਤਰ੍ਹਾਂ ਸੰਭਾਲ ਕਰਨੀ ਸਾਡੇ ਆਪਣੇ ਤੇ ਨਿਰਭਰ ਕਰਦਾ ਹੈ।
ਹੱਥੀਂ ਮਿਹਨਤ ਕਰਦੇ ਕਿਰਤੀ ਕਾਮਿਆਂ ਦੀ ਜਿੱਥੇ ਇੱਕ ਤਰਾਂ ਕਸਰਤ ਹੁੰਦੀ ਰਹਿੰਦੀ ਹੈ ਉਥੇ ਹੀ ਮਸ਼ੀਨੀ ਯੁੱਗ ਨੇ ਇਨਸਾਨ ਨੂੰ ਸਰੀਰਕ ਤੌਰ ਤੇ ਕਮਜੋਰ ਕਰਕੇ ਰੱਖ ਦਿੱਤਾ ਹੈ। ਮੋਬਾਇਲ ਅਤੇ ਕੰਪਿਊਟਰ ਦੀ ਵਰਤੋਂ ਬਿਨਾਂ ਲੋੜ ਤੋਂ ਨਹੀਂ ਕਰਨੀ ਚਾਹੀਦੀ। ਜਿਆਦਾ ਦੇਰ ਮੋਬਾਇਲ ਵੇਖਣ ਨਾਲ  ਵੀ ਸਾਡੀਆਂ  ਅੱਖਾਂ ਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਰੋਜਾਨਾ ਸਾਈਕਲ ਚਲਾਉਣਾ ਵੀ ਇੱਕ ਚੰਗੇ ਸਿਹਤਮੰਦ ਵਿਅਕਤੀ ਲਈ ਬਹੁਤ ਹੀ ਚੰਗਾ ਸਿੱਧ ਹੁੰਦਾ ਹੈ ਜਿਸ ਨਾਲ ਗੋਡਿਆਂ ਦੀ ਕਸਰਤ ਹੁੰਦੀ ਰਹਿੰਦੀ ਹੈ। ਮਾਨਸਿਕ ਤੌਰ ਤੇ ਵੀ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਬਹੁਤ ਜਰੂਰੀ ਹੈ। ਤਣਾਅ ਨਾਲ ਭਰੀ ਜਿੰਦਗੀ ਬਹੁਤੀ ਲੰਮੀ ਨਹੀਂ ਹੁੰਦੀ। ਹੱਥਾਂ ਨੂੰ ਵਾਰ ਵਾਰ ਧੋਣਾਂ ਚਾਹੀਦਾ ਹੈ ਤਾਂ ਕਿ ਖਾਣਾ ਖਾਣ ਵੇਲੇ ਗੰਦਗੀ ਸਾਡੇ ਸਰੀਰ ਅੰਦਰ ਨਾ ਜਾਵੇ। ਕੁਦਰਤ ਦੀ ਇਸ ਅਨਮੋਲ ਦਾਤ ਨੂੰ ਅਸੀਂ ਆਪਣੇ ਆਪ ਹੀ ਸੁਚੱਜੇ ਢੰਗ ਨਾਲ  ਤੰਦਰੁਸਤ ਰੱਖ ਕੇ ਇਕ ਖੁਸ਼ੀ ਭਰਪੂਰ ਜੀਵਨ ਬਤੀਤ ਕਰ ਸਕਦੇ ਹਾਂ। ਆਓ ਉਪਰੋਕਤ ਗੱਲਾਂ ਨੂੰ ਅ‍ਾਪਣੀ ਜਿੰਦਗੀ ਦਾ ਹਿੱਸਾ ਬਣਾ ਕੇ ਇੱਕ ਚੰਗਾ ਤੇ ਤੰਦਰੁਸਤ ਜੀਵਨ ਬਤੀਤ ਕਰੀਏ।