ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਮੁੜ ਸਥਾਪਿਤ  

ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਮੁੜ ਸਥਾਪਿਤ  

*ਤਾਲਿਬਾਨਾਂ ਨੇ ਕੀਤਾ ਸੀ ਕਾਰਾ ,ਕੌਮਾਂਤਰੀ ਤੇ ਪਰਵਾਸੀ ਖਾਲਸਾ ਜੀ ਦੇ ਦਬਾਅ ਕਾਰਣ ਮੁੜ ਲਗਿਆ

ਅੰਮ੍ਰਿਤਸਰ ਟਾਈਮਜ਼ ਬਿਉਰੋ

ਕਾਬੁਲ: ਅਫਗਾਨਿਸਤਾਨ ਵਿਚ ਤਾਲਿਬਾਨ ਨੇ ਥਾਲਾ ਸਾਹਿਬ ਗੁਰਦੁਆਰੇ ਤੋਂ ਹਟਾਏ ਗਏ ਨਿਸ਼ਾਨ ਸਾਹਿਬ ਨੂੰ ਵਾਪਸ ਸਥਾਪਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਦਬਾਅ ਦੇ ਬਾਅਦ ਤਾਲਿਬਾਨ ਨੇ ਇਹ ਕਦਮ ਚੁੱਕਿਆ। ਦਰਅਸਲ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਦਹਿਸ਼ਤ ਜਾਰੀ ਹੈ। ਇਸ ਦੌਰਾਨ ਬੀਤੇ ਸ਼ੁੱਕਰਵਾਰ ਨੂੰ ਇੱਥੇ ਤਾਲਿਬਾਨ ਵੱਲੋਂ ਪਕਤੀਆ ਸੂਬੇ ਦੇ ਗੁਰਦੁਆਰੇ ਤੋਂ ਨਿਸ਼ਾਨ ਸਾਹਿਬ ਹਟਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ ਬਾਅਦ ਭਾਰਤ ਸਰਕਾਰ ਨੇ ਇਸ ਮਾਮਲੇ ’ਤੇ ਸਖ਼ਤ ਇਤਰਾਜ਼ ਜਤਾਇਆ ਸੀ।ਦੱਸਿਆ ਜਾ ਰਿਹਾ ਹੈ ਕਿ ਭਾਰਤ ਅਤੇ ਅੰਤਰਰਾਸ਼ਟਰੀ ਦਬਾਅ ਦੇ ਬਾਅਦ ਤਾਲਿਬਾਨ ਦੇ ਅਫ਼ਸਰ ਅਤੇ ਲੜਾਕੇ ਉਥੇ ਗਏ ਸਨ ਅਤੇ ਉਨ੍ਹਾਂ ਨੇ ਨਿਸ਼ਾਨ ਸਾਹਿਬ ਨੂੰ ਵਾਪਸ ਸਥਾਪਤ ਕਰ ਦਿੱਤਾ। ਭਾਰਤੀ ਵਿਸ਼ਵ ਫੋਰਮ ਦੇ ਚੇਅਰਮੈਨ ਪੁਨੀਤ ਸਿੰਘ ਚੰਡੋਕ ਨੇ ਇਹ ਜਾਣਕਾਰੀ ਦਿੱਤੀ। ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਗੁਰਦੁਆਰੇ ਦੇ ਸਥਾਨਕ ਕੇਅਰ ਟੇਅਰ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰੇ ਦੀ ਛੱਤ ’ਤੇ ਨਿਸ਼ਾਨ ਸਾਹਿਬ ਨੂੰ ਪੂਰੇ ਸਨਮਾਨ ਨਾਲ ਵਾਪਸ ਸਥਾਪਤ ਕਰ ਦਿੱਤਾ ਗਿਆ ਹੈ। ਚੰਡੋਕ ਨੇ ਕਿਹਾ, ‘ਮੈਂ ਅਤੇ ਪ੍ਰਵਾਸੀ ਖਾਲਸਾ ਜੀ ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਕਿਹਾ, ਅਜੇ ਪੂਰੇ ਖੇਤਰ ਵਿਚ ਡਾਟਾ ਕਨੈਕਟੀਵਿਟੀ ਪ੍ਰਭਾਵਿਤ ਹੈ, ਜਿਵੇਂ ਹੀ ਇਹ ਠੀਕ ਹੁੰਦੀ ਹੈ, ਤਸਵੀਰ ਸਾਂਝੀ ਕਰਾਂਗਾ।ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਵੱਲੋਂ 1 ਮਈ ਤੋਂ ਵਾਪਸੀ ਸ਼ੁਰੂ ਕਰਨ ਦੇ ਬਾਅਦ ਤੋਂ ਤਾਲਿਬਾਨ ਵਿਆਪਕ ਹਿੰਸਾ ਦਾ ਸਹਾਰਾ ਲੈ ਕੇ ਪੂਰੇ ਦੇਸ਼ ਵਿਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਮਰੀਕਾ ਪਹਿਲਾਂ ਹੀ ਆਪਣੀਆਂ ਜ਼ਿਆਦਾਤਰ ਸੁਰੱਖਿਆ ਫੋਰਸਾਂ ਨੂੰ ਵਾਪਸ ਸੱਦ ਚੁੱਕਾ ਹੈ ਅਤੇ 31 ਅਗਸਤ ਤੱਕ ਸਾਰੇ ਫ਼ੌਜੀਆਂ ਨੂੰ ਵਾਪਸ ਸੱਦਣ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਚਾਹੁੰਦਾ ਹੈ।