ਏਸ਼ੀਅਨ ਮੂਲ ਦੇ ਅਮਰੀਕੀਆਂ ਦਾ ਵਫਦ ਰਾਸ਼ਟਰਪਤੀ ਬਾਇਡਨ ਨੂੰ ਮਿਲਿਆ

ਏਸ਼ੀਅਨ ਮੂਲ ਦੇ ਅਮਰੀਕੀਆਂ ਦਾ ਵਫਦ ਰਾਸ਼ਟਰਪਤੀ ਬਾਇਡਨ ਨੂੰ ਮਿਲਿਆ

ਇਮੀਗ੍ਰੇਸ਼ਨ, ਐਚ 1 ਬੀ ਵੀਜ਼ਾ ਤੇ ਵੋਟਿੰਗ ਅਧਿਕਾਰ ਦੇ ਮੁੱਦੇ ਉਠਾਏ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਇਡਨ ਪ੍ਰਸ਼ਾਸ਼ਨ ਵੱਲੋਂ ਇਕ ਵਿਆਪਕ ਇਮੀਗ੍ਰੇਸ਼ਨ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਦਰਮਿਆਨ ਏਸ਼ੀਅਨ ਮੂਲ ਦੇ ਅਮਰੀਕੀਆਂ ਦਾ ਇਕ ਵਫਦ ਵਾਈਟ ਹਾਊਸ ਵਿਖੇ ਰਾਸ਼ਟਰਪਤੀ ਜੋ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਿਲਿਆ। ਇਸ ਮੀਟਿੰਗ ਵਿਚ ਇਮੀਗ੍ਰੇਸ਼ਨ ਤੇ ਅਪਰਾਧ ਨਾਲ ਜੁੜੇ ਮੁੱਦਿਆਂ ਉਪਰ ਚਰਚਾ ਕੀਤੀ ਗਈ। ਭਾਰਤੀ ਮੂਲ ਦੇ ਅਮਰੀਕੀਆਂ ਦੀ ਸੰਸਥਾ 'ਇੰਪੈਕਟ' ਦੇ ਕਾਰਜਕਾਰੀ ਮੁਖੀ ਨੀਲ ਮਾਖੀਜਾ ਨੇ ਦੱਸਿਆ ਕਿ ਮੀਟਿੰਗ ਵਿਚ ਇਮੀਗ੍ਰੇਸ਼ਨ, ਵੋਟ ਅਧਿਕਾਰ ਤੇ ਗਰੀਨ ਕਾਰਡ ਦੇ ਬਕਾਇਆ ਮਾਮਲਿਆਂ ਨਾਲ ਜੁੜੇ ਮੁੱਦੇ ਉਠਾਏ ਗਏ। ਮਾਖੀਜਾ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਪਹਿਲਾਂ ਹੀ ਬਹੁਤ ਸਾਰੇ ਮੁੱਦਿਆ ਬਾਰੇ ਜਾਣੂ ਹਨ। ਰਾਸ਼ਟਰਪਤੀ ਸਿਸਟਮ ਵਿਚ ਪਾਈਆਂ ਜਾਂਦੀਆਂ ਤਰੁਟੀਆਂ ਤੇ ਅਨਿਆਂ ਤੋਂ ਭਲੀ ਭਾਂਤ ਵਾਕਿਫ ਹਨ। ਮਾਖੀਜਾ ਨੇ ਕਿਹਾ ਕਿ ਮੀਟਿੰਗ ਦੌਰਾਨ ਈਗਲ ਐਕਟ ਤੇ ਅਮੈਰੀਕਾ ਚਾਈਲਡਰਨ ਐਕਟ ਸਬੰਧੀ ਬਿੱਲਾਂ ਦਾ ਮੁੱਦਾ ਉਠਾਇਆ ਗਿਆ ਜੋ ਆਉਣ ਵਾਲੇ ਦਿਨਾਂ ਵਿਚ ਸਦਨ ਵਿਚ ਪੇਸ਼ ਕੀਤੇ ਜਾਣਗੇ। ਵਫਦ ਵਿਚ ਏਸ਼ੀਅਨ ਅਮੈਰੀਕਨ ਜਸਟਿਸ ਸੈਂਟਰ, ਏਸ਼ੀਅਨ ਐਂਡ ਪੈਸੀਫਿਕ ਆਈਸਲੈਂਡਰ ਅਮੈਰੀਨਕ ਵੋਟ ਤੇ ਨੈਸ਼ਨਲ ਕੌਂਸਲ ਏਸ਼ੀਅਨ ਪੈਸੇਫਿਕ ਅਮੈਰੀਕਨਜ ਨਾਲ ਸਬੰਧਤ 12 ਦੇ ਕਰੀਬ ਆਗੂ ਸ਼ਾਮਿਲ ਸਨ। ਇਥੇ ਜਿਕਰਯੋਗ ਹੈ ਕਿ ਵਾਈਟ ਹਾਊਸ ਦੇ ਬੁਲਾਰੇ ਬੀਬੀ ਜੇਨ ਪਸਾਕੀ ਨੇ ਪਿਛਲੇ ਦਿਨ ਕਿਹਾ ਸੀ ਕਿ ਬਾਇਡਨ ਪ੍ਰਸ਼ਾਸਨ ਵੱਲੋਂ ਇਕ ਵਿਆਪਕ ਇਮੀਗ੍ਰੇਸ਼ਨ ਬਿੱਲ ਲਿਆਉਣ ਦੀ ਤਜਵੀਜ਼ ਹੈ। ਉਨਾਂ ਕਿਹਾ ਕਿ ਇਹ ਬਿੱਲ ਦਸਤਾਵੇਜਾਂ ਵਾਲੇ ਪ੍ਰਵਾਸੀਆਂ ਤੇ  ਐਚ 1 -ਬੀ ਵੀਜਾਧਾਰਕਾਂ ਦੇ ਬੱਚਿਆਂ ਸਬੰਧੀ ਹੈ। ਉਨਾਂ ਕਿਹਾ ਕਿ ਇਹ ਪ੍ਰਸਤਾਵਿਤ ਬਿੱਲ ਮੌਜੂਦਾ ਵਿਚਾਰ ਵਟਾਂਦਰੇ ਦਾ ਸਿੱਟਾ ਨਹੀਂ ਹੈ ਬਲਕਿ ਇਹ ਉਹ ਮੁੱਦੇ ਹਨ ਜੋ ਬਾਇਡਨ ਪ੍ਰਸ਼ਾਸਨ ਹੱਲ ਕਰਨਾ ਚਹੁੰਦਾ ਹੈ।

 

ਕੈਪਸ਼ਨ: ਜੋ ਬਾਈਡਨ ਨਾਲ ਮੀਟਿੰਗ ਦੌਰਾਨ ਨਜਰ ਆ ਰਿਹਾ ਏਸ਼ੀਅਨ ਮੂਲ ਦੇ ਅਮਰੀਕੀਆਂ ਦਾ ਵਫਦ