ਪੰਜਾਬੀ ਭਾਈਚਾਰੇ ਨੇ ਨਿਊਜ਼ੀਲੈਂਡ ਦੀ ਸੰਸਦ ’ਚ ਪੰਜਾਬੀ ਭਾਸ਼ਾ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ

ਪੰਜਾਬੀ ਭਾਈਚਾਰੇ ਨੇ ਨਿਊਜ਼ੀਲੈਂਡ ਦੀ ਸੰਸਦ ’ਚ ਪੰਜਾਬੀ ਭਾਸ਼ਾ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ

ਅੰਮ੍ਰਿਤਸਰ ਟਾਈਮਜ ਬਿਉਰੋ

 ਆਕਲੈਂਡ : ਨਿਊਜ਼ੀਲੈਂਡ ਦੇ ਸਕੂਲਾਂ ’ਚ ਇੰਗਲਿਸ਼ ਤੋਂ ਇਲਾਵਾ ਹੋਰ 10 ਭਾਸ਼ਾਵਾਂ ਨੂੰ ਮਾਨਤਾ ਦਿੱਤੇ ਜਾਣ ਸਬੰਧੀ ਸੰਸਦ ਭਵਨ ’ਚ ਪੰਜਾਬੀ ਭਾਸ਼ਾ ਦੇ ਹੱਕ ’ਚ ਸਮੁੱਚੇ ਪੰਜਾਬੀ ਸਿੱਖ ਭਾਈਚਾਰੇ ਨੇ ਅਵਾਜ਼ ਬੁਲੰਦ ਕੀਤੀ। ਐਜੂਕੇਸ਼ਨ ਐਂਡ ਵਰਕ ਫੋਰਸ ਕਮੇਟੀ ਅੱਗੇ ਸਕੂਲਾਂ ’ਚ ਪੰਜਾਬੀ ਪੜ੍ਹਾਏ ਜਾਣ ਦੀ ਵਕਾਲਤ ਕੀਤੀ ਗਈ ਤਾਂਜੋ ਦੇਸ਼ ਦੇ ਪ੍ਰਾਇਮਰੀ ਤੇ ਇੰਟਰ-ਮੀਡੀਏਟ ਸਕੂਲਾਂ ’ਚ ਪੰਜਾਬੀ ਦੀ ਪੜ੍ਹਾਈ ਬਾਰੇ ਰਾਹ ਖੁੱਲ੍ਹ ਸਕੇ। ਇਸ ਸਬੰਧੀ ਸਤੰਬਰ 2018 ਦੌਰਾਨ ਪਾਰਲੀਮੈਂਟ ’ਚ ਪੇਸ਼ ਹੋਏ ਐਜੂਕੇਸ਼ਨ ਸੋਧ ਬਿੱਲ ਰਾਹੀਂ ਸਕੂਲਾਂ ’ਚ ਇੰਗਲਿਸ਼ ਤੋਂ ਇਲਾਵਾ ਹੋਰ ਭਾਸ਼ਾਵਾਂ ਨੂੰ ਤਰਜੀਹ ਦੇਣ ਸਬੰਧੀ ਵੱਖ-ਵੱਖ ਸੰਸਥਾਵਾਂ ਤੋਂ ਰਾਇ ਪੁੱਛੀ ਗਈ ਸੀ। ਜਿਨ੍ਹਾਂ ਨੇ ਪਹਿਲਾਂ ਲਿਖਤੀ ਰੂਪ ’ਚ ਆਪੋ-ਆਪਣੀਆਂ ਤਜਵੀਜ਼ਾਂ ਭੇਜੀਆਂ ਪਰ  ਇਹ ਸੰਸਥਾਵਾਂ ਸੰਸਦ ਦੀ ਐਜੂਕੇਸ਼ਨ ਤੇ ਵਰਕਫੋਰਸ ਕਮੇਟੀ ਨਾਲ ਰੂ-ਬ-ਰੂ ਹੋਈਆਂ।

ਨਿਊਜ਼ੀਲੈਂਡ ਦੇ ਵੱਖ-ਵੱਖ ਗੁਰੂਘਰਾਂ ਤੇ ਉਨ੍ਹਾਂ ’ਚ ਚੱਲ ਰਹੇ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਤੇ ਪੰਜਾਬੀ ਦੀ ਭਲਾਈ ਚਾਹੁਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਵਜੋਂ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਬੁਲਾਰੇ ਦਲਜੀਤ ਸਿੰਘ, ਸੁਸਾਇਟੀ ਦੇ ਕਾਨੂੰਨੀ ਸਲਾਹਕਾਰ ਮੈਟ ਰੌਬਸਨ ਤੇ ਵਲਿੰਗਟਨ ਸਿੱਖ ਸੁਸਾਇਟੀ ਤੋਂ ਪਰਮਜੀਤ ਸਿੰਘ ਨੇ ਨਿਊਜ਼ੀਲੈਂਡ ਵਸਦੇ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਪੰਜਾਬੀ ਭਾਸ਼ਾ ਦੇ ਸਕੂਲਾਂ ’ਚ ਪਸਾਰ ਬਾਰੇ ਆਪਣੇ ਵਿਚਾਰ ਰੱਖੇ।ਮੈਟ ਰੌਬਸਨ ਨੇ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਦਾ ਮਹੱਤਵ ਵਧਾਉਣ ਲਈ ਕੈਨੇਡਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬੀ ਨਾਲ ਸਬੰਧਤ ਕੈਨੇਡਾ ’ਚ 22 ਪਾਰਲੀਮੈਂਟ ਮੈਂਬਰ ਤੇ ਡਿਫੈਂਸ ਮਨਿਸਟਰ ਸਮੇਤ 5 ਮਨਿਸਟਰ ਹਨ। ਉਨ੍ਹਾਂ ਯੂਕੇ ਤੇ ਆਪਣੀ ਜਨਮ-ਭੂਮੀ ਆਸਟਰੇਲੀਆ ’ਚ ਪੰਜਾਬੀਆਂ ਦੀ ਭੂਮਿਕਾ ਬਾਰੇ ਜ਼ਿਕਰ ਵੀ ਕੀਤਾ। ਇਸ ਤੋਂ ਇਲਾਵਾ ਦੋ ਭਾਸ਼ਾਵਾਂ ਦੀ ਜਾਣਕਾਰੀ ਦੇ ਫ਼ਾਇਦੇ ਸਬੰਧੀ ਆਪਣੀ ਗੱਲ ਨੂੰ ਠੋਸ ਬਣਾਉਣ ਲਈ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਹਵਾਲਾ ਦਿੱਤਾ। ਮੈੱਟ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਇੰਗਲਿਸ਼ ਦੀ ਮਾਹਿਰ ਹੈ ਪਰ ਉਸਦੀ ਮਾਂ-ਬੋਲੀ ਡੱਚ ਹੈ। ਉਨ੍ਹਾਂ ਆਪਣੀ ਗੱਲਬਾਤ ਦੌਰਾਨ ਇਸੇ ਗੱਲ ’ਤੇ ਜ਼ੋਰ ਦਿੱਤਾ ਕਿ ਨਿਊਜ਼ੀਲੈਂਡ ’ਚ ਹੋਰ ਭਾਸ਼ਾਵਾਂ ਨੂੰ ਵੀ ਬਣਦਾ ਥਾਂ ਦਿੱਤਾ ਜਾਣਾ ਚਾਹੀਦਾ ਹੈ।

ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਨਿਊਜ਼ੀਲੈਂਡ ਦੀਆਂ 15 ਸੰਸਥਾਵਾਂ ਦੇ 90 ਅਧਿਆਪਕਾਂ ਦੀ ਨਿਗਰਾਨੀ ’ਚ ਸ਼ਨੀਵਾਰ ਨੂੰ ਵਲੰਟੀਅਰ ਸੇਵਾਵਾਂ ਰਾਹੀਂ ਚੱਲਣ ਵਾਲੇ ਵੱਖ-ਵੱਖ ਪੰਜਾਬੀ ਸਕੂਲਾਂ ’ਚ 1100 ਤੋਂ ਵੱਧ ਬੱਚੇ ਪੜ੍ਹ ਰਹੇ ਹਨ। ਇਨ੍ਹਾਂ ਚੋਂ ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ’ਚ ਸਾਢੇ ਚਾਰ ਸੌ ਤੋਂ ਵੱਧ ਬੱਚਿਆਂ ਨੂੰ 24 ਅਧਿਆਪਕਾਂ ਵੱਲੋਂ ਪੜ੍ਹਾਇਆ ਜਾ ਰਿਹਾ ਹੈ। ਅਜਿਹੇ ਵਿਦਿਆਰਥੀਆਂ ਨੂੰ ਸ਼ਨੀਵਾਰ ਵਾਲੇ ਦਿਨ 100 ਕਿਲੋਮੀਟਰ ਦਾ ਸਫ਼ਰ ਵੀ ਤੈਅ ਕਰਨਾ ਪੈਂਂਦਾ ਹੈ।ਇਸ ਦੌਰਾਨ ਵਲਿੰਗਟਨ ਸਿੱਖ ਸੁਸਾਇਟੀ ਦੇ ਨੁਮਾਇੰਦੇ ਪਰਮਜੀਤ ਸਿੰਘ ਨੇ ਪੰਜਾਬੀ ਭਾਸ਼ਾ ਬਾਰੇ ਇਤਿਹਾਸਕ ਤੱਥਾਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇੰਡੀਆ ’ਚ ਸਾਰੇ ਧਰਮ ਗ੍ਰੰਥ ਸੰਸਕ੍ਰਿਤ ’ਚ ਹੀ ਲਿਖੇ ਜਾਂਦੇ ਸਨ। ਜਿਨ੍ਹਾਂ ਨੂੰ ਪੜ੍ਹਨ-ਲਿਖਣ ਬਾਰੇ ਆਮ ਆਦਮੀ ਨੂੰ ਅਧਿਕਾਰ ਨਹੀਂ ਸੀ। ਪਰ ਸਿੱਖ ਗੁਰੂਆਂ ਨੇ ਪੰਜਾਬੀ ਬੋਲੀ ਰਾਹੀਂ ਆਮ ਲੋਕਾਂ ਨੂੰ ਵੀ ਧਾਰਮਿਕ ਗ੍ਰੰਥ ਪੜ੍ਹਨ ਦਾ ਅਧਿਕਾਰ ਦਿੱਤਾ ਸੀ। ਹਾਲਾਂਕਿ ਕਿ ਨਿਊਜ਼ੀਲੈਂਡ ਨਾਲ ਸਬੰਧਤ ਵਿਸ਼ੇ ਤੋਂ ਬਾਹਰ ਜਾਣ ਕਰਕੇ ਉਨ੍ਹਾਂ ਨੂੰ ਟੋਕਿਆ ਵੀ ਗਿਆ ਪਰ ਉਨ੍ਹਾਂ ਪੰਜਾਬੀ ਭਾਸ਼ਾ ਦੇ ਹੱਕ ਦੇ ਆਪਣਾ ਪੱਖ ਆਪਣੇ ਨਜ਼ਰੀਏ ਨਾਲ ਰੱਖਿਆ।

ਵਰਨਣਯੋਗ ਹੈ ਕਿ ਇਹ ਬਿੱਲ ਛੇ ਨਵੰਬਰ 2018 ਨੂੰ ਪਾਰਲੀਮੈਂਟ ’ਚ ਪੇਸ਼ ਕੀਤਾ ਗਿਆ ਸੀ, ਜੋ ਇਸ ਵੇਲੇ ਸੰਸਦ ਦੀ ਸਿਲੈਕਟ ਕਮੇਟੀ ਕੋਲ ਹੈ। ਜੇ ਇਸ ਬਾਰੇ ਅਮਲ ਨੇਪਰੇ ਚੜ੍ਹਿਆ ਤਾਂ ਨਿਊਜ਼ੀਲੈਂਡ ’ਚ ਇੰਗਲਿਸ਼ ਤੋਂ ਇਲਾਵਾ ਨਵੀਂਆਂ 10 ਭਾਸ਼ਾਵਾਂ ’ਚ ਪੰਜਾਬੀ ਭਾਸ਼ਾ ਨੂੰ ਵੀ ਪ੍ਰਾਇਮਰੀ ਤੇ ਇੰਟਰ-ਮੀਡੀਏਟ ਸਕੂਲਾਂ ’ਚ ਸਨਮਾਨ ਮਿਲ ਸਕਦਾ ਹੈ।