ਪ੍ਰਿਯੰਕਾ ਦਾ ਸੁਨੇਹਾ ਵੀ ਨਹੀਂ ਬਚਾ ਸਕਿਆ ਸਿੱਧੂ ਦਾ ਮਹਿਕਮਾ

ਪ੍ਰਿਯੰਕਾ ਦਾ ਸੁਨੇਹਾ ਵੀ ਨਹੀਂ ਬਚਾ ਸਕਿਆ ਸਿੱਧੂ ਦਾ ਮਹਿਕਮਾ

ਚੰਡੀਗੜ੍ਹ: ਬੀਤੇ ਕੱਲ੍ਹ ਪੰਜਾਬ ਵਜ਼ਾਰਤ ਦੀ ਬੈਠਕ ਵਿੱਚ ਪੰਜਾਬ ਦੇ ਮੰਤਰੀਆਂ ਦੇ ਵਿਭਾਗਾਂ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਤੇ ਨਵਜੋਤ ਸਿੰਘ ਸਿੱਧੂ ਕੋਲੋਂ ਸਥਾਨਕ ਸਰਕਾਰਾਂ ਦਾ ਮਹਿਕਮਾ ਲੈ ਕੇ ਬ੍ਰਹਮ ਮਹਿੰਦਰਾ ਨੂੰ ਦੇ ਦਿੱਤਾ ਗਿਆ। ਲੋਕ ਸਭਾ ਚੋਣਾਂ ਸਮੇਂ ਹੀ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਸਿੱਧੂ ਵਿਚਾਲੇ ਤਿੱਖੇ ਮੱਤਭੇਦ ਪੈਦਾ ਹੋ ਗਏ ਸਨ ਤੇ ਚੋਣ ਨਤੀਜਿਆਂ ਤੋਂ ਬਾਅਦ ਉਸ ਵੇਲੇ ਹੋਰ ਤਿੱਖੇ ਹੋ ਗਏ ਸਨ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰਾਂ ਵਿੱਚ ਕਾਂਗਰਸ ਨੂੰ ਘੱਟ ਵੋਟਾਂ ਪਈਆਂ ਹਨ ਤੇ ਇਸ ਕਰਕੇ ਕਾਂਗਰਸ ਦੋ, ਤਿੰਨ ਸੀਟਾਂ ਹਾਰ ਗਈ ਹੈ। ਇਸ ਲਈ ਸ਼ਹਿਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।  ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਖਹਿਬਾਜ਼ੀ ਨੂੰ ਹੀ ਇਸ ਫੇਰਬਦਲ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। 

ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੁੱਖ ਮੰਤਰੀ ਨੂੰ ਐੱਸਐੱਮਐੱਸ ਕਰਕੇ ਸਿੱਧੂ ਦਾ ਮਹਿਕਮਾ ਨਾ ਬਦਲਣ ਲਈ ਕਿਹਾ ਸੀ। ਇਸ ਸੁਨੇਹੇ ਦਾ ਮੁੱਖ ਮੰਤਰੀ ਨੇ ਕੋਈ ਜੁਆਬ ਦਿੱਤਾ ਹੈ ਜਾਂ ਨਹੀਂ, ਇਸ ਦਾ ਪਤਾ ਨਹੀਂ ਲੱਗ ਸਕਿਆ।

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਬਤੌਰ ਮੰਤਰੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਸਨ। ਬੀਤੇ ਕੱਲ੍ਹ ਹੋਈ ਪੰਜਾਬ ਮੰਤਰੀਮੰਡਲ ਦੀ ਬੈਠਕ ਵਿੱਚ ਨਵਜੋਤ ਸਿੰਘ ਸਿੱਧੂ ਨਹੀਂ ਗਏ ਤੇ ਉਹਨਾਂ ਆਪਣੀ ਰਿਹਾਇਸ਼ 'ਤੇ ਪ੍ਰੈਸ ਕਾਨਫਰੰਸ ਕੀਤੀ।

ਚੋਣਾਂ ਸਮੇਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿਹੜੇ ਮੰਤਰੀਆਂ ਦੀ ਕਾਰਗੁਜ਼ਾਰੀ ਮਾੜੀ ਹੋਵੇਗੀ, ਉਨ੍ਹਾਂ ਦੀ ਵਜ਼ਾਰਤ ਵਿੱਚੋਂ ਛਾਂਟੀ ਕੀਤੀ ਜਾਵੇਗੀ ਪਰ ਅਜੇ ਅਜਿਹਾ ਕੁੱਝ ਨਹੀਂ ਕੀਤਾ ਗਿਆ ਤੇ ਕੇਵਲ ਵਿਭਾਗਾਂ ਵਿਚ ਫੇਰ ਬਦਲ ਕਰਕੇ ਹੀ ਕੰਮ ਸਾਰ ਲਿਆ ਗਿਆ ਹੈ।

ਬ੍ਰਹਮ ਮਹਿੰਦਰਾ ਨੂੰ ਹੁਣ ਸਥਾਨਕ ਸਰਕਾਰਾਂ, ਸੰਸਦੀ ਮਾਮਲੇ ਅਤੇ ਸ਼ਿਕਾਇਤ ਨਿਵਾਰਨ ਮਾਮਲੇ ਦਿੱਤੇ ਹਨ। ਓਮ ਪ੍ਰਕਾਸ਼ ਸੋਨੀ ਕੋਲੋਂ ਸਿੱਖਿਆ ਵਿਭਾਗ ਵਾਪਸ ਲੈ ਲਿਆ ਹੈ ਤੇ ਉਨ੍ਹਾਂ ਨੂੰ ਡਾਕਟਰੀ ਸਿੱਖਿਆ ,ਖੋਜ, ਸੁਤੰਤਰਤਾ ਸੈਨਾਨੀ, ਅਤੇ ਫੂਡ ਪ੍ਰੋਸੈਸਿੰਗ, ਸ੍ਰੀਮਤੀ ਅਰੁਣਾ ਚੌਧਰੀ ਕੋਲੋਂ ਟਰਾਂਸਪੋਰਟ ਵਿਭਾਗ ਵਾਪਸ ਲੈ ਲਿਆ ਹੈ ਤੇ ਉਨ੍ਹਾਂ ਕੋਲ ਸਮਾਜਿਕ ਸੁਰੱਖਿਆ, ਔਰਤਾਂ, ਬਾਲ ਭਲਾਈ ਵਿਕਾਸ ਵਿਭਾਗ ਰਹਿ ਗਿਆ ਹੈ ਤੇ ਸ੍ਰੀਮਤੀ ਰਜ਼ੀਆਂ ਸੁਲਤਾਨਾ ਨੂੰ ਟਰਾਂਸਪੋਰਟ ਵਿਭਾਗ ਦੇ ਦਿੱਤਾ ਹੈ ਤੇ ਉਨ੍ਹਾਂ ਕੋਲ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵੀ ਰਹਿਣਗੇ। ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੂੰ ਸਿੰਜਾਈ, ਮਾਈਨਿੰਗ ਵਿਭਾਗ ਦੇ ਨਾਲ ਮਕਾਨ ਉਸਾਰੀ ਤੇ ਸ਼ਹਿਰੀ ਵਿਭਾਗ ਦੇ ਦਿੱਤਾ ਹੈ। ਸ਼ਹਿਰੀ ਵਿਭਾਗ ਪਹਿਲਾਂ ਪੇਂਡੂ ਪੰਚਾਇਤ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੋਲ ਸੀ। ਉਨ੍ਹਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ ਦੇ ਨਾਲ ਦੋ ਨਵੇਂ ਅਹਿਮ ਵਿਭਾਗ ਪਸ਼ੂ , ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਦਿੱਤੇ ਹਨ।

ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਕੋਲੋਂ ਬਿਜਲੀ ਵਿਭਾਗ ਵਾਪਸ ਲੈ ਲਿਆ ਹੈ ਤੇ ਉਸ ਦੀ ਥਾਂ ਮਾਲ, ਮੁੜ ਵਸੇਬਾ ਅਤੇ ਡਿਜਾਸਟਰ ਮੈਨੇਜਮੈਂਟ ਦੇ ਦਿੱਤਾ ਹੈ। ਵਿਜੇਇੰਦਰ ਸਿੰਗਲਾ ਨੂੰ ਪਬਲਿਕ ਵਰਕਸ ਦੇ ਨਾਲ ਸਕੂਲ ਸਿੱਖਿਆ ਦਾ ਵਿਭਾਗ ਦੇ ਦਿੱਤਾ ਹੈ।  ਬਲਬੀਰ ਸਿੰਘ ਸਿੱਧੂ ਨੂੰ ਹੁਣ ਸਿਹਤ ਤੇ ਪਰਿਵਾਰ ਭਲਾਈ ਦਿੱਤਾ ਹੈ ਤੇ ਕਿਰਤ ਵਿਭਾਗ ਪਹਿਲਾਂ ਹੀ ਉਨ੍ਹਾਂ ਕੋਲ ਸੀ। ਚਰਨਜੀਤ ਸਿੰਘ ਚੰਨੀ ਨੂੰ ਪਹਿਲੇ ਮਹਿਕਮਿਆਂ ਨਾਲ ਹੁਣ ਸੈਰ ਸਪਾਟਾ ਵਿਭਾਗ ਵੀ ਦੇ ਦਿੱਤਾ ਹੈ। ਜਿਨ੍ਹਾਂ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਨਹੀਂ ਕੀਤਾ ਗਿਆ ਉਨ੍ਹਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਸੁੰਦਰ ਸ਼ਿਆਮ ਅਰੋੜਾ, ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਸ਼ਾਮਲ ਹਨ।

ਸਿੱਧੂ ਨੇ ਕੈਪਟਨ ਦੀ ਬਿਆਨਬਾਜ਼ੀ 'ਤੇ ਸਵਾਲ ਚੁੱਕਦਿਆਂ ਤੱਥ ਪੇਸ਼ ਕੀਤੇ
ਵਜ਼ਾਰਤ ਦੀ ਬੈਠਕ ਤੋਂ ਪਾਸੇ ਰਹਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਰਿਹਾਇਸ਼ 'ਤੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ, "ਵਜ਼ਾਰਤ ਦੀਆਂ ਮੀਟਿੰਗਾਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਮੇਰੇ ਤੋਂ ਤਿੰਨ ਇੰਚ ਦੀ ਦੂਰੀ ‘ਤੇ ਹੁੰਦੀ ਹੈ ਪਰ ਮੁੱਖ ਮੰਤਰੀ ਨੂੰ ਮੇਰੇ ਉੱਤੇ ਭਰੋਸਾ ਨਹੀਂ ਹੈ। ਮੈਂ ਹਮੇਸ਼ਾਂ ਉਨ੍ਹਾਂ ਨੂੰ ਵੱਡਾ ਮੰਨਦਾ ਹਾਂ ਪਰ ਮੇਰੇ ਇਕੱਲੇ ਦੇ ਵਿਭਾਗ ਨੂੰ ਨਿਸ਼ਾਨਾ ਬਣਾਇਆ ਗਿਆ। ਉਹ ਇਹ ਗੱਲ ਮੈਨੂੰ ਇਕੱਲੇ ਨੂੰ ਬੁਲਾ ਕੇ ਕਹਿ ਦਿੰਦੇ। ਜੋ ਨਹੀਂ ਕਹੀ ਗਈ"। 

ਇਹ ਪੁੱਛੇ ਜਾਣ ਉੱਤੇ ਕਿ ਤੁਸੀ ਵਜ਼ਾਰਤ ਦੀ ਮੀਟਿੰਗ ਵਿੱਚ ਨਹੀਂ ਗਏ ਤਾਂ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਵਿਭਾਗ ਦਾ ਕੋਈ ਏਜੰਡਾ ਨਹੀਂ ਸੀ ਤੇ ਇਸ ਕਰਕੇ ਉਹ ਮੀਟਿੰਗ ਵਿਚ ਨਹੀਂ ਗਏ।

ਉਨ੍ਹਾਂ ਕਿਹਾ, ‘ਮੈਂ ਡੰਕੇ ਦੀ ਚੋਟ ’ਤੇ ਕਹਿੰਦਾ ਹਾਂ ਸ਼ਹਿਰਾਂ ਨੇ ਕਾਂਗਰਸ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ।’ ਪੰਜਾਬ ਪ੍ਰਦੇਸ ਕਾਂਗਰਸ ਅਨੁਸਾਰ ਵਿਧਾਨ ਸਭਾ ਦੀਆਂ 54 ਸ਼ਹਿਰੀ ਸੀਟਾਂ ਹਨ ਤੇ ਕਾਂਗਰਸ ਨੇ ਇਨ੍ਹਾਂ ਵਿਚੋ 34 ਜਿੱਤੀਆਂ ਹਨ। ਨਿਰੋਲ 25 ਸ਼ਹਿਰੀ ਸੀਟਾਂ ਹਨ ਜਿਨ੍ਹਾਂ ਵਿਚੋ 16 ਜਿੱਤੀਆਂ ਹਨ। ਕਾਂਗਰਸ ਨੇ ਚਾਰੇ ਨਗਰ ਨਿਗਮਾਂ ਦੀਆਂ ਚੋਣਾਂ ਜਿੱਤੀਆਂ ਹਨ। ਪਿਛਲੀ ਵਾਰ 2014 ਦੀਆਂ ਚੋਣਾਂ ਵਿਚ ਕਾਂਗਰਸ ਨੇ ਸ਼ਹਿਰੀ ਸੀਟਾਂ ਵਿੱਚੋਂ ਕੇਵਲ 37 ਜਿੱਤੀਆ ਸਨ ਤੇ ਇਸ ਵਾਰ 34 ਜਿੱਤੀਆਂ ਹਨ। ਪਿੰਡਾਂ ਦੀਆਂ 63 ਸੀਟਾਂ ਵਿੱਚੋਂ ਕਾਂਗਰਸ ਨੇ 35 ਜਿੱਤੀਆਂ ਹਨ ਜੋ 55 ਫੀਸਦੀ ਬਣਦੀਆਂ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਸੀਟਾਂ ਕਾਂਗਰਸ ਨੇ ਨਹੀਂ ਜਿੱਤੀਆਂ। 

ਉਨ੍ਹਾਂ ਕਿਹਾ ਕਿ ਜਦੋਂ ਸਵਾ ਦੋ ਸਾਲ ਪਹਿਲਾਂ ਸਥਾਨਕ ਸਰਕਾਰਾਂ ਦਾ ਵਿਭਾਗ ਦਿੱਤਾ ਗਿਆ ਸੀ ਤਾਂ ਵਿਭਾਗ ਕੋਲ ਕੋਈ ਪੈਸਾ ਨਹੀਂ ਸੀ ਤੇ ਇਸ ਵੇਲੇ ਦਸ ਹਜ਼ਾਰ ਕਰੋੜ ਰੁਪਏ ਹਨ ਤੇ ਸਮਾਰਟ ਸਿਟੀ ਕੋਲ ਇਸ ਤੋਂ ਵੱਖ ਪੈਸਾ ਹੈ ਤੇ ਫਿਰ ਵੀ ਉਨ੍ਹਾਂ ਦੇ ਇਕੱਲੇ ਵਿਭਾਗ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਵਾਜਬ ਨਹੀਂ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸਦਾ ਅਸੂਲਾਂ ‘ਤੇ ਪਹਿਰਾ ਦਿੱਤਾ ਹੈ। 

ਇਸ ਮੌਕੇ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਭਗਵੰਤ ਸਿੰਘ ਸਿੱਧੂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕਵਿਤਾ ਦੀਆਂ ਦੋ ਸਤਰਾਂ ਸੁਣਾਈਆਂ, ‘ਅਸੂਲੋਂ ਪੇ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈ, ਜ਼ਿੰਦਾ ਹੈ, ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ।’ ਇਸ ਤੋਂ ਸਪੱਸ਼ਟ ਹੈ ਕਿ ਸਿੱਧੁੂ ਆਪਣੇ ਹੱਕ ਸੱਚ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ