ਨਵਜੋਤ ਸਿੱਧੂ ਨੇ ਕੈਪਟਨ ਨੂੰ ਭੇਜਿਆ ਅਸਤੀਫਾ; ਰਾਜਨੀਤਕ ਭਵਿੱਖ ਸਬੰਧੀ ਗੱਲਾਂ ਦਾ ਬਜ਼ਾਰ ਗਰਮ

ਨਵਜੋਤ ਸਿੱਧੂ ਨੇ ਕੈਪਟਨ ਨੂੰ ਭੇਜਿਆ ਅਸਤੀਫਾ; ਰਾਜਨੀਤਕ ਭਵਿੱਖ ਸਬੰਧੀ ਗੱਲਾਂ ਦਾ ਬਜ਼ਾਰ ਗਰਮ

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਮੰਤਰੀ ਅਹੁਦੇ ਤੋਂ ਆਪਣਾ ਅਸਤੀਫਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਹੈ। ਇਸ ਸਬੰਧੀ ਅੱਜ ਇੱਕ ਹੋਰ ਟਵੀਟ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ, "ਮੈਂ ਅੱਜ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ, ਜੋ ਉਹਨਾਂ ਦੀ ਸਰਕਾਰੀ ਰਿਹਾਇਸ਼ 'ਤੇ ਭੇਜਿਆ ਗਿਆ ਹੈ। 

ਬੀਤੇ ਕੁੱਝ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਸ਼ੀਤ ਯੁੱਧ ਵਰਗੇ ਹਾਲਾਤ ਬਣੇ ਹੋਏ ਸੀ ਤੇ ਇਹ ਲੜਾਈ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਲੋਕ ਸੱਥਾਂ ਸਾਹਮਣੇ ਪ੍ਰਤੱਖ ਹੋ ਗਈ ਸੀ। ਉਸ ਤੋਂ ਬਾਅਦ ਇਸ ਮੱਘ ਰਹੀ ਧੂਣੀ ਵਿੱਚ ਤੇਲ ਪਾਉਣ ਦਾ ਕੰਮ ਕੈਪਟਨ ਵੱਲੋਂ ਨਵਜੋਤ ਦਾ ਮਹਿਕਮਾ ਬਦਲਣ ਦੇ ਫੈਂਸਲੇ ਨੇ ਕਰ ਦਿੱਤਾ ਸੀ। 

ਸਥਾਨਕ ਸਰਕਾਰਾਂ ਬਾਰੇ ਵਿਭਾਗ ਤੋਂ ਬਿਜ਼ਲੀ ਮਹਿਕਮੇ ਵਿੱਚ ਤਬਦੀਲੀ ਤੋਂ ਬਾਅਦ ਨਵਜੋਤ ਸਿੱਧੂ ਨੇ ਨਵੇਂ ਕੁਰਸੀ ਵੱਲ ਮੂੰਹ ਹੀ ਨਹੀਂ ਕੀਤਾ। ਸਿੱਧੂ ਵੱਲੋਂ ਪਿਛਲੇ ਮਹੀਨੇ ਦਾ ਹੀ ਆਪਣਾ ਅਸਤੀਫਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਿਆ ਜਾ ਚੁੱਕਿਆ ਸੀ ਜਿਸ ਨੂੰ ਸਿੱਧੂ ਨੇ ਬੀਤੇ ਕੱਲ੍ਹ ਜਨਤਕ ਕੀਤਾ ਸੀ। 

ਸਿੱਧੂ ਵੱਲੋਂ ਭੇਜੇ ਅਸਤੀਫੇ 'ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕੀ ਕਾਰਵਾਈ ਕਰਦੇ ਹਨ ਇਸ ਸਬੰਧੀ ਕੁੱਝ ਸਮੇਂ ਦੀ ਉਡੀਕ ਕਰਨੀ ਪੈ ਸਕਦੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਦਿੱਲੀ ਗਏ ਹੋਏ ਹਨ। 

ਜੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਹੋ ਜਾਂਦਾ ਹੈ ਤੇ ਸਵਾਲ ਉੱਠ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਕੀ ਹੋਵੇਗਾ। ਇਸ ਸਬੰਧੀ ਫਿਲਹਾਲ ਭੇਦ ਬਣਿਆ ਹੋਇਆ ਹੈ। ਇੱਥੇ ਧਿਆਨ ਰੱਖਣ ਯੋਗ ਗੱਲ ਹੈ ਕਿ ਨਵਜੋਤ ਸਿੱਧੂ ਨੂੰ ਕਿਸੇ ਸਮੇਂ ਆਰ.ਐੱਸ.ਐੱਸ ਦੇ ਖਾਸ ਬੰਦੇ ਵਜੋਂ ਜਾਣਿਆ ਜਾਂਦਾ ਸੀ, ਪਰ ਬਾਦਲ ਪਰਿਵਾਰ ਨਾਲ ਟੱਕਰ ਕਾਰਨ ਬਣੇ ਹਾਲਤਾਂ ਵਿੱਚੋਂ ਨਵਜੋਤ ਸਿੱਧੂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਂਸਲਾ ਕੀਤਾ ਸੀ। ਹੁਣ ਕਾਂਗਰਸ ਵੱਲੋਂ ਵੀ ਧੱਕਾ ਲੱਗਣ ਮਗਰੋਂ ਨਵਜੋਤ ਕਿਹੜਾ ਰਾਹ ਚੁਣਦੇ ਹਨ ਇਹ ਪੰਜਾਬ ਦੀ ਸਿਆਸਤ ਦੀ ਸਭ ਤੋਂ ਚਰਚਿਤ ਗੱਲ ਬਣੀ ਹੋਈ ਹੈ।

ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਨਵਜੋਤ ਸਿੱਧੂ ਵੱਲੋਂ ਕੀਤੇ ਗਏ ਕਾਰਜ ਕਰਕੇ ਹੁਣ ਸਿੱਖਾਂ ਵਿੱਚ ਵੀ ਨਵਜੋਤ ਸਿੱਧੂ ਆਪਣਾ ਕੁੱਝ ਅਧਾਰ ਬਣਾ ਚੁੱਕੇ ਹਨ ਪਰ ਸਿੱਖ ਰਾਜਨੀਤੀ ਉਹਨਾਂ ਨੂੰ ਪ੍ਰਵਾਨ ਕਰੇਗੀ ਜਾ ਨਹੀਂ, ਉਹ ਆਪਣੀ ਰਾਜਨੀਤੀ 'ਤੇ ਇਹ ਰੰਗ ਚੜ੍ਹਾਉਣਾ ਚਾਹੁੰਦੇ ਹਨ ਜਾਂ ਨਹੀਂ, ਇਹਨਾਂ ਗੱਲਾਂ 'ਤੇ ਸਵਾਲੀਆ ਚਿੰਨ੍ਹ ਬਣੇ ਹੋਏ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ