ਹਰਿਆਣਾ ਵਿਚ ਹਿੰਦੂ ਭੀੜ ਨੇ ਮੁਸਲਮਾਨ ਪਰਿਵਾਰ ਦੇ ਘਰ ਵਿਚ ਵੜ੍ਹ ਕੇ ਕੁੱਟਮਾਰ ਕੀਤੀ

ਹਰਿਆਣਾ ਵਿਚ ਹਿੰਦੂ ਭੀੜ ਨੇ ਮੁਸਲਮਾਨ ਪਰਿਵਾਰ ਦੇ ਘਰ ਵਿਚ ਵੜ੍ਹ ਕੇ ਕੁੱਟਮਾਰ ਕੀਤੀ

ਨਵੀਂ ਦਿੱਲੀ: ਭਾਰਤ ਵਿਚ ਬਹੁਗਿਣਤੀ ਭੀੜਾਂ ਵੱਲੋਂ ਘੱਟਗਿਣਤੀਆਂ ਦੇ ਕਤਲੇਆਮ ਦੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਆ ਰਹੀਆਂ ਹਨ ਤੇ ਇਹ ਵਰਤਾਰਾ ਕਾਂਗਰਸ, ਭਾਜਪਾ ਦੋਵਾਂ ਦੀਆਂ ਸਰਕਾਰਾਂ ਵਿਚ ਵਾਪਰਦਾ ਰਿਹਾ ਹੈ। ਪਰ ਜਦੋਂ ਤੋਂ ਮੋਦੀ ਸਰਕਾਰ ਭਾਰਤ ਦੀ ਸੱਤਾ 'ਤੇ ਕਾਬਜ਼ ਹੋਈ ਹੈ ਇਕ ਖਾਸ ਤਰ੍ਹਾਂ ਦਾ ਮਾਹੌਲ ਮੁਸਲਮਾਨਾਂ ਖਿਲਾਫ ਸਿਰਜਿਆ ਗਿਆ ਹੈ ਜਿੱਥੇ ਹਿੰਦੂ ਭੀੜ ਆਪ ਮੁਹਾਰੇ ਛੋਟੇ-ਛੋਟੇ ਸਮੂਹਾਂ ਵਿਚ ਵੱਖ-ਵੱਖ ਥਾਵਾਂ 'ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਕੁੱਟਮਾਰ ਕਰਨ ਵਿਚ ਕਿਸੇ ਕਿਸਮ ਦਾ ਡਰ ਨਹੀਂ ਮੰਨਦੀਆਂ। ਗਾਂ ਦੇ ਮਾਸ ਦੇ ਨਾਂ 'ਤੇ ਅਜਿਹੇ ਭੀੜਤੰਤਰ ਦਾ ਚਿਹਰਾ ਸਾਰੀ ਦੁਨੀਆ ਦੇਖ ਚੁੱਕੀ ਹੈ। ਅਜਿਹੀ ਹੀ ਇਕ ਘਟਨਾ ਬੀਤੇ ਵੀਰਵਾਰ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਵਾਪਰੀ ਜਿੱਥੇ ਹੋਲੀ ਦੇ ਤਿਉਹਾਰ ਮੌਕੇ ਹਿੰਦੂ ਭੀੜ ਵੱਲੋਂ ਮੁਸਲਮਾਨਾਂ ਦੇ ਘਰ 'ਤੇ ਹਮਲਾ ਕਰਕੇ ਪਰਿਵਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਪੁਲਿਸ ਵੱਲੋਂ ਇਸ ਮਾਮਲੇ ਵਿਚ ਦਰਜ ਕੀਤੀ ਗਈ ਐਫਆਈਆਰ ਮੁਤਾਬਿਕ ਇਹ ਘਟਨਾ ਵੀਰਵਾਰ ਨੂੰ ਸ਼ਾਮ 5 ਵਜੇ ਵਾਪਰੀ। ਗੁਰੂਗ੍ਰਾਮ ਦੇ ਧਮਸਪੁਰ ਪਿੰਡ ਵਿਚ ਰਹਿਣ ਵਾਲੇ ਮੋਹੱਮਦ ਸਾਜਿਦ ਦੇ ਘਰ 'ਤੇ ਹਿੰਦੂ ਨੌਜਵਾਨਾਂ ਦੀ ਭੀੜ ਨੇ ਹਮਲਾ ਕਰ ਦਿੱਤਾ। ਰਿਪੋਰਟ ਮੁਤਾਬਿਕ ਇਸ ਪਰਿਵਾਰ ਦੇ ਮੁੰਡੇ ਗਲੀ ਵਿਚ ਕ੍ਰਿਕਟ ਖੇਡ ਰਹੇ ਸਨ ਤਾਂ ਹਮਲਾਵਰਾਂ ਵਿਚੋਂ ਕੁੱਝ ਮੁੰਡੇ ਉੱਥੇ ਆਏ ਅਤੇ ੳਨ੍ਹਾਂ ਨੂੰ ਕਿਹਾ ਕਿ "ਪਾਕਿਸਤਾਨ ਜਾ ਕੇ ਕ੍ਰਿਕਟ ਖੇਡੋ"। 

ਇਸ ਹਮਲੇ ਵਿੱਚ ਹਮਲਾਵਰਾਂ ਦੀ ਕੁੱਟ ਦਾ ਸ਼ਿਕਾਰ ਹੋਏ ਮੋਹੱਮਦ ਸਾਜਿਦ ਦੇ ਭਤੀਜੇ ਦਿਲਸ਼ਾਦ ਨੇ ਇੰਡੀਅਨ ਐਕਸਪ੍ਰੈਸ ਅਖਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਗਲੀ ਵਿਚ ਆਪਣੇ ਭਰਾਵਾਂ ਨਾਲ ਕ੍ਰਿਕਟ ਖੇਡ ਰਿਹਾ ਸੀ ਜਦੋਂ ਦੋ ਬੰਦੇ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਨੂੰ ਕਿਹਾ, "ਤੁਸੀਂ ਇੱਥੇ ਕੀ ਕਰ ਰਹੇ ਹੋ? ਪਾਕਿਸਤਾਨ ਜਾਓ ਤੇ ਉੱਥੇ ਖੇਡੋ।"

ਇਸ ਤੋਂ ਬਾਅਦ ਇਹ ਲੋਕ ਆਪਣੇ ਸਾਥੀਆਂ ਨਾਲ ਵਾਪਿਸ ਆਏ ਤੇ ਉਹਨਾਂ ਪਰਿਵਾਰ ਦੇ ਘਰ ਵਿਚ ਵੜ੍ਹ ਕੇ ਹਮਲਾ ਕਰ ਦਿੱਤਾ। ਇਸ ਮੌਕੇ ਪਰਿਵਾਰ ਦੇ ਬੱਚੇ ਅਤੇ ਕੁੜੀਆਂ ਸਿਖਰਲੀ ਛੱਤ 'ਤੇ ਭੱਜ ਕੇ ਲੁੱਕ ਗਏ ਤੇ ਉਹਨਾਂ ਵਿਚੋਂ ਇਕ ਕੁੜੀ ਨੇ ਪਰਿਵਾਰਕ ਮੈਂਬਰਾਂ ਨਾਲ ਹੋਈ ਕੁੱਟਮਾਰ ਦੀ ਵੀਡੀਓ ਬਣਾ ਲਈ। 

ਪੁਲਿਸ ਇਸ ਘਟਨਾ ਨੂੰ ਮਹਿਜ਼ ਇਕ ਝਗੜੇ ਦੀ ਘਟਨਾ ਦਰਸਾ ਰਹੀ ਹੈ। ਇਸ ਮਾਮਲੇ ਵਿਚ ਦਰਜ ਕੀਤੀ ਐਫਆਈਆਰ ਵਿਚ ਦੋਸ਼ੀਆਂ ਖਿਲਾਫ ਭਾਰਤੀ ਪੈਨਲ ਕੋਡ ਦੀ ਧਾਰਾ 148 (ਦੰਗਾ), 149 (ਗੈਰਕਾਨੂੰਨੀ ਇਕੱਤਰਤਾ), 307 (ਇਰਾਦਾ ਕਤਲ), 323, 427, 452 ਅਤੇ 506 ਅਧੀਨ ਮਾਮਲਦਾ ਦਰਜ ਕੀਤਾ ਗਿਆ ਹੈ। 

ਭੋਂੜਸੀ ਪੁਲਿਸ ਥਾਣੇ ਦੇ ਐਸਐਚਓ ਸੁਰਿੰਦਰ ਕੁਮਾਰ ਨੇ ਕਿਹਾ ਕਿ ਕੁੱਝ ਦੋਸ਼ੀਆਂ ਨੂੰ ਪਛਾਣ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ