ਭਾਰਤ ਸਰਕਾਰ ਨੇ ਕਸ਼ਮੀਰ ਦੀ ਅਜ਼ਾਦੀ ਪਸੰਦ ਜਥੇਬੰਦੀ ਜੇਕੇਐਲਐਫ 'ਤੇ ਲਾਈ ਪਾਬੰਦੀ
ਨਵੀਂ ਦਿੱਲੀ: ਭਾਰਤ ਸਰਕਾਰ ਨੇ ਕਸ਼ਮੀਰ ਵਿਚ ਲੋਕਤੰਤਰਿਕ ਢੰਗ ਨਾਲ ਕਸ਼ਮੀਰ ਦੀ ਅਜ਼ਾਦੀ ਲਈ ਰਾਜਨੀਤੀ ਕਰਨ ਵਾਲੀ ਜੰਮੂ ਕਸ਼ਮੀਰ ਦੇ ਵੱਖਵਾਦੀ ਆਗੂ ਯਾਸਿਨ ਮਲਿਕ ਦੀ ਅਗਵਾਈ ਵਾਲੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ) 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਪਾਬੰਧੀ ਲਈ ਭਾਰਤ ਸਰਕਾਰ ਨੇ ਅੱਤਵਾਦ ਵਿਰੋਧੀ ਕਾਨੂੰਨ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ, 1967 ਨੂੰ ਅਧਾਰ ਬਣਾਇਆ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਭਾਰਤ ਸਰਕਾਰ ਨੇ ਕਸ਼ਮੀਰ ਦੀ ਜਮਾਤ-ਏ-ਇਸਲਾਮੀ ਜਥੇਬੰਦੀ 'ਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ ਦੀ ਧਾਰਾ 3(1) ਅਧੀਨ ਪਾਬੰਦੀ ਲਗਾ ਦਿੱਤੀ ਸੀ।
ਭਾਰਤ ਸਰਕਾਰ ਨੇ ਇਸੇ ਧਾਰਾ ਅਧੀਨ ਜੇਕੇਐਲਐਫ 'ਤੇ ਪਾਬੰਦੀ ਲਗਾਈ ਹੈ। ਇਹ ਧਾਰਾ ਭਾਰਤ ਦੀ ਕੇਂਦਰ ਸਰਕਾਰ ਨੂੰ ਇਹ ਤਾਕਤ ਦਿੰਦੀ ਹੈ ਕਿ ਉਹ ਕਿਸੇ ਵੀ ਜਥੇਬੰਦੀ ਨੂੰ ਗੈਰਕਾਨੂੰਨੀ ਐਲਾਨ ਸਕਦੀ ਹੈ।
ਭਾਰਤ ਦੇ ਗ੍ਰਹਿ ਸਕੱਤਰ ਰਾਜੀਵ ਗੁੱਬਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 1989 ਵਿਚ ਜੇਕੇਐਲਐਫ ਵੱਲੋਂ ਕਸ਼ਮੀਰੀ ਪੰਡਿਤਾਂ ਦੇ ਕਤਲ ਕੀਤੇ ਗਏ ਸਨ ਜਿਸ ਨਾਲ ਵੱਡੀ ਗਿਣਤੀ ਵਿਚ ਕਸ਼ਮੀਰੀ ਪੰਡਿਤ ਕਸ਼ਮੀਰ ਛੱਡਣ ਲਈ ਮਜ਼ਬੂਰ ਹੋਏ ਸਨ। ਗੁੱਬਾ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਦੀ ਸਜਿਸ਼ ਯਾਸਿਨ ਮਲਿਕ ਨੇ ਘੜੀ ਸੀ ਅਤੇ ਉਹ ਇਸ ਲਈ ਜਿੰਮੇਵਾਰ ਹੈ।
ਜੇਕੇਐਲਐਫ 'ਤੇ ਪਾਬੰਦੀ ਲਾਉਣ ਦਾ ਇਹ ਫੈਂਸਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੀ ਸੁਰੱਖਿਆ ਬਾਰੇ ਕੇਂਦਰੀ ਕਮੇਟੀ ਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਲਿਆ ਗਿਆ ਹੈ।
ਗੁੱਬਾ ਨੇ ਕਿਹਾ ਕਿ ਜੰਮੂ ਕਸ਼ਮੀਰ ਪੁਲਿਸ ਨੇ ਜੇਕੇਐਲਐਫ ਖਿਲਾਫ 37 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਹਨਾਂ ਵਿਚ 2 ਮਾਮਲੇ ਭਾਰਤੀ ਹਵਾਈ ਫੌਜ ਦੇ ਜਵਾਨਾਂ ਦੇ ਕਤਲ ਦੇ ਹਨ ਜਿਹਨਾਂ ਨੂੰ ਸੀਬੀਆਈ ਨੇ ਦਰਜ ਕੀਤਾ ਹੈ। ਗੁੱਬਾ ਨੇ ਕਿਹਾ ਕਿ ਕੁੱਝ ਮਾਮਲਿਆਂ ਦੀ ਜਾਂਚ ਐਨਆਈਏ ਵੀ ਕਰ ਰਹੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਜੇਕੇਐਲਐਫ ਲਗਾਤਾਰ ਕਸ਼ਮੀਰ ਵਿਚ ਵੱਖਵਾਦ ਅਤੇ ਅੱਤਵਾਦ ਦਾ ਸਮਰਥਨ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਜੇਕੇਐਲਐਫ ਕਸ਼ਮੀਰ ਦੀ ਪਹਿਲੀ ਜਥੇਬੰਦੀ ਸੀ ਜਿਸਨੇ ਭਾਰਤ ਸਰਕਾਰ ਖਿਲਾਫ ਅਤੇ ਕਸ਼ਮੀਰ ਦੀ ਅਜ਼ਾਦੀ ਲਈ ਹਥਿਆਰ ਚੁੱਕੇ ਸਨ। ਪਰ 2000 ਵਿਚ ਜੇਕੇਐਲਐਫ ਨੇ ਭਾਰਤ ਦੀ ਅਟਲ ਬਿਹਾਰੀ ਵਾਜਪਈ ਦੀ ਅਗਵਾਈ ਵਾਲੀ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਸੀ।
ਹੁਣ ਜੇਕੇਐਲਐਫ ਮੁਖੀ ਯਾਸਿਨ ਮਲਿਕ ਕਸ਼ਮੀਰ ਦੀਆਂ ਅਜ਼ਾਦੀ ਪਸੰਦ ਧਿਰਾਂ ਵੱਲੋਂ ਬਣਾਏ ਗਏ ਸਾਂਝੇ ਫਰੰਟ ਵਿਚ ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਸਮੇਤ ਸ਼ਾਮਿਲ ਹਨ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਯਾਸਿਨ ਮਲਿਕ ਨੂੰ ਪਬਲਿਕ ਸੇਫਟੀ ਕਾਨੂੰਨ ਅਧੀਨ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਉਹ ਜੰਮੂ ਜੇਲ੍ਹ ਵਿਚ ਨਜ਼ਰਬੰਦ ਹਨ।
ਇਹਨਾਂ ਦਿਨਾਂ ਦੌਰਾਨ ਕਸ਼ਮੀਰ ਵਿਚ ਲੰਬੇ ਸਮੇਂ ਤੋਂ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਲੋਕਤੰਤਰਿਕ ਢੰਗ ਨਾਲ ਚਲਾ ਰਹੀਆਂ ਜਥੇਬੰਦੀਆਂ ਉੱਤੇ ਭਾਰਤ ਸਰਕਾਰ ਲਗਾਤਾਰ ਕਾਰਵਾਈ ਕਰ ਰਹੀ ਹੈ ਜਿਸ ਦਾ ਜੰਮੂ ਕਸ਼ਮੀਰ ਦੀਆਂ ਹਿੰਦ ਨਵਾਜ਼ ਪਾਰਟੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)