ਫਿਲਮ "ਦਾਸਤਾਨ-ਏ-ਮੀਰੀ-ਪੀਰੀ" ਖਿਲਾਫ ਸੰਘਰਸ਼ ਪਹੁੰਚਿਆ ਅੰਮ੍ਰਿਤਸਰ; ਫਿਲਮ ਬੰਦ ਕਰਵਾਉਣ ਲਈ ਪੱਕਾ ਮੋਰਚਾ ਸ਼ੁਰੂ
ਅੰਮ੍ਰਿਤਸਰ: ਗੁਰੂ ਸਾਹਿਬ ਨੂੰ ਐਨੀਮੇਟਿਡ ਕਾਰਟੂਨ ਵਖਾ ਕੇ ਬੇਅਦਬੀ ਕਰਦੀ ਫਿਲਮ "ਦਾਸਤਾਨ-ਏ-ਮੀਰੀ-ਪੀਰੀ" ਖਿਲਾਫ ਸਿੱਖ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਿਆ ਹੈ ਜਿੱਥੇ ਅੱਜ ਸਿੱਖ ਸੰਗਤਾਂ ਨੇ ਦਰਬਾਰ ਸਾਹਿਬ ਨੂੰ ਜਾਂਦੇ ਰਾਹ ਵਿੱਚ ਗੁਰਦੁਆਰਾ ਸਾਰਾਗੜੀ ਸਾਹਿਬ ਕੋਲ ਬਣੇ ਚੌਂਕ 'ਚ ਫਿਲਮ 'ਤੇ ਪੂਰਨ ਪਾਬੰਦੀ ਲਗਵਾਉਣ ਹਿੱਤ ਸ਼੍ਰੋਮਣੀ ਕਮੇਟੀ ਦੀ ਜ਼ਮੀਰ ਜਗਾਉਣ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ।
ਅੱਜ ਦੁਪਹਿਰ ਵੇਲੇ ਪੰਜਾਬ ਦੀ ਰਿਾਰਡ ਤੋੜ ਗਰਮੀ ਦੇ ਤਾਪ ਹੇਠ ਸਿੱਖ ਸੰਗਤਾਂ ਇਸ ਫਿਲਮ ਦੇ ਵਿਰੋਧ ਵਿੱਚ ਹੱਥਾਂ 'ਚ ਸੁਨੇਹੇ ਫੜੀ ਚੌਂਕ 'ਤੇ ਖੜੀਆਂ ਰਹੀਆਂ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਿੱਖ ਸੰਗਤਾਂ ਨੇ ਫਿਲਮ 'ਤੇ ਪੂਰਨ ਪਾਬੰਦੀ ਦੀ ਮੰਗ ਨੂੰ ਲੈ ਕੇ ਪੱਕਾ ਮੋਰਚਾ ਲਾ ਦਿੱਤਾ ਹੈ।
ਹੁਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਿਕ ਰਾਤ 10.30 ਵਜੇ ਮੋਰਚੇ 'ਤੇ 50 ਦੇ ਕਰੀਬ ਸਿੰਘ ਤੇ ਬੀਬੀਆਂ ਬੈਠੇ ਹਨ ਤੇ ਬਾਕੀ ਸੰਗਤਾਂ ਵਾਪਿਸ ਘਰਾਂ ਨੂੰ ਚਲੇ ਗਈਆਂ ਸਨ ਤੇ ਸਵੇਰੇ ਹੋਰ ਸੰਗਤਾਂ ਦੇ ਆਉਣ ਨਾਲ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਇਸ ਮਸਲੇ 'ਤੇ ਬਿਲਕੁੱਲ ਚੁੱਪ ਧਾਰੀ ਹੋਈ ਸੀ ਪਰ ਸਿੱਖ ਸੰਗਤਾਂ ਦੇ ਵਿਰੋਧ ਦੇ ਚਲਦਿਆਂ 29 ਮਈ ਨੂੰ ਇੱਕ ਬੈਠਕ ਰੱਖੀ ਗਈ ਸੀ। ਇਸ ਬੈਠਕ ਵਿੱਚ ਬੁਲਾਏ ਮੈਂਬਰਾਂ ਵਿੱਚ ਇਸ ਵਿਵਾਦਿਤ ਫਿਲਮ ਦੇ ਡਾਇਲਾਗ ਲਿਖਣ ਵਾਲੇ ਇੰਦਰਜੀਤ ਸਿੰਘ ਗੋਗੋਆਣੀ ਵੀ ਸ਼ਾਮਿਲ ਸਨ। ਇਸ ਬੈਠਕ ਵਿੱਚ ਮੋਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਹਰਦੀਪ ਸਿੰਘ ਨੇ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਰਾਹੀਂ ਚਿਤਰਣ ਖਿਲਾਫ ਆਪਣਾ ਲਿਖਤੀ ਵਿਰੋਧ ਦਰਜ ਕਰਵਾਇਆ ਸੀ ਪਰ ਬਾਕੀ ਦੇ 4 ਮੈਂਬਰ ਫਿਲਮ ਦੇ ਗੈਰ ਸਿਧਾਂਤਿਕ ਹੋਣ ਦੇ ਬਾਵਜੂਦ ਚੁੱਪ ਸਨ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਆਪਣੇ ਫੇੱਸਬੁੱਕ ਪੇਜ 'ਤੇ ਐਨੀਮੇਸ਼ਨ ਦੀ ਵਕਾਲਤ ਕਰ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਨ ਨਾ ਆਏ।
ਅੱਜ ਨਿਹੰਗ ਸਿੰਘ ਜਥੇਬੰਦੀ ਦਲ ਬਾਬਾ ਬਿਧੀ ਚੰਦ ਸਾਹਿਬ ਦੇ ਮੁੱਖੀ ਬਾਬਾ ਅਵਤਾਰ ਸਿੰਘ ਨੇ ਵੀ ਇਸ ਫਿਲਮ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।
ਹੁਣ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ 3 ਜੂਨ ਨੂੰ ਅਗਲੀ ਬੈਠਕ ਰੱਖੀ ਗਈ ਹੈ ਜਿਸ ਤੋਂ ਬਾਅਦ 4 ਜੂਨ ਨੂੰ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਫੈਂਸਲਾ ਕੀਤਾ ਜਾਵੇਗਾ। ਜਦਕਿ 5 ਜੂਨ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ।
ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਨੂੰ ਲਟਕਾ ਰਹੀ ਹੈ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਦੀ ਇਸ ਫਿਲਮ ਨੂੰ ਰਿਲੀਜ਼ ਕਰਾਉਣਾ ਚਾਹੁੰਦੀ ਹੈ। ਸੰਗਤਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਹੋਣ ਦੇਣਗੇ ਤੇ ਇਸ ਫਿਲਮ ਨੂੰ ਨਹੀਂ ਚੱਲਣ ਦੇਣਗੇ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)