ਮੋਦੀ ਸਰਕਾਰ ਨੇ 'ਪੰਥਕ ਮਾਮਲਿਆਂ ' ਬਾਰੇ 'ਬੇਰੁਖੀ' ਅਪਨਾਈ

ਮੋਦੀ ਸਰਕਾਰ ਨੇ 'ਪੰਥਕ ਮਾਮਲਿਆਂ ' ਬਾਰੇ 'ਬੇਰੁਖੀ' ਅਪਨਾਈ

*ਬੰਦੀ ਸਿਖਾਂ ਨੂੰ ਰਿਹਾਅ ਕਰਨ ਲਈ ਤਿਆਰ ਨਹੀਂ

*ਸ਼ੋ੍ਮਣੀ ਕਮੇਟੀ ਨੂੰ ਗਲਬਾਤ ਲਈ ਸਮਾਂ ਨਹੀਂ ਦਿਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮਿ੍ਤਸਰ-ਲੋਕ ਸਭਾ ਚੋਣਾਂ ਐਨ ਸਿਰ 'ਤੇ ਹੋਣ ਦੇ ਬਾਵਜੂਦ ਕੇਂਦਰ ਵਿਚ ਮੋਦੀ ਸਰਕਾਰ ਵਲੋਂ ਲੰਬੇ ਅਰਸੇ ਤੋਂ 'ਸਿੱਖ ਮਸਲਿਆਂ' ਪ੍ਰਤੀ ਦਿਖਾਈ ਜਾ ਰਹੀ 'ਬੇਰੁਖੀ' ਅਜੇ ਤੱਕ ਵੀ ਬਰਕਰਾਰ ਰਹਿਣ ਕਾਰਨ ਇਨ੍ਹਾਂ ਸਿੱਖ ਮਸਲਿਆਂ ਸੰਬੰਧੀ ਗੱਲਬਾਤ ਜਾਂ ਕੋਈ ਹੱਲ ਚੋਣਾਂ ਤੋਂ ਬਾਅਦ ਅਗਲੀ ਸਰਕਾਰ ਦੇ ਗਠਨ ਉਪਰੰਤ ਹੀ ਨਿਕਲਣ ਦੀ ਸੰਭਾਵਨਾ ਹੈ । ਜ਼ਿਕਰਯੋਗ ਹੈ ਕਿ ਸ਼ੋ੍ਮਣੀ ਕਮੇਟੀ ਵਲੋਂ ਲੰਬੇ ਅਰਸੇ ਤੋਂ ਕੇਂਦਰ ਕੋਲ ਸਿੱਖ ਜਗਤ ਨੂੰ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ਦੀ ਚਾਰਾਜੋਈ ਕੀਤੀ ਜਾ ਰਹੀ ਹੈ, ਪਰ ਕੇਂਦਰ ਸਰਕਾਰ ਸਿੱਖ ਮਸਲਿਆਂ ਪ੍ਰਤੀ ਪੂਰੀ ਤਰ੍ਹਾਂ ਅੱਖਾਂ ਮੀਟੀ ਬੈਠੀ ਹੈ ।ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਚੋਣਾਂ ਤੋਂ ਪਹਿਲਾਂ ਦੇਸ਼ ਦੇ ਹਰ ਵਰਗ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਵਿਚ ਹੈ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਜ਼ਾਵਾਂ ਪੂਰੀਆਂ ਕਰ ਚੁਕੇ ਤੇ ਕਈ ਕਈ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਦੇ ਆਪਣੇ ਵਲੋਂ ਹੀ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕਰ ਸਕੀ ।ਇਸ ਨੋਟੀਫਿਕੇਸ਼ਨ ਦੇ ਜਾਰੀ ਨਾ ਹੋਣ ਕਾਰਨ ਹੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਬਲਵੰਤ ਸਿੰਘ ਖੈੜਾ ਕਰੀਬ ਤਿੰਨ-ਤਿੰਨ ਦਹਾਕਿਆਂ ਦੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅਜੇ ਤੱਕ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਕੈਦ ਹਨ।ਹਾਲਾਂਕਿ ਪ੍ਰੋ: ਭੁੱਲਰ ਦੀ ਰਿਹਾਈ ਵਿਚ 'ਆਪ' ਦੀ ਦਿੱਲੀ ਸਰਕਾਰ ਵਲੋਂ ਵੀ ਹਰੀ ਝੰਡੀ ਨਾ ਦੇਣ ਦੇ ਚਰਚੇ ਹਨ । ਇਸੇ ਦੌਰਾਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਸਮੇਤ ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ, ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਾਉਣ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਆਦਿ ਪ੍ਰਤੀ ਕੇਂਦਰ ਸਰਕਾਰ ਵਲੋਂ ਅਜੇ ਤੱਕ ਟਾਲ ਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ ।ਵੱਖਰੀ ਹਰਿਆਣਾ ਸਿੱਖ ਗੁ: ਪ੍ਰ: ਕਮੇਟੀ ਦੇ ਗਠਨ ਨੂੰ ਰੱਦ ਕਰਾਉਣ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਸਿੱਧੇ ਗੁਰਬਾਣੀ ਕੀਰਤਨ ਪ੍ਰਸਾਰਨ ਲਈ ਸੈਟੇਲਾਈਟ ਚੈਨਲ ਸ਼ੁਰੂ ਕਰਨ ਵਰਗੀਆਂ ਅਹਿਮ ਮੰਗਾਂ ਨੂੰ ਲੈ ਕੇ ਵੀ ਸ਼ੋ੍ਮਣੀ ਕਮੇਟੀ ਨੂੰ ਗ੍ਰਹਿ ਅਤੇੇ ਸੂਚਨਾ ਤੇ ਪ੍ਰਸਾਰਨ ਮੰਤਰਾਲਿਆਂ ਵਲੋਂ ਗੱਲਬਾਤ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ।ਇਸੇ ਤਰ੍ਹਾਂ ਸਿੱਖ ਜਗਤ ਦੀਆਂ ਦੋ ਵੱਡੀਆਂ ਧਾਰਮਿਕ ਸੰਸਥਾਵਾਂ ਵਿਚੋਂ ਸ਼ੋ੍ਮਣੀ ਕਮੇਟੀ ਦੇ ਪੰਜਾਬ ਦੀ ਸਿਆਸੀ ਪਾਰਟੀ ਅਕਾਲੀ ਦਲ ਦੇ ਪ੍ਰਭਾਵ ਵਿਚ ਅਤੇ ਦਿੱਲੀ ਸਿੱਖ ਗੁ: ਕਮੇਟੀ ਦੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਪ੍ਰਭਾਵ 'ਚ ਹੋਣ ਕਾਰਨ ਸਿੱਖ ਮਸਲਿਆਂ ਪ੍ਰਤੀ ਇਕਜੁੱਟ ਹੋ ਕੇ ਆਵਾਜ਼ ਬੁਲੰਦ ਨਾ ਕਰਨਾ ਵੀ ਸਮਝਿਆ ਜਾ ਰਿਹਾ ਹੈ ।ਸਿੱਖ ਮਸਲਿਆਂ ਪ੍ਰਤੀ ਭਾਜਪਾ ਦੀ ਬੇਰੁਖੀ ਕਾਰਨ ਪਾਰਟੀ ਨੂੰ ਲੋਕ ਸਭਾ ਚੋਣਾਂ ਦੌਰਾਨ ਸਿੱਖ ਜਗਤ ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।