ਸਿੱਖ ਸਿਧਾਂਤ 'ਤੇ ਚੌਤਰਫਾ ਹਮਲਾ

ਸਿੱਖ ਸਿਧਾਂਤ 'ਤੇ ਚੌਤਰਫਾ ਹਮਲਾ

ਮਨਜੀਤ ਸਿੰਘ ਟਿਵਾਣਾ

ਸਿੱਖ ਸਿਧਾਂਤ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਉਤੇ ਬਿਪਰਵਾਦੀ ਹਮਲੇ ਗੁਰੂ-ਕਾਲ ਵਿਚ ਹੀ ਸ਼ੁਰੂ ਹੋਣ ਦੇ ਪ੍ਰਮਾਣ ਮਿਲਦੇ ਹਨ। ਗੁਰੂ-ਬਾਣੀ ਵਿਚ ਰਲਾਵਟ ਨੂੰ ਰੋਕਣ ਅਤੇ ਸਿੱਖ-ਪੰਥ ਦੀ ਆਜ਼ਾਦ ਤੇ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਦਸ ਗੁਰੂ ਸਾਹਿਬਾਨ ਨੇ ਮੁੱਢ ਤੋਂ ਹੀ ਸੁਚੇਤ ਯਤਨ ਜਾਰੀ ਰੱਖੇ ਹੋਏ ਸਨ। ਪਹਿਲੀ ਪਾਤਸ਼ਾਹੀ ਤੋਂ ਪੰਜਵੀ ਪਾਤਸ਼ਾਹੀ ਤਕ ਗੁਰੂ-ਬਾਣੀ ਦਾ ਗੱਦੀ-ਦਰ-ਗੱਦੀ ਪੋਥੀ ਸਾਹਿਬ ਦੇ ਰੂਪ ਵਿਚ ਸੁਰੱਖਿਅਤ ਪਹੁੰਚਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੀ ਸੰਪਾਦਨਾ ਅਤੇ ਦਸਵੀਂ ਪਾਤਸ਼ਾਹੀ ਵੱਲੋਂ ਸਿੱਖ-ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਗੁਰਗੱਦੀ ਨੂੰ ਸਦੀਵੀ ਰੂਪ ਦੇਣਾ ਇਸ ਦੀਆਂ ਪ੍ਰਤੱਖ ਉਦਾਹਰਣਾਂ ਹਨ। ਸਿੱਖ ਸਿਧਾਂਤ ਉਤੇ ਬਿਪਰਵਾਦ ਦੇ ਸੰਭਾਵਿਤ ਹਮਲਿਆਂ ਨੂੰ ਭਾਂਪਦਿਆਂ ਗੁਰੂ ਸਾਹਿਬਾਨ ਦੀ ਦੂਰ-ਦ੍ਰਿਸ਼ਟੀ ਵਾਲੀ ਪਹੁੰਚ ਅਤੇ ਅਗਾਊਂ ਪੇਸ਼ਬੰਦੀਆਂ ਕਾਰਨ ਅੱਜ ਤਕ ਬਿਪਰਵਾਦੀ ਸੋਚ ਦਾ ਨਾਗ ਖਾਲਸਾ ਪੰਥ ਦੀ ਨਿਆਰੀ ਹਸਤੀ ਨੂੰ ਨਿਘਲਣ ਦੀਆਂ ਅਸਫਲ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ। ਸਿੱਖਾਂ ਨੂੰ ਇਹ ਵੀ ਪੂਰਾ ਯਕੀਨ ਹੈ ਕਿ ਗੁਰੂ ਸਹਿਬਾਨ ਦੇ ਕੀਤੇ ਗਏ ਮਹਾਨ ਕਾਰਜ ਕਰ ਕੇ ਅੱਗੇ ਲਈ ਵੀ ਬਿਪਰਵਾਦ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਦੀ ਕੋਈ ਪੇਸ਼ ਨਹੀਂ ਜਾਣੀ ਪਰ ਬਿਪਰਵਾਦੀ ਸੰਸਕਾਰ ਦਾ ਰਾਜਸੀ ਤੇ ਸਮਾਜਿਕ ਤਾਣਾ-ਬਾਣਾ ਆਪਣੀ ਸਦੀਆਂ ਪਰਾਣੀ ਫਿਤਰਤ ਕਾਰਨ ਇਹ ਸਭ ਕਰਨ ਦਾ ਆਦੀ ਹੈ। ਦੂਜੀਆਂ ਸੱਭਿਆਤਾਵਾਂ, ਕੌਮਾਂ, ਵਿਚਾਰਧਾਰਾਵਾਂ ਅਤੇ ਮਨੁੱਖਾਂ ਦੀ ਆਪੋ-ਆਪਣੇ ਤੌਰ-ਤਰੀਕਿਆਂ ਵਿਚ ਆਜ਼ਾਦੀ ਨਾਲ ਜਿਊਣ ਦੀ ਲੋਚਾ ਨੂੰ ਇਹ ਬਰਦਾਸ਼ਤ ਨਹੀਂ ਕਰ ਸਕਦਾ। ਬਿਪਰਵਾਦ ਭਾਰਤੀ ਉਪ ਮਹਾਂਦੀਪ ਦੇ ਇਸ ਖਿੱਤੇ ਵਿਚ, ਜਿਥੇ ਖਾਲਸੇ ਦੀ ਸਰਜ਼ਮੀਂ ਪੰਜਾਬ ਵੀ ਵਸਦਾ ਹੈ, ਨੂੰ ਹਮੇਸ਼ਾ ਆਪਣੀ ਸਦੀਆਂ ਪਰਾਣੀ ਵਰਣ-ਆਸ਼ਰਮ ਵਾਲੀ, ਦੰਭੀ, ਪਾਖੰਡੀ ਤੇ ਗੈਰ-ਬਰਾਬਰੀ ਵਾਲੀ ਸੋਚ ਦੇ ਚੌਖਟੇ ਵਿਚ ਫਿੱਟ ਕਰਨ ਦੀਆਂ ਘਾੜਤਾਂ ਘੜਦਾ ਰਹਿੰਦਾ ਹੈ। ਇਹ ਚੌਖਟਾ ਹੀ ਇਸ ਦੀ ਸਦੀਆਂ ਪੁਰਾਣੀ ਦਿਸਦੀ-ਅਣਦਿਸਦੀ ਲੁੱਟ ਤੇ ਸ਼ੋਸ਼ਣ ਵਾਲੀ ਸਲਤਨਤ ਦਾ ਮੂਲ ਅਧਾਰ ਹੈ। 
ਸਿੱਖ-ਸਿਧਾਂਤਾਂ ਉਤੇ ਹਮਲਾ ਹੁਣ ਆਮ ਹੀ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਤੇ ਮੀਰੀ-ਪੀਰੀ ਦੇ ਸਿਧਾਂਤ ਬਾਰੇ ''ਮੀਰੀ-ਪੀਰੀ ਦੀ ਦਾਸਤਾਨ” ਟਾਇਟਲ ਹੇਠ ਰਿਲੀਜ਼ ਹੋਣ ਜਾ ਰਹੀ ਇਕ ਫਿਲਮ ਦਾ ਹੈ। ਫਿਲਮ ਦਾ ਟਰੇਲਰ ਜਾਰੀ ਹੋਣ ਤੋਂ ਬਾਅਦ ਹੀ ਜਾਗਤ ਸਿੱਖ ਹਲਕਿਆਂ ਵਿਚ ਇਸ ਪ੍ਰਤੀ ਰੋਸ ਦੀ ਲਹਿਰ ਉਠ ਖੜ੍ਹੀ ਹੋਈ ਹੈ। ਚਲੰਤ ਕਮਰਸ਼ੀਅਲ ਫਿਲਮਾਂ ਵਿਚ ਸਿੱਖ ਦੇ ਕਿਰਦਾਰ ਨੂੰ ਪਰਦੇ 'ਤੇ ਭੱਦੇ ਤੇ ਹਾਸੋਹੀਣੇ ਰੂਪ ਵਿਚ ਵਿਖਾਉਣ ਦਾ ਮਸਲਾ ਪਹਿਲਾਂ ਹੀ ਸਾਡੇ ਸਾਹਮਣੇ ਹੈ। ਪਿੱਛੇ ਜਿਹੇ ਹਿਕ ਹੋਰ ਫਿਲਮ 'ਮਨਮਰਜ਼ੀਆਂ' ਵਿਚ ਸਿੱਖ ਕਿਰਦਾਰ 'ਤੇ ਕੀਤੇ ਗਏ ਹਮਲੇ ਨੂੰ ਸਭ ਨੇ ਦੇਖਿਆ ਹੈ। ਇਸ ਫਿਲਮ ਦੇ ਨਿਰਦੇਸ਼ਕ 'ਅਨੁਰਾਗ ਕਸ਼ਿਅਪ ਨੇ ਬਾਅਦ ਵਿਚ ਮੁਆਫੀ ਵੀ ਸ਼ਰਾਰਤੀ ਅਤੇ ਫਰੇਬੀ ਭਰੇ ਲਹਿਜੇ ਵਿਚ ਮੰਗੀ ਸੀ।
ਸਿੱਖ ਸਿਧਾਂਤ ਉਤੇ ਹੋ ਰਹੇ ਇਸ ਚੌਤਰਫਾ ਹਮਲੇ ਨੂੰ ਦੇਖਦਿਆਂ ਇਹ ਹੀ ਸਮਝਿਆ ਜਾ ਸਕਦਾ ਹੈ ਕਿ ਸਿੱਖਾਂ ਬਾਰੇ ਅਜਿਹਾ ਸੋਚਣ ਵਾਲਿਆਂ ਨੂੰ ਹੁਣ ਕੋਈ ਭੈਅ ਵੀ ਨਹੀਂ ਰਿਹਾ ਹੈ। ਮਹਾਰਾਸ਼ਟਰ ਸਟੇਟ ਬਿਊਰੋ ਆਫ਼ ਟੈਕਸਟ ਬੁੱਕ ਪ੍ਰੋਡਕਸ਼ਨ ਵੱਲੋਂ 9ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਸਮੇਤ ਹੋਰ ਵੀ ਕਈ ਕਿਤਾਬਾਂ ਵਿਚ ਸਿੱਖਾਂ ਬਾਰੇ ਬੇਹੂਦਾ ਟਿੱਪਣੀਆਂ ਕੀਤੀਆਂ ਜਾ ਚੁੱਕੀਆਂ ਹਨ। ਗੁਜਰਾਤ ਵਿਚ ਗੁਰੂ ਨਾਨਕ ਸਾਹਿਬ ਦੀ ਮੂਰਤੀ ਸਥਾਪਿਤ ਕਰ ਦਿੱਤੀ ਜਾਂਦੀ ਹੈ। ਕਦੇ ਕਿਸੇ ਨਗਰ ਕੀਰਤਨ ਵਿਚ ਨਿਸ਼ਾਨ ਸਾਹਿਬ ਉਤੇ ਕਥਿਤ ਅਸ਼ਟਭੁਜੀ ਤ੍ਰਿਸ਼ੂਲ ਲਗਾਏ ਜਾਂਦੇ ਹਨ। ਕਿਸੇ ਭਗਵਂੇਵਾਦੀਆਂ ਜਥੇਬੰਦੀ ਵੱਲੋਂ ਇਸ਼ਤਿਹਾਰਾਂ ਵਿਚ ਸਿੱਖ ਗੁਰੂਆਂ ਦੀਆਂ ਕਥਿਤ ਫੋਟੋਆਂ ਲਗਾ ਕੇ ਮੁਸਲਮਾਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਯਾਦ ਰੱਖੋ ਕਿ ਭਗਵੇਂ ਬ੍ਰਿਗੇਡ ਨੇ ਸੰਨ 2070 ਤਕ ਸਿੱਖੀ ਨੂੰ ਖ਼ਤਮ ਕਰਨ ਦੀ ਸਿੱਧੀ ਚੁਣੌਤੀ ਦਿੱਤੀ ਹੋਈ ਹੈ। ਇਸ ਚੁਣੌਤੀ ਦੀ ਪੂਰਤੀ ਲਈ ਹੀ ਇਹ ਸਭ ਸੂਖਮ ਹਮਲੇ ਨਿਰੰਤਰ ਵਿੱਢੇ ਹੋਏ ਹਨ। ਨਹੀਂ ਤਾਂ ਕੀ ਕਾਰਨ ਹੈ ਕਿ ਸਿੱਖਾਂ ਦੇ ਵਾਰ-ਵਾਰ ਵਿਰੋਧ ਕਰਨ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਨਿੱਤ ਦਿਨ ਮੁੜ ਵਾਪਰਦੀਆਂ ਆ ਰਹੀਆਂ ਹਨ।
ਸਿੱਖ ਵਿਦਵਾਨਾਂ ਅਤੇ ਆਗੂਆਂ ਦਾ ਮੰਨਣਾ ਹੈ ਕਿ ਉਕਤ ਫਿਲਮ ਵਿਚ ਗੁਰੂ ਸਾਹਿਬਾਨ ਦਾ ਪਾਤਰ ਐਨੀਮੇਟਿਡ ਤਕਨੀਕ ਨਾਲ ਦਿਖਾਇਆ ਗਿਆ ਹੈ। ਇਹ ਇਕ ਤਰ੍ਹਾਂ ਨਾਲ ਚਲ-ਚਿੱਤਰ ਵਰਗਾ ਹੀ ਹੁੰਦਾ ਹੈ। ਸਿੱਖ ਧਰਮ ਵਿਚ ਮੂਰਤੀ ਪੂਜਾ ਜਾਂ ਇਸ ਵਰਗੀ ਕਿਸੇ ਮਨੌਤ ਲਈ ਕੋਈ ਥਾਂ ਨਹੀਂ ਹੈ। ਕੁਝ ਸਮਾਂ ਪਹਿਲਾਂ ''ਚਾਰ-ਸਾਹਿਬਜ਼ਾਦੇ” ਨਾਮ ਦੀ ਇਕ ਫਿਲਮ ਆਈ ਸੀ, ਜਿਸ ਵਿਚ ਗੁਰੂ ਦਸਮੇਸ਼ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਪਾਤਰ ਇਸੇ ਤਕਨੀਕ ਨਾਲ ਦਿਖਾਏ ਗਏ ਸਨ। ਪਹਿਲਾਂ-ਪਹਿਲ ਤਾਂ ਇਸ ਫਿਲਮ ਨੂੰ ਬਹੁਤ ਸਰਾਹਿਆ ਗਿਆ ਤੇ ਇਹ ਰਿਕਾਰਡ ਤੋੜ ਕਾਮਯਾਬ ਵੀ ਹੋਈ ਪਰ ਬਾਅਦ ਵਿਚ ਇਸ ਫਿਲਮ ਦਾ ਜੋ ਪ੍ਰਭਾਵ ਆਮ ਸਿੱਖ ਸੰਗਤ ਖਾਸ ਕਰ ਕੇ ਸਿੱਖ ਬੱਚਿਆਂ ਉਤੇ ਵੇਖਣ ਨੂੰ ਮਿਲਿਆ, ਉਹ ਸਿੱਖ ਸਿਧਾਂਤ ਅਤੇ ਗੁਰੂ ਨਾਨਕ ਵਿਚਾਰਧਾਰਾ ਦੇ ਖਿਲਾਫ ਹੀ ਗਿਆ। ਸਿੱਖ ਬੱਚਿਆਂ ਨੇ ਸਾਹਿਬਜ਼ਾਦਿਆਂ ਦੇ ਕਿਰਦਾਰਾਂ ਨੂੰ ਟੀਵੀ ਤੇ ਸਿਨੇਮਾ ਇੰਡਸਟਰੀਜ਼ ਵਿਚ ਚੱਲ ਰਹੀਆਂ ਕਾਰਟੂਨ ਫਿਲਮਾਂ ਦੇ ਕਿਰਦਾਰਾਂ 'ਛੋਟਾ ਭੀਮ', 'ਸ਼ਕਤੀਮਾਨ' ਤੇ 'ਹੈਰੀ-ਪੌਟਰ' ਵਾਂਗ ਹੀ ਲਿਆ। ਇਸ ਤਰ੍ਹਾਂ ਸਿੱਖ ਇਤਿਹਾਸ ਵਿਚ ਵਿਚ ਵਾਪਰੀਆਂ ਲਾਸਾਨੀ ਤੇ ਦੁਨੀਆ ਭਰ 'ਚੋਂ ਨਿਆਰੀਆਂ ਸ਼ਹਾਦਤਾਂ ਤੇ ਘਟਨਾਵਾਂ ਦੇ ਹਕੀਕੀ ਸੱਚ ਨੂੰ ਮਹਿਜ਼ ਸਿਨੇਮਾਈ ਤੇ ਕਲਪਿਤ ਪਾਤਰਾਂ ਦੇ ਬਰਾਬਰ ਲਿਆ ਖੜ੍ਹਾ ਕਰ ਦਿੱਤਾ ਗਿਆ। ''ਚਾਰ ਸਾਹਿਬਜ਼ਾਦੇ” ਫਿਲਮ ਦੇ ਤਜਰਬੇ ਨੇ ਦੱਸ ਦਿੱਤਾ ਹੈ ਕਿ ਜੇਕਰ ਇਹ ਕੰਮ ਇਕ ਵਾਰ ਸ਼ੁਰੂ ਹੋ ਗਿਆ ਤਾਂ ਫਿਰ ਕਿਤੇ ਰੁਕਣ ਵਾਲਾ ਨਹੀਂ ਹੈ। ਸਭ ਨੂੰ ਯਾਦ ਹੋਵੇਗਾ ਕਿ ਫਿਲਮ 'ਨਾਨਕ ਸ਼ਾਹ ਫਕੀਰ' ਵਿਚ ਗੱਲ ਐਨੀਮੇਟਿਡ ਕਿਰਦਾਰਾਂ ਤੋਂ ਬਹੁਤ ਅੱਗੇ ਜਾ ਪਹੁੰਚੀ ਸੀ ਪਰ ਸਿੱਖਾਂ ਦੇ ਭਾਰੀ ਵਿਰੋਧ ਕਰ ਕੇ ਇਹ ਫਿਲਮ ਪਰਦੇ ਉਤੇ ਨਹੀਂ ਪਹੁੰਚ ਸਕੀ।  
ਜ਼ਾਹਰ ਹੈ ਕਿ ਸਿੱਖ ਕੌਮ ਦੇ ਅਵੇਸਲੇਪਣ ਅਤੇ ਸਾਡੇ ਆਗੂਆਂ ਦੇ ਕੁਰਸੀ ਮੋਹ ਤੇ ਲੋਭੀ ਸੋਚ ਨੇ ਅਜਿਹੇ ਹਾਲਾਤ ਪੈਦਾ ਕੀਤੇ ਹਨ ਪਰ ਹੁਣ ਫੈਸਲਾ ਲੈਣ ਦਾ ਸਮਾਂ ਆ ਗਿਆ ਹੈ। ਇਸ ਬਾਰੇ ਕਿਸੇ ਨੂੰ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ। ਇਸ ਫਰੰਟ ਉਤੇ ਬੱਝਵੀਂ ਲੜਾਈ ਲੜਨ ਦੀ ਰਣਨੀਤੀ ਤਿਆਰ ਕਰਨੀ ਪਵੇਗੀ, ਤਾਂ ਹੀ ਭਵਿੱਖ ਵਿਚ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਨੱਥ ਪਾਈ ਜਾ ਸਕੇਗੀ। ਜੇਕਰ ਅਸੀਂ ਆਮ ਸਿੱਖ ਸੰਗਤਾਂ ਵਿਚ ਇਸ ਵਰਤਾਰੇ ਦੀ ਅਸਲੀਅਤ ਬੇਪਰਦ ਕਰਨ ਵਿਚ ਕਾਮਯਾਬ ਨਾ ਹੋਏ, ਤਾਂ ਇਹੋ ਜਿਹੀਆਂ ਬੋਲਦੀਆਂ ਤਸਵੀਰਾਂ ਤੋਂ ਬਾਅਦ ਗੱਲ ਹੋਰ ਅੱਗੇ ਵਧ ਜਾਵੇਗੀ।