ਢੇਸੀ ਵਲੋਂ ਲੰਡਨ-ਅੰਮ੍ਰਿਤਸਰ ਉਡਾਣ ਸ਼ੁਰੂ ਕਰਨ ਲਈ ਯੂ.ਕੇ. ਦੀ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ
ਚੰਡੀਗੜ੍ਹ: ਸੰਸਦੀ ਹਲਕਾ ਸਲੋਹ, ਯੂ.ਕੇ. ਦੇ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਨੇ ਲੰਦਨ ਵਿਖੇ ਬਰਤਾਨਵੀ ਸੰਸਦ ਵਿੱਚ ਹਵਾਬਾਜੀ ਤੇ ਕੌਮਾਂਤਰੀ ਟਰਾਂਸਪੋਰਟ ਮੰਤਰੀ ਬੈਰੋਨੈਸ ਵੇਅਰ ਨਾਲ ਮੁਲਾਕਾਤ ਕੀਤੀ।
ਇਸ ਮੀਟਿੰਗ ਦੌਰਾਨ, ਸ. ਢੇਸੀ ਨੇ ਲੰਡਨ- ਅੰਮ੍ਰਿਤਸਰ ਦੀ ਸਿੱਧੀ ਉਡਾਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਬਰਤਾਨੀਆ ਨੂੰ ਸੈਰ-ਸਪਾਟੇ, ਸੱਭਿਆਚਾਰਕ ਗਤੀਵਿਧੀਆਂ ਅਤੇ ਵਪਾਰਕ ਤੌਰ ਤੇ ਕਾਫੀ ਲਾਭ ਹੋਵੇਗਾ। ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਮਈ 2019 ਵਿੱਚ, ਭਾਰਤ ਦੇ ਸੈਂਟਰ ਫਾਰ ਏਸੀਆ ਪੈਸੀਫਿਕ ਏਵੀਏਸਨ (ਸੀ.ਏ.ਪੀ.ਏ.) ਨੇ ਐਲਾਨ ਕੀਤਾ ਕਿ ਭਾਰਤ ਅਤੇ ਯੂਰਪ ਵਿਚਕਾਰ ਸਿੱਧੀ ਹਵਾਈ ਸੇਵਾ ਲਈ ਇੰਟਰਨੈਟ ਉੱਪਰ ਸਭ ਤੋਂ ਵੱਧ ਅੰਮ੍ਰਿਤਸਰ-ਹੀਥਰੋ ਰੂਟ ਲਈ ਭਾਲ ਕੀਤੀ ਗਈ।
ਸ. ਢੇਸੀ ਨੇ ਕਿਹਾ ਕਿ 2018 ਤੋਂ ਬਰਤਾਨੀਆ ਵਿਚ ਲੰਡਨ-ਅੰਮ੍ਰਿਤਸਰ ਸਿੱਧੀ ਹਵਾਈ ਉਡਾਣ ਲਈ ਮੁਹਿੰਮ ਸੁਰੂ ਕੀਤੇ ਜਾਣ ਤੋਂ ਬਾਅਦ ਹੋਰਨਾਂ ਤੋਂ ਇਲਾਵਾ ਯੂਕੇ ਦੇ ਸੰਸਦ ਮੈਂਬਰਾਂ ਤੋਂ ਵੀ ਹਮਾਇਤ ਹਾਸਲ ਹੋਈ ਹੈ। ਇਸ ਹਵਾਈ ਰੂਟ ਨੂੰ ਮੁੜ ਸੁਰੂ ਕਰਵਾਉਣ ਸਬੰਧੀ ਇਸ ਪਹਿਲਕਦਮੀ ਨੂੰ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਸਮਰਥਨ ਮਿਲਿਆ ਹੈ ਅਤੇ ਕੌਮਾਂਤਰੀ ਮੀਡੀਆ ਵੱਲੋਂ ਵੀ ਚੰਗਾ ਹੁੰਗਾਰਾ ਪ੍ਰਾਪਤ ਹੋਇਆ ਹੈ।
ਇਸ ਮੀਟਿੰਗ ਦੌਰਾਨ ਬਰਤਾਨਵੀ ਸੰਸਦ ਮੈਂਬਰ ਨੇ ਮੰਤਰੀ ਨੂੰ ਦੱਸਿਆ ਕਿ ਸੰਸਾਰ ਭਰ ਵਿੱਚੋਂ ਰੋਜਾਨਾ ਇੱਕ ਲੱਖ ਤੋਂ ਵੱਧ ਯਾਤਰੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਉਂਦੇ ਹਨ। ਲੰਡਨ ਇਕ ਗਲੋਬਲ ਧੁਰਾ ਹੈ ਅਤੇ ਯੂ.ਕੇ. ਤੋਂ ਅੰਮ੍ਰਿਤਸਰ ਆਉਣ-ਜਾਣ ਵਾਲੇ ਸ਼ਰਧਾਲੂਆਂ ਵਿਚੋਂ ਜ਼ਿਆਦਾਤਰ ਪੰਜਾਬੀ ਲੰਡਨ ਵਿਚ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਵਿਖੇ ਯਾਤਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਾਲ ਹੀ ਵਿਚ ਇਹ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਹਵਾਈ ਅੱਡਾ ਭਾਰਤ ਦਾ ਸਾਲ 2018 ਵਿਚ ਸਭ ਤੋਂ ਵੱਧ ਯਾਤਰੀਆਂ ਦੀ ਆਮਦ ਵਾਲਾ ਹਵਾਈ ਅੱਡਾ ਬਣ ਗਿਆ ਹੈ, ਜੋ ਇਥੇ ਆਉਣ ਵਾਲੇ ਵੱਧ ਰਹੇ ਮੁਸਾਫਰਾਂ ਦੀ ਗਿਣਤੀ ਤੋਂ ਪਤਾ ਲਗਦਾ ਹੈ।
ਢੇਸੀ ਨੇ ਕਾਫੀ ਚਿਰਾਂ ਤੋਂ ਇਹ ਮੁਹਿੰਮ ਜਾਰੀ ਰੱਖਦਿਆਂ ਇਸ ਮੁੱਦੇ ਸਬੰਧੀ ਯੂਕੇ ਦੀ ਸੰਸਦ ਵਿੱਚ ਵੀ ਚਰਚਾ ਕੀਤੀ ਕਿ ਹਵਾਈ ਅੱਡਿਆਂ ਅਤੇ ਕੌਮਾਂਤਰੀ ਏਅਰਲਾਈਨਾਂ ਲਈ ਇਹ ਰੂਟ ਖੋਲ੍ਹਣਾ ਯਕੀਨੀ ਬਣਾਇਆ ਜਾਵੇ।
ਸ. ਤਨਮਨਜੀਤ ਢੇਸੀ ਨੇ ਕਿਹਾ, ਠਦੁਨੀਆਂ ਨੂੰ ਸਭਿਆਚਾਰਕ, ਸੈਰ-ਸਪਾਟਾ ਅਤੇ ਰੂਹਾਨੀ ਮੰਜਲਿ ਨਾਲ ਜੋੜਨ ਲਈ ਲੰਦਨ ਅਤੇ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਹਵਾਈ ਉਡਾਣਾਂ ਬਹੁਤ ਜਰੂਰੀ ਹਨ। ਹਵਾਬਾਜੀ ਮੰਤਰੀ ਨਾਲ ਮੁਲਾਕਾਤ ਕਰਦਿਆਂ ਉਂਨਾਂ ਇਸ ਰੂਟ ਤੇ ਸਿੱਧੀਆਂ ਹਵਾਈ ਉਡਾਣਾਂ ਸਬੰਧੀ ਪੰਜਾਬੀ ਭਾਈਚਾਰੇ ਦੀ ਲਗਾਤਾਰ ਮੰਗ ਨੂੰ ਉਜਾਗਰ ਕੀਤਾ ਅਤੇ ਨਾਲ ਹੀ ਕਿਹਾ ਕਿ ਇਸ ਨਾਲ ਯੂ.ਕੇ. ਦੇ ਵਪਾਰ ਅਤੇ ਸੈਰ ਸਪਾਟੇ ਨੂੰ ਲਾਭ ਮਿਲ ਸਕੇ। ਉਂਨਾਂ ਕਿਹਾ ਕਿ ਮੈਂ ਇਸ ਮੁੱਦੇ ਸਬੰਧੀ ਚਰਚਾ ਨੂੰ ਯੂਕੇ ਦੀ ਸੰਸਦ ਅਤੇ ਭਾਰਤ ਦੇ ਕੇਂਦਰੀ ਮੰਤਰੀਆਂ ਨਾਲ ਵੀ ਮੀਟਿੰਗਾਂ ਜਾਰੀ ਰੱਖਾਂਗਾ, ਤਾਂ ਜੋ ਲੰਡਨ ਤੋਂ ਅੰਮ੍ਰਿਤਸਰ ਦੀਆਂ ਸਿੱਧੀਆਂ ਉਡਾਣਾਂ ਸਫਲ ਹੋਣ।
ਉਨ੍ਹਾਂ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਵਿੱਚ ਆਪਣੀ ਸਹਾਇਤਾ ਲਈ ‘ਫਲਾਈ ਅੰਮ੍ਰਿਤਸਰ ਪਹਿਲਕਦਮੀ‘ ਨਾ ਦੀ ਸੰਸਥਾ ਦਾ ਵੀ ਧੰਨਵਾਦ ਕੀਤਾ ਕਿ ਉਂਨਾਂ ਨੇ ਇਸ ਉਡਾਣ ਬਾਰੇ ਕਾਫੀ ਵੇਰਵੇ ਮੁਹੱਈਆ ਕਰਵਾਏ ਹਨ। ਇਸ ਮੀਟਿੰਗ ਵਿੱਚ ਬੈਰੋਨਸ ਵੇਰੇ ਨੇ ਕਿਹਾ ਕਿ ਉਂਨਾਂ ਦੀ ਢੇਸੀ ਨਾਲ ਮਿਲਣੀ ਬਹੁਤ ਵਧੀਆ ਰਹੀ ਅਤੇ ਲੰਡਨ- ਅੰਮ੍ਰਿਤਸਰ ਵਿਚਕਾਰ ਸਿੱਧੀਆਂ ਹਵਾਈ ਉਡਾਣਾਂ ਦੀ ਮੁਹਿੰਮ ‘ਤੇ ਚਰਚਾ ਕੀਤੀ। ਮੰਤਰੀ ਨੇ ਭਰੋਸਾ ਦਿਵਾਇਆ ਕਿ ਇਹ ਰੂਟ ਯੂ.ਕੇ. ਨਾਲ ਵਪਾਰ ਅਤੇ ਸੈਰ ਸਪਾਟੇ ਦੀ ਸੰਭਾਵਨਾ ਨੂੰ ਗਤੀਸ਼ੀਲਤਾ ਦੇਣ ਦੇ ਨਾਲ ਨਾਲ ਦੇਸ਼ ਭਰ ਦੇ ਪੰਜਾਬੀ ਪ੍ਰਵਾਸੀ ਭਾਈਚਾਰੇ ਨੂੰ ਧਾਰਮਿਕ ਯਾਤਰਾ ਲਈ ਉਤਸ਼ਾਹ ਪ੍ਰਦਾਨ ਕਰੇਗਾ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)