ਸਿੱਖ ਪਿਓ-ਪੁੱਤ ਦੀ ਕੁੱਟਮਾਰ ਨੂੰ ਹਾਈ ਕੋਰਟ ਨੇ ਕਿਹਾ ਪੁਲਸੀਆ ਦਰਿੰਦਗੀ ਦਾ ਸਬੂਤ
ਨਵੀਂ ਦਿੱਲੀ: ਸਿੱਖ ਪਿਓ-ਪੁੱਤ ਦੀ ਕੁੱਟਮਾਰ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਜ਼ਾਲਮਾਨਾ ਹਰਕਤ ਦੀ ਨਿੰਦਾ ਕਰਦਿਆਂ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਸਖਤ ਝਾੜ ਪਾਈ ਹੈ। ਇਸ ਘਟਨਾ ਨੂੰ ਅਦਾਲਤ ਨੇ ਦਿੱਲੀ ਪੁਲਿਸ ਦੀ ਦਰਿੰਦਗੀ ਦਾ ਸਬੂਤ ਕਿਹਾ ਹੈ।
ਸਿੱਖ ਪਿਓ-ਪੁੱਤ ਦੀ ਕੁੱਟਮਾਰ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਪਾਈ ਗਈ ਜਨ ਹਿੱਤ ਅਪੀਲ (ਪੀਆਈਐੱਲ) 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕਿਹਾ, "ਤੁਸੀਂ ਇੱਕ 15 ਸਾਲਾ ਮੁੰਡੇ ਦੀ ਕੁੱਟਮਾਰ ਨੂੰ ਜਾਇਜ਼ ਕਿਵੇਂ ਕਹਿ ਸਕਦੇ ਹੋ? ਜੇ ਇਹ ਪੁਲਿਸ ਦੇ ਜ਼ੁਲਮ ਦਾ ਸਬੂਤ ਨਹੀਂ ਹੈ ਤਾਂ ਤੁਹਾਨੂੰ ਹੋਰ ਕੀ ਚਾਹੀਦਾ ਹੈ?"
ਪੁਲਿਸ ਵੱਲੋਂ ਸਿੱਖ ਪਿਓ-ਪੁੱਤ ਦੀ ਜ਼ਾਲਮਾਨਾ ਢੰਗ ਨਾਲ ਕੀਤੀ ਕੁੱਟਮਾਰ ਦੀ ਵੀਡੀਓ ਦੇਖਣ ਤੋਂ ਬਾਅਦ ਅਦਾਲਤ ਨੇ ਭਾਰਤ ਦੀ ਕੇਂਦਰ ਸਰਕਾਰ, ਦਿੱਲੀ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਇਸ ਅਪੀਲ 'ਤੇ ਆਪਣੇ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਹੈ।
ਪੁਲਿਸ ਦੇ ਕੋਇੰਟ ਕਮਿਸ਼ਨਰ ਰੈਂਕ ਦੇ ਅਫਸਰ ਤੋਂ ਨਿਰਪੱਖ ਜਾਂਚ ਕਰਵਾ ਕੇ ਰਿਪੋਰਟ ਇੱਕ ਹਫਤੇ ਵਿੱਚ ਦਾਖਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਮਾਮਲੇ ਦੀ ਅਗਲੀ ਸੁਣਵਾਈ ਲਈ 2 ਜੁਲਾਈ ਤਰੀਕ ਪਾਈ ਗਈ ਹੈ। ਅਦਾਲਤ ਨੇ ਮੀਡੀਆ ਨੂੰ ਵੀ ਹਦਾਇਤ ਕੀਤੀ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਏ ਬਾਚੇ ਦੀ ਪਛਾਣ ਜਨਤਕ ਨਾ ਕੀਤੀ ਜਾਵੇ।
ਅਦਾਲਤ ਨੇ ਇਸ ਘਟਨਾ ਸਬੰਧੀ ਸਖਤ ਟਿੱਪਣੀਆਂ ਕਰਦਿਆਂ ਕਿਹਾ, "ਕੋਈ ਵਰਦੀਧਾਰੀ ਫੋਰਸ ਅਜਿਹਾ ਕਿਵੇਂ ਕਰ ਸਕਦੀ ਹੈ। ਇਸ ਨਾਲ ਸਮਾਜ ਵਿੱਚ ਅਸਹਿਜ ਫੈਲੇਗਾ। ਤੁਹਾਨੂੰ (ਪੁਲਿਸ ਨੂੰ) ਵਖਾਉਣਾ ਚਾਹੀਦਾ ਹੈ ਕਿ ਉਹ ਲੋਕਾਂ ਨਾਲ ਹੈ। ਇਹੀ ਤਾਂ ਨਾਗਰਿਕ, ਬੱਚੇ ਚਾਹੁੰਦੇ ਹਨ।"
ਇਹ ਅਪੀਲ ਦਰਜ ਕਰਨ ਵਾਲੀ ਵਕੀਲ ਸੀਮਾ ਸਿੰਘਲ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਅਗਾਂਹ ਤੋਂ ਪੁਲਿਸ ਦੇ ਅਜਿਹੇ ਹਿੰਸਕ ਵਤੀਰੇ ਨੂੰ ਠੱਲ ਪਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)