ਕੀ ਭਾਜਪਾ-ਕਾਂਗਰਸ ਵਿੱਚ ਗਠਜੋੜ ਹੋ ਚੁੱਕਿਆ ਹੈ?

ਕੀ ਭਾਜਪਾ-ਕਾਂਗਰਸ ਵਿੱਚ ਗਠਜੋੜ ਹੋ ਚੁੱਕਿਆ ਹੈ?
ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਦੀ ਹੱਥ ਮਿਲਾਉਂਦਿਆਂ ਦੀ ਇੱਕ ਪੁਰਾਣੀ ਤਸਵੀਰ

ਲਖਨਊ: ਭਾਰਤ ਦੀਆਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਈ ਪੱਖਾਂ ਤੋਂ ਅਹਿਮ ਬਣੀਆਂ ਹੋਈਆਂ ਹਨ। ਜਿੱਥੇ ਮੋਜੂਦਾ ਸਮੇਂ ਸੱਤਾਧਾਰੀ ਧਿਰ ਭਾਜਪਾ ਦੇ ਆਗੂ ਅਜਿਹੇ ਬਿਆਨ ਦੇ ਰਹੇ ਹਨ ਜੋ ਭਾਰਤ ਵਿੱਚ ਲੋਕਤੰਤਰ (ਜਿਹੋ ਜਿਹਾ ਵੀ ਹੈ) ਦੇ ਖਾਤਮੇ ਵੱਲ ਇਸ਼ਾਰਾ ਕਰ ਰਹੇ ਹਨ ਤੇ ਇਹ ਚੋਣਾਂ ਆਖਰੀ ਆਮ ਚੋਣਾਂ ਹੋਣ ਵਰਗੀਆਂ ਗੱਲਾਂ ਕਰ ਰਹੇ ਹਨ ਉੱਥੇ ਭਾਜਪਾ ਦੇ ਹਿੰਦੁਤਵੀ ਅਜੈਂਡੇ ਅੱਗੇ ਨਾਕਾਮ ਹੋਏ ਆਪਣੇ ਹਿੰਦੁਤਵੀ ਅਜੈਂਡੇ ਨੂੰ ਕਾਂਗਰਸ ਖੜ੍ਹਾ ਕਰਨ ਦਾ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਬੀਤੇ ਸਾਲਾਂ ਦੌਰਾਨ ਖੇਤਰਵਾਦ ਦੀ ਵੀ ਇੱਕ ਨਵੀਂ ਉੱਭਰਦੀ ਲਹਿਰ ਭਾਰਤ ਵਿੱਚ ਨਜ਼ਰ ਆਈ ਹੈ ਤੇ ਉਸ ਦਾ ਅਸਰ ਇਸ ਵਾਰ ਬਣ ਰਹੇ ਚੋਣ ਗਠਜੋੜਾਂ ਵਿੱਚ ਵੀ ਦਿਖ ਰਿਹਾ ਹੈ। 

ਅਜਿਹੇ ਮਾਹੌਲ ਵਿੱਚ ਬੀਤੇ ਦਿਨ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਅਤੇ ਜੰਮੂ ਕਸ਼ਮੀਰ ਤੋਂ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਵੱਲੋਂ ਦਿੱਤੇ ਬਿਆਨਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ, "ਕੀ ਭਾਜਪਾ-ਕਾਂਗਰਸ ਵਿੱਚ ਗਠਜੋੜ ਹੋ ਚੁੱਕਿਆ ਹੈ?" 


ਚੋਣ ਪ੍ਰਚਾਰ ਦੌਰਾਨ ਇੱਕ ਸਟੇਜ 'ਤੇ ਮਾਇਆਵਤੀ, ਅਖਿਲੇਸ਼ ਅਤੇ ਮੁਲਾਇਮ ਯਾਦਵ

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ’ਤੇ ਦੋਸ਼ ਲਗਾਇਆ ਕਿ ਇਨ੍ਹਾਂ ਦੋਵਾਂ ਕੌਮੀ ਪਾਰਟੀਆਂ ਆਪਸ ’ਚ ਮਿਲ ਕੇ ਇਸ ਗੱਲ ਲਈ ਜ਼ੋਰ ਲਗਾ ਰਹੀਆਂ ਹਨ ਕਿ ਇਨ੍ਹਾਂ ਲੋਕ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ’ਚੋਂ ਸਪਾ-ਬਸਪਾ-ਆਰਐੱਲਡੀ ਦਾ ਗੱਠਜੋੜ ਜਿੱਤ ਨਾ ਸਕੇ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਸੋਚਦੀ ਹੈ ਕਿ ਜੇਕਰ ਹਾਕਮ ਧਿਰ ਭਾਜਪਾ ਇਹ ਚੋਣਾਂ ਜਿੱਤ ਜਾਂਦੀ ਹੈ ਤਾਂ ਕੋਈ ਸਮੱਸਿਆ ਨਹੀਂ ਹੈ, ਪਰ ਸਪਾ-ਬਸਪਾ ਤੇ ਆਰਐੱਲਡੀ ਦਾ ਗੱਠਜੋੜ ਇਹ ਚੋਣਾਂ ਨਹੀਂ ਜਿੱਤਣਾ ਚਾਹੀਦਾ। ਉਨ੍ਹਾਂ ਕਿਹਾ, ‘ਭਾਜਪਾ ਦੀ ਤਰ੍ਹਾਂ ਹੁਣ ਕਾਂਗਰਸ ਨੇ ਵੀ ਸਪਾ-ਬਸਪਾ ਗੱਠਜੋੜ ਬਾਰੇ ਗਲਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਹ ਸਪੱਸ਼ਟ ਹੈ ਕਿ ਇਹ ਦੋਵੇਂ ਪਾਰਟੀਆਂ ਆਪਸ ’ਚ ਮਿਲੀਆਂ ਹੋਈਆਂ ਹਨ ਤੇ ਸਾਡੇ ਗੱਠਜੋੜ ਖ਼ਿਲਾਫ਼ ਚੋਣ ਲੜ ਰਹੀਆਂ ਹਨ।’ 


ਉਮਰ ਅਬਦੁੱਲਾ

ਦੂਜੇ ਪਾਸੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਾਂਗਰਸ ਆਗੂਆਂ ਵੱਲੋਂ ਸੂਬੇ ’ਚ ਪ੍ਰਚਾਰ ਨਾ ਕਰਨ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਭਾਜਪਾ ਨੂੰ ਵਾਕਓਵਰ ਦੇ ਦਿੱਤਾ ਹੈ। ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਇਕ ਵੀ ਚੋਣ ਮੀਟਿੰਗ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦਾ ਸੂਬੇ ’ਚ ਗੱਠਜੋੜ ਹੋਇਆ ਹੈ ਅਤੇ ਸ੍ਰੀ ਅਬਦੁੱਲਾ ਦੀਆਂ ਟਿੱਪਣੀਆਂ ਅਹਿਮੀਅਤ ਰਖਦੀਆਂ ਹਨ। ਕਾਂਗਰਸ ਨੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਖ਼ਿਲਾਫ਼ ਕੋਈ ਵੀ ਉਮੀਦਾਵਰ ਮੈਦਾਨ ’ਚ ਨਹੀਂ ਉਤਾਰਿਆ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ