‘ਬਾਣੀ ਕਾ ਬੋਹਿਥਾ’ ਤੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ

‘ਬਾਣੀ ਕਾ ਬੋਹਿਥਾ’ ਤੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ

ਗੁਰੂ ਕਾਲ ਵਿਚ ਸਿੱਖ ਗੁਰੂਆਂ ਨੇ ਸਮੁੱਚੀ ਲੋਕਾਈ ਨੂੰ ਸਮੇਂ ਦੇ ਪ੍ਰਚਲਿਤ ਝੂਠੇ ਪਾਖੰਡਾਂ ਅਤੇ ਸਮਾਜਿਕ, ਰਾਜਨੀਤਕ ਕੁਰੀਤੀਆਂ ਦੀ ਨਿਖੇਧੀ ਕਰਕੇ ਵਹਿਮਾਂ ਭਰਮਾਂ ਵਿਚੋਂ ਨਿਕਲਣ ਦਾ ਰਾਹ ਵਿਖਾਇਆ। ਸ਼ਾਂਤ ਪੱਧਰੀ ਜੀਵਨ ਜਾਚ ਸਿਖਾਈ। ਇਸ ਕ੍ਰਾਤੀਕਾਰੀ ਪ੍ਰੇਰਣਾ ਵਿਚ ਮੁਢਲੇ ਅਸੂਲਾਂ ਤੇ ਚੱਲਣ ਦਾ ਉਪਦੇਸ਼ ਦਿੱਤਾ ਕਿ ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਕੇ ਛਕਣਾ ਹੈ। ਅੱਗੇ ਜਾ ਕੇ ਦਸਾਂ ਗੁਰੂਆਂ ਵਿਚ ਇਕੋ ਨਿਰੰਤਰ ਜੋਤ ਨੇ ਇਸ ਧਰਮ ਸੰਕਲਪ ਨੂੰ ਅੱਗੇ ਤੋਰਿਆ।  ਇਸੇ ਸੰਦਰਭ ਵਿਚ ਪੰਜਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ 15 ਅਪ੍ਰੈਲ ਸੰਨ 1653 ਵਿਚ ਗੋਇੰਦਵਾਲ (ਤਰਨ ਤਾਰਨ) ਵਿਖੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਤੇ ਮਾਤਾ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ।

ਗੁਰੂ ਜੀ ਦਾ ਬਚਪਨ ਗੋਇੰਦਵਾਲ ਵਿਖੇ ਆਪਣੇ ਨਾਨਾ (ਗੁਰੂ ਅਮਰਦਾਸ ਜੀ ) ਜੀ ਦੇ ਕੋਲ ਬੀਤਿਆ। ਬਚਪਨ ਵਿਚ ਹੀ ਇਨ੍ਹਾਂ ਦੀ ਧਾਰਮਿਕ ਬਿਰਤੀ ਵੇਖਦਿਆਂ ਚੰਗੀ ਵਿਦਿਆ ਦਾ ਪ੍ਰਬੰਧ ਕੀਤਾ ਗਿਆ। ਆਪ ਮੁੱਢ ਤੋਂ ਹੀ ਸੰਤ ਬਿਰਤੀ ਦੇ ਸਨ। ਸ਼ਾਂਤ ਚਿੱਤ ਠਹਿਰਾਉ ਵਿਚ ਰਹਿਣ ਵਾਲੇ ਸਨ। ਆਪ ਹਮੇਸ਼ਾ ਪ੍ਰਮਾਤਮਾ ਨਾਲ ਜੁੜੇ ਰਹਿੰਦੇ ਸਨ। ਆਪ ਸਤ ਗੁਣੀ ਸੁਭਾਅ ਦੇ ਮਾਲਕ ਸਨ। ਆਪ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ। ਉਨ੍ਹਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਿੰਘ ਜੀ ਹੋਏ। ਗੁਰੂ ਰਾਮਦਾਸ ਜੀ ਆਪਣੇ ਗੁਰੂ ਕਾਲ ਦੇ ਅੰਤਿਮ ਪੜਾਅ ਵਿਚ ਗੋਇੰਦਵਾਲ ਚਲੇ ਗਏ ਸਨ। ਇਥੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪਣ ਦਾ ਫੈਸਲਾ ਕੀਤਾ। ਹਮੇਸ਼ਾ ਗੁਰਗੱਦੀ ਸੌਂਪਣ ਦਾ ਫੈਸਲਾ ਪਰਖ ਕੇ ਹੁੰਦਾ ਰਿਹਾ ਹੈ। ਸੰਗਤਾਂ ਦਾ ਵਿਸ਼ਵਾਸ ਬਿਨਾਂ ਕਿਸੇ ਸ਼ੰਕੇ ਦੇ ਜਿੱਤਿਆ ਜਾਂਦਾ।  ਗੁਰੂ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਅਤੇ ਮਹਾਂਦੇਵ ਸਨ। ਪ੍ਰਿਥੀ ਚੰਦ ਦਾ ਸੰਗਤਾਂ ਵਿਚ ਬੜਾ ਰਸੂਖ ਸੀ, ਇਸ ਲਈ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਧਿਕਾਰੀ ਵਧੇਰੇ ਸਮਝਦਾ ਸੀ। ਇਸ ਕਰਕੇ ਉਸ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਨਾਲ ਝਗੜਾ ਵੀ ਕੀਤਾ। ਪਰ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਵਿਖੇ ਸੰਗਤਾਂ ਦੇ ਇਕ ਭਾਰੀ ਇਕੱਠ ਵਿਚ 1 ਨਵੰਬਰ, 1581 ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਗੁਰੂ ਕੇ ਚੱਕ ਆ ਗਏ ਤੇ ਉਥੇ ਆਪਣੀ ਜਿੰਮੇਵਾਰੀ ਨਿਭਾਉਣੀ ਸ਼ੁਰੂ ਕਰ ਦਿੱਤੀ। ਉਧਰੋਂ ਪ੍ਰਿਥੀ ਚੰਦ ਵੱਲੋਂ ਉਨ੍ਹਾਂ ਦਾ ਵਿਰੋਧ ਵੀ ਜਾਰੀ ਰਿਹਾ। ਉਹ ਗੁਰੂ ਜੀ ਦੀ ਬਰਾਬਰੀ ਕਰਨ ਲੱਗਾ। ਸੰਗਤਾਂ ਨੂੰ ਗੁੰਮਰਾਹ ਕਰਕੇ ਭੇਟਾ ਵੀ ਵਸੂਲਣ ਲੱਗਾ। ਗੁਰੂ ਅਰਜਨ ਦੇਵ ਸਾਹਿਬ ਜੀ ਸ਼ਾਂਤ ਚਿੱਤ ਰੱਬ ਦੇ ਭਾਣੇ ਵਿਚ ਰਹੇ, ਜਿੰਨੀ ਭੇਟਾ ਪੁੱਜਦੀ, ਉਸ ਵਿਚ ਹੀ ਗੁਜ਼ਾਰਾ ਕਰ ਲੈਂਦੇ। ਉਹ ਆਪਣੀਆਂ ਜਿੰਮੇਵਾਰੀਆਂ ਨਿਭਾਈ ਗਏ। ਉਨ੍ਹਾਂ ਦੇ ਸਬਰ ਨਾਲ ਸਭ ਕੁਝ ਠੀਕ ਹੋ ਗਿਆ।  ਸੰਗਤਾਂ ਨੇ ਪ੍ਰਿਥੀ ਚੰਦ ਦੀਆਂ ਕੋਝੀਆਂ ਚਾਲਾਂ ਨੂੰ ਪਛਾੜ ਦਿੱਤਾ। ਪ੍ਰਿਥੀ ਚੰਦ ਨੇ ਸਰਕਾਰੇ-ਦਰਬਾਰੇ ਵੀ ਪਹੁੰਚ ਕੀਤੀ ਪਰ ਸਫਲ ਨਾ ਹੋਇਆ। ਉਸ ਨੇ ਗੁਰੂ ਜੀ ਦੇ ਸਪੁੱਤਰ ਹਰਗੋਬਿੰਦ ਜੀ ਨੂੰ ਵੀ ਮਾਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ। ਗੁਰੂ ਜੀ ਨੇ ਮਕਾਨਾਂ ਅਤੇ ਜ਼ਮੀਨ ਦੀ ਆਮਦਨ ਪ੍ਰਿਥੀਚੰਦ ਅਤੇ ਮਹਾਂਦੇਵ ਦੇ ਹਵਾਲੇ ਕਰ ਦਿੱਤੀ।

ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਵਿਚ ਸਿੱਖਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ। ਸਿੱਖੀ ਦਾ ਪ੍ਰਚਾਰ ਦੂਰ ਦੂਰ ਤੱਕ ਫੈਲ ਗਿਆ। ਸੰਗਤ ਜੁੜਦੀ ਗਈ। ਗੁਰੂ ਜੀ ਨੇ ਮਰਯਾਦਾ ਤਹਿਤ ਹਰੇਕ ਸਿੱਖ ਨੂੰ ਕਿਹਾ ਕਿ ਉਹ ਆਪਣੀ ਨੇਕ ਕਮਾਈ ਵਿਚੋਂ ਸਾਂਝੇ ਕੰਮਾਂ ਲਈ ਦਸਵੰਧ ਅਦਾ ਕਰੇ। ਇਸ ਕਾਰਜ ਲਈ ਮਸੰਦ ਪ੍ਰਥਾ ਚਲਾਈ। ਧਾਰਮਿਕ ਰੁਤਬੇ ਵਾਲੇ ਅਤੇ ਸੰਗਤ ਵਿਚ ਚੰਗਾ ਰਸੂਖ ਰੱਖਣ ਵਾਲਿਆਂ ਨੂੰ ਮਸੰਦ ਨਿਯੁਕਤ ਕੀਤਾ। ਜੋ ਦਸਵੰਧ ਦੀ ਭੇਟਾ ਇਕੱਠੀ ਕਰਕੇ ਖਜ਼ਾਨੇ ਵਿਚ ਜਮ੍ਹਾਂ ਕਰਾਉਂਦੇ ਸਨ। ਉਹ ਸੰਗਤਾਂ ਦੀਆਂ ਧਾਰਮਿਕ ਲੋੜਾਂ ਨੂੰ ਪੂਰਾ ਕਰਦੇ ਅਤੇ ਸੰਗਤਾਂ ਨੂੰ ਗੁਰੂ ਦਰਬਾਰ ਨਾਲ ਜੋੜਦੇ। ਮਸੰਦਾਂ ਨੂੰ ਹਦਾਹਿਤ ਸੀ ਕਿ ਉਹ ਵਿਸਾਖੀ ਦੇ ਦਿਨ ਆਪਣੇ ਇਲਾਕੇ ਦੀਆਂ ਸੰਗਤਾਂ ਦਾ ਚੜ•ਾਵਾ ਗੁਰੂ ਦਰਬਾਰ ਵਿਚ ਜਮ੍ਹਾਂ ਕਰਵਾਉਣ। ਗੁਰੂ ਜੀ ਨੇ ਜਾਤ ਪਾਤ ਦਾ ਵਿਤਕਰਾ ਦੂਰ ਕਰਦੇ ਹੋਏ ਲੰਗਰ ਦੀ ਪ੍ਰਥਾ ਨੂੰ ਹੋਰ ਪ੍ਰਫੁੱਲਤ ਕੀਤਾ ਅਤੇ ਸੰਗਤਾਂ ਵਿਚ ਲੰਗਰ ਦੀ ਮਹੱਤਤਾ ਨੂੰ ਕਾਇਮ ਰੱਖਿਆ।

ਗੁਰੂ ਜੀ ਨੇ ਉਸਾਰੀ ਦੇ ਕੰਮਾਂ ਨੂੰ ਮੁਕੰਮਲ ਕੀਤਾ। ‘ਗੁਰੂ ਦਾ ਚੱਕ’ ਦਾ ਨਾਉਂ ਚੱਕ ਰਾਮਦਾਸ ਜਾਂ ਰਾਮਦਾਸਪੁਰ ਰੱਖਿਆ। ਉਸਾਰੀ ਦੇ ਕੰਮਾਂ ਦੇ ਵੇਰਵੇ :-

1. ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਗੁਰੂ ਰਾਮਦਾਸ ਜੀ ਨੇ 1577 ਈ. ਵਿਚ ਸ਼ੁਰੂ ਕਰਵਾਈ ਸੀ। ਸਰੋਵਰ ਨੂੰ ਹੋਰ ਡੂੰਘਾ ਅਤੇ ਪੱਕਾ ਕਰਨ ਦਾ ਕੰਮ ਗੁਰੂ ਅਰਜਨ ਦੇਵ ਜੀ ਨੇ ਪੂਰਾ ਕੀਤਾ।

2. ਡਿਊੜੀ ਸਾਹਿਬ- ਗੁਰੂ ਬਾਜ਼ਾਰ ਦੇ ਕੋਲ ਰਾਮਦਾਸਪੁਰ ਦੀ ਡਿਊੜੀ ਬਣਵਾਈ। 

3. ਗੁਰੂ ਕੇ ਮਹਿਲ-ਗੁਰੂ ਬਾਜ਼ਾਰ ਦੇ ਕੋਲ ਹੀ ਰਿਹਾਇਸ਼ੀ ਮਕਾਨ ਜੋ ਗੁਰੂ ਰਾਮਦਾਸ ਜੀ ਨੇ ਬਣਵਾਏ ਸਨ, ਨੂੰ ਪੱਕਿਆਂ ਕੀਤਾ।
4. ਸੰਤੋਖਸਰ-ਸੰਤੋਖਸਰ ਦੀ ਖੁਦਵਾਈ ਗੁਰੂ ਰਾਮਦਾਸ ਜੀ ਨੇ 1570 ਈ. ਵਿਚ ਸ਼ੁਰੂ ਕੀਤੀ ਸੀ। ਗੁਰੂ ਅਰਜਨ ਦੇਵ ਜੀ ਨੇ ਇਕ ਪਿਸ਼ੋਰੀ ਸਿੱਖ ਭਾਈ ਸੰਤੋਖ ਸਿੰਘ ਜੀ ਦੀ ਭੇਟਾ ਨਾਲ 1588 ਈ. ਵਿਚ ਪੱਕਾ ਕੀਤਾ।
5.ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਜਨਵਰੀ 1588 ਈ. ਵਿਚ ਸਾਂਈਂ ਮੀਆਂ ਮੀਰ ਜੀ ਦੇ ਹੱਥੀਂ ਰਖਵਾਇਆ, ਉਸ ਦੀ ਵਿਊਂਤਬੰਦੀ ਗੁਰੂ ਜੀ ਦੀ ਆਪਣੀ ਸੋਚ ਸੀ।
6. ਤਰਨ ਤਾਰਨ ਸ਼ਹਿਰ ਵਿਚ ਇਕ ਵੱਡਾ ਸਰੋਵਰ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ।
7. ਇਕ ਵਾਰ ਗੁਰੂ ਜੀ ਨਗਰ ਡੱਲਾ ਵਿਖੇ ਠਹਿਰੇ ਸਨ, ਉਥੇ ਜ¦ਧਰ ਦਾ ਸੂਬਾ ਅਜ਼ੀਮ ਖਾਂ ਗੁਰੂ ਦਰਸ਼ਨਾਂ ਲਈ ਆਇਆ। ਸੰਗਤਾਂ ਦਾ ਪ੍ਰਬੰਧ ਵੇਖ ਕੇ ਬੜਾ ਪ੍ਰਸੰਨ ਹੋਇਆ। ਉਸ ਨੇ ਬੇਨਤੀ ਕੀਤੀ ਕਿ ਦੁਆਬਾ ਵਿਚ ਵੀ ਕੋਈ ਅਜਿਹਾ ਨਗਰ ਵਸਾਓ। ਉਸ ਦੀ ਬੇਨਤੀ ਤੇ ਕਰਤਾਰਪੁਰ (ਜਲੰਧਰ) ਵਸਾਇਆ।
8. ਛੇਹਰਟਾ ਸਾਹਿਬ- ਵਡਾਲੀ ਪਿੰਡ ਦੇ ਕੋਲ ਸਿੰਚਾਈ ਲਈ ਇਕ ਅਜਿਹਾ ਖੂਹ ਲਗਵਾਇਆ ਜਿਸ ਦੇ 6 ਹਰਟ ਚਲਦੇ ਸਨ। ਇਸ ਦਾ ਨਾਉਂ ਛੇਹਰਟਾ ਰੱਖਿਆ। ਇਥੇ ਗੁਰਦੁਆਰੇ ਵਿਚ ਬਸੰਤ ਪੰਚਮੀਂ ‘ਤੇ ਜੋੜ ਮੇਲਾ ਲਗਦਾ ਹੈ। ਵਡਾਲੀ ਵਿਚ ਤਿੰਨ ਹਰਟਾ ਖੂਹ ਵੀ ਲਗਵਾਇਆ ਗਿਆ। 
9. ਸ੍ਰੀ ਗੁਰੂ ਹਰਗੋਬਿੰਦਪੁਰਾ-ਗੁਰਦਾਸਪੁਰ ਬਟਾਲਾ ਵਿਚ ਗੋਬਿੰਦਪੁਰਾ ਨਗਰ ਵਸਾਇਆ ਗਿਆ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਇਸ ਦੀ ਬੜੀ ਰੌਣਕ ਵਧ ਗਈ, ਤਾਂ ਇਸ ਦਾ ਨਾਉਂ ਹਰਗੋਬਿੰਦਪੁਰਾ ਪੈ ਗਿਆ।
10. ਬਾਉਲੀ ਸਾਹਿਬ-ਡੱਬੀ ਬਜ਼ਾਰ ਲਾਹੌਰ ਵਿਚ ਇਕ ਬਾਉਲੀ ਤਿਆਰ ਕੀਤੀ ਅਤੇ ਗੁਰਦੁਆਰਾ ਵੀ ਸਥਾਪਤ ਕੀਤਾ।
11. ਗੁਰੂ ਕਾ ਬਾਗ : ਪਹਿਲਾਂ ਇਸ ਸਥਾਨ ਨੂੰ ਗੁਰੂ ਕੀ ਰੋਜ਼ ਕਹਿੰਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਥੇ ਬਾਗ ਲਗਵਾਇਆ, ਜਿਸ ਨਾਲ ਇਸ ਸਥਾਨ ਦਾ ਨਾਂ ‘ਗੁਰੂ ਕਾ ਬਾਗ’ ਪੈ ਗਿਆ। 1922 ਵਿਚ ਇਥੇ ਅਕਾਲੀ ਮੋਰਚਾ ਲੱਗਾ ਸੀ।
12. ਸ੍ਰੀ ਰਾਮਸਰ-ਰਾਮਸਰ ਦਾ ਇਕ ਛੋਟਾ ਜਿਹਾ ਸਰੋਵਰ ਬਣਵਾਇਆ। ਸੁਖਮਨੀ ਸਾਹਿਬ ਦੀ ਰਚਨਾ ਹੋਈ। ਫਿਰ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਗਈ।

ਗੁਰੂ ਅਰਜਨ ਦੇਵ ਜੀ ਕਮਾਲ ਦੇ ਸ਼ਾਇਰ ਸਨ ਅਤੇ ਸੰਗੀਤਕਾਰ ਵੀ। ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੂੰ ‘ਬਾਣੀ ਕਾ ਬੋਹਿਥਾ’ ਦਾ ਵਰ ਦਿੱਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਸੰਪਾਦਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਨ੍ਹਾਂ ਦੇ 2218 ਸ਼ਬਦ ਹਨ, ਇਨ੍ਹਾਂ ਦੀਆਂ ਬਾਣੀਆਂ ਹਨ : ਬਾਰਾਂ ਮਾਹਾ, ਬਾਵਨ ਅੱਖਰੀ, ਗਾਉੜੀ ਥਿੱਤੀ, ਸੁਖਮਨੀ ਅਤੇ ਗਾਥਾ। 

ਸਿੱਖ ਗੁਰੂਕਾਲ ਵਿਚ ਗੁਰੂਆਂ ਨੇ ਸਮਾਜ ਨੂੰ ਸਵੈਮਾਣ ਅਤੇ ਸਵੈ ਰੱਖਿਆ ਲਈ ਜਥੇਬੰਦ ਕੀਤਾ। ਸਿੱਖਾਂ ਨੂੰ ਰੁਹਾਨੀਅਤ, ਸਮਾਜਿਕ ਵਿਦਿਆ, ਆਰਥਿਕ, ਰਾਜਨੀਤੀ ਪੱਖੋਂ ਸੰਪੂਰਨ ਬਣਾ ਕੇ ਫੌਜੀ ਖ਼ਾਲਸਾ ਸਾਜਿਆ। ਸਿੱਖਾਂ ਦੀ ਵਧਦੀ ਤਾਕਤ ਅਤੇ ਹਰਮਨਪਿਆਰਤਾ ਤੋਂ ਦੁਖੀ ਹੋ ਕੇ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਬਹਾਨੇ ਨਾਲ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ। ਗੁਰੂ ਜੀ ਨੇ ਸ਼ਾਤ ਚਿੱਤ ਰਹਿ ਕੇ ਸਿੱਖਾਂ ਨੂੰ ਰੱਬ ਦੇ ਭਾਣੇ ਵਿਚ ਰਹਿਣ ਦਾ ਉਪਦੇਸ਼ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਲੋਕਾਈ ਦੇ ਭਾਣੇ ਦੇ ਸੰਕਲਪ ਵਿਚ ਚਲਾਏ ਧਰਮ ਨੂੰ ਕਾਇਮ ਰੱਖਣ ਲਈ ਲਾਸਾਨੀ ਕੁਰਬਾਨੀ ਦਿੱਤੀ, ਜੋ ਇਕ ਵੱਖਰਾ ਵਿਸ਼ਾਲ ਵਿਸ਼ਾ ਹੈ।

ਪ੍ਰਮਿੰਦਰ ਸਿੰਘ ਪ੍ਰਵਾਨਾ
(510-781-0487)