ਕਸ਼ਮੀਰ ਦੇ ਲੋਕਤੰਤਰਿਕ ਅਜ਼ਾਦੀ ਸੰਘਰਸ਼ 'ਤੇ ਦਿੱਲੀ ਦਾ ਐੱਨਆਈਏ ਸ਼ਿਕੰਜਾ

ਕਸ਼ਮੀਰ ਦੇ ਲੋਕਤੰਤਰਿਕ ਅਜ਼ਾਦੀ ਸੰਘਰਸ਼ 'ਤੇ ਦਿੱਲੀ ਦਾ ਐੱਨਆਈਏ ਸ਼ਿਕੰਜਾ

ਨਵੀਂ ਦਿੱਲੀ: ਭਾਰਤ ਦੀ ਕੌਮੀ ਜਾਂਚ ਅਜੈਂਸੀ ਐੱਨਆਈਏ ਕਸ਼ਮੀਰ ਦੇ ਤਿੰਨ ਅਜ਼ਾਦੀ ਪਸੰਦ ਆਗੂਆਂ ਨੂੰ ਖਾੜਕੂਆਂ ਨੂੰ ਪੈਸਾ ਮੁਹੱਈਆ ਕਰਾਉਣ ਦੇ ਦੋਸ਼ ਵਿੱਚ ਹਿਰਾਸਤ 'ਚ ਲੈ ਕੇ ਦਿੱਲੀ ਲਿਆਈ ਹੈ। 

ਜੰਮੂ ਕਸ਼ਮੀਰ ਡੈਮੋਕਰੈਟਿਕ ਫਰੀਡਮ ਪਾਰਟੀ ਦੇ ਮੁਖੀ ਸ਼ਬੀਰ ਸ਼ਾਹ, ਦੁਖਤਰਾਨ-ਏ-ਮਿੱਲਤ ਦੀ ਮੁਖੀ ਆਸੀਆ ਅੰਦਰਾਬੀ ਤੇ ਹੁਰੀਅਤ ਕਾਨਫਰੰਸ ਦੇ ਨੌਜਵਾਨ ਆਗੂ ਮਸੱਰਤ ਆਲਮ ਭੱਟ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 

ਐੱਨਆਈਏ ਸੋਮਵਾਰ ਰਾਤ ਜੰਮੂ ਕਸ਼ਮੀਰ ਮੁਸਲੀਮ ਲੀਗ ਦੇ ਚੇਅਰਮੈਨ ਭੱਟ ਨੂੰ ਦਿੱਲੀ ਲਿਆਈ ਹੈ ਜੋ ਜੰਮੂ ਕਸ਼ਮੀਰ ਦੀ ਜੇਲ੍ਹ ’ਚ ਬੰਦ ਸਨ। ਉਨ੍ਹਾਂ ਨੂੰ ਵਧੀਕ ਸੈਸ਼ਨ ਜੱਜ ਰਾਕੇਸ਼ ਸਿਆਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ 10 ਦਿਨ ਲਈ ਐੱਨਆਈਏ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ। ਭੱਟ ਦੇ ਨਾਲ ਨਾਲ ਅਦਾਲਤ ਨੇ ਸ਼ਾਹ ਤੇ ਅੰਦਰਾਬੀ ਨੂੰ ਵੀ ਖਾੜਕੂਆਂ ਨੂੰ ਪੈਸਾ ਮੁਹੱਈਆ ਕਰਾਉਣ ਦੇ ਮਾਮਲੇ ’ਚ 14 ਜੂਨ ਤੱਕ ਐੱਨਆਈਏ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ ਜਿਨ੍ਹਾਂ ਨੂੰ ਵੱਖ ਵੱਖ ਕੇਸਾਂ ’ਚ ਐੱਨਆਈਏ ਨੇ ਪਹਿਲਾਂ ਹੀ ਹਿਰਾਸਤ ’ਚ ਲਿਆ ਹੋਇਆ ਹੈ। ਭੱਟ ਨੂੰ ਕਸ਼ਮੀਰ ’ਚ ਪੱਥਰਬਾਜ਼ੀ ਦੀਆਂ ਘਟਨਾਵਾਂ ਦੇ ਮਾਮਲੇ ’ਚ ਨਜ਼ਰਬੰਦ ਰੱਖਿਆ ਗਿਆ ਸੀ। 

ਇਨ੍ਹਾਂ ਤੋਂ ਪਹਿਲਾਂ ਐੱਨਆਈਏ ਵੱਲੋਂ ਜੇਕੇਐੱਲਐੱਫ ਮੁਖੀ ਯਾਸੀਨ ਮਲਿਕ ਨੂੰ ਇਸ ਮਾਮਲੇ ’ਚ ਇੱਥੇ ਲਿਆਂਦਾ ਗਿਆ ਸੀ। ਕੌਮੀ ਜਾਂਚ ਏਜੰਸੀ ਨੇ ਹੁਣ ਆਫਤਾਬ ਹਿਲਾਲੀ ਸ਼ਾਹ ਉਰਫ਼ ਸ਼ਾਹਿਦ ਉਲ ਇਸਲਾਮ, ਫਾਰੂਕ ਅਹਿਮਦ ਡਾਲ ਉਰਫ਼ ਬਿੱਟਾ ਕਰਾਟੇ, ਨਈਮ ਖਾਨ, ਅਲਤਾਫ਼ ਅਹਿਮਦ ਸ਼ਾਹ, ਰਾਜਾ ਮਿਹਰਾਜੂਦੀਨ ਕਲਵਲ ਤੇ ਬਸ਼ੀਰ ਅਹਿਮਦ ਭੱਟ ਉਰਫ਼ ਪੀਰ ਸੈਫੁੱਲ੍ਹਾ ਜਿਹੇ ਅਜ਼ਾਦੀ ਪਸੰਦ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ। ਅਲਤਾਫ ਅਹਿਮਦ ਸ਼ਾਹ ਹੁਰੀਅਤ ਆਗੂ ਸਈਦ ਅਲੀ ਗਿਲਾਨੀ ਦਾ ਜਵਾਈ ਹੈ ਜੋ ਜੰਮੂ ਕਸ਼ਮੀਰ ਦਾ ਪਾਕਿਸਤਾਨ ’ਚ ਰਲੇਵਾਂ ਕਰਨ ਦੀ ਪੈਰਵੀ ਕਰਦੇ ਹਨ। ਐੱਨਆਈਏ ਨੇ 18 ਜਨਵਰੀ 2018 ’ਚ ਲਸ਼ਕਰ-ਏ-ਤਾਇਬਾ ਦੇ ਬਾਨੀ ਹਾਫਿਜ਼ ਸਈਦ ਤੇ ਹਿਜ਼ਬੁਲ ਮੁਜਾਹੀਦੀਨ ਦੇ ਮੁਖੀ ਸਈਦ ਸਲਾਹੁੱਦੀਨ ਸਮੇਤ 12 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ