ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਵਿਚ ਭਾਰਤੀ ਅੜਿੱਕਾ

ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਵਿਚ ਭਾਰਤੀ ਅੜਿੱਕਾ

ਨਵੀਂ ਦਿੱਲੀ: ਕਈ ਦਹਾਕਿਆਂ ਦੀਆਂ ਸਿੱਖ ਸੰਗਤ ਦੀਆਂ ਅਰਦਾਸਾਂ ਤੋਂ ਬਾਅਦ ਚੱਲੀ ਕਰਤਾਰਪੁਰ ਸਾਹਿਬ ਲਾਂਘੇ ਦੀ ਕਾਇਮੀ ਦੀ ਗੱਲ ਨੂੰ ਭਾਰਤ ਨੇ ਇਕ ਵਾਰ ਫੇਰ ਰੋਕਾਂ ਲਗਾ ਦਿੱਤੀਆਂ ਹਨ। 2 ਅਪ੍ਰੈਲ ਨੂੰ ਹੋਣ ਵਾਲੀ ਲਾਂਘੇ ਸਬੰਧੀ ਬੈਠਕ ਨੂੰ ਮੁਲਤਵੀ ਕਰਨ ਮਗਰੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਕੱਲ੍ਹ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਵੱਲੋਂ ਬਣਾਈ ਕਮੇਟੀ 'ਤੇ ਭਾਰਤ ਵੱਲੋਂ ਚੁੱਕੇ ਇਤਰਾਜ਼ਾਂ ਬਾਰੇ ਪਾਕਿਸਤਾਨ ਸਰਕਾਰ ਦਾ ਕੋਈ ਜਵਾਬ ਨਹੀਂ ਆਇਆ ਹੈ। 

ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਅਤੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਪ੍ਰਬੰਧਾਂ ਵਾਸਤੇ ਬਣਾਈ ਕਮੇਟੀ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਸ਼ਾਮਿਲ ਕੀਤਾ ਸੀ, ਜਿਸ 'ਤੇ ਭਾਰਤ ਸਰਕਾਰ ਨੇ ਇਹ ਕਹਿੰਦਿਆਂ ਇਤਰਾਜ਼ ਪ੍ਰਗਟ ਕੀਤਾ ਸੀ ਕਿ ਇਹ ਸਿੱਖ ਨੁਮਾਂਇੰਦੇ ਅਜ਼ਾਦ ਸਿੱਖ ਰਾਜ 'ਖਾਲਿਸਤਾਨ' ਦੀ ਬਹਾਲੀ ਲਈ ਯਤਨਸ਼ੀਲ ਹਨ। 

ਰਵੀਸ਼ ਕੁਮਾਰ ਨੇ ਕਿਹਾ, "ਅਸੀਂ ਪਾਕਿਸਤਾਨ ਤੋਂ ਕਈ ਗੱਲਾਂ ਸਬੰਧੀ ਸਪਸ਼ਟੀਕਰਨ ਮੰਗਿਆ ਸੀ, ਜਿਵੇਂ ਕਿ ਹਰ ਰੋਜ਼ ਕਿੰਨ੍ਹੇ ਯਾਤਰੀਆਂ ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ, ਇਸ ਸਬੰਧੀ ਕੋਈ ਜਵਾਬ ਨਹੀਂ ਆਇਆ। ਅਸੀਂ ਉਹਨਾਂ ਖਬਰਾਂ ਬਾਰੇ ਵੀ ਆਪਣਾ ਫਿਕਰ ਪ੍ਰਗਟ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਸਰਕਾਰ ਨੇ ਕੁਝ 'ਵਿਵਾਦਪੂਰਨ ਤੱਤਾਂ' ਨੂੰ ਕਮੇਟੀ ਵਿਚ ਸ਼ਾਮਿਲ ਕੀਤਾ ਹੈ। ਅਸੀਂ ਹੁਣ ਤੱਕ ਪਾਕਿਸਤਾਨ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ।" 

ਰਵੀਸ਼ ਕੁਮਾਰ ਨੇ ਕਿਹਾ, "ਜਿਵੇਂ ਹੀ ਪਾਕਿਸਤਾਨ ਤੋਂ ਕੋਈ ਜਵਾਬ ਆਵੇਗਾ ਅਸੀਂ ਗੱਲ ਨੂੰ ਅੱਗੇ ਤੋਰਾਂਗੇ।"

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਇਸਲਾਮਾਬਾਦ ਗਏ ਚੜ੍ਹਦੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਇਹ ਸੁਨੇਹਾ ਲੈ ਕੇ ਪਰਤੇ ਸਨ ਕਿ ਪਾਕਿਸਤਾਨ ਸਰਕਾਰ ਕਰਤਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹੈ ਜਿਸ ਮਗਰੋਂ ਇਮਰਾਨ ਖਾਨ ਨੇ ਭਾਰਤ ਸਰਕਾਰ ਨੂੰ ਜਨਤਕ ਐਲਾਨ ਕਰਦਿਆਂ ਕਰਤਾਰਪੁਰ ਲਾਂਘਾ ਬਣਾਉਣ ਲਈ ਸੱਦਾ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਵੱਲੋਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਾਲੇ ਪਾਸੇ ਆਪੋ-ਆਪਣੇ ਪ੍ਰਬੰਧ ਹੇਠਲੇ ਖੇਤਰ ਵਿਚ ਡੇਰਾ ਬਾਬਾ ਨਾਨਕ ਅਤੇ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਵੀ ਰੱਖੇ ਗਏ। ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਕੰਮ ਬਹੁਤ ਤੇਜੀ ਨਾਲ ਸ਼ੁਰੂ ਕੀਤਾ ਗਿਆ ਤੇ ਕਾਫੀ ਕੰਮ ਮੁਕੰਮਲ ਵੀ ਕਰ ਲਿਆ ਗਿਆ ਹੈ ਜਦਕਿ ਭਾਰਤ ਵਾਲੇ ਪਾਸੇ ਕੰਮ ਕੁਝ ਢਿੱਲਾ ਚੱਲ ਰਿਹਾ ਸੀ ਪਰ ਫਰਵਰੀ ਮਹੀਨੇ ਕੰਮ ਨੇ ਕੁਝ ਤੇਜੀ ਫੜ੍ਹੀ ਸੀ। ਪਰ ਭਾਰਤੀ ਅਤੇ ਪਾਕਿਸਤਾਨੀ ਅਫਸਰਾਂ ਦਰਮਿਆਨ ਲਾਂਘੇ ਸਬੰਧੀ ਦੋ ਬੈਠਕਾਂ ਹੋਣ ਮਗਰੋਂ ਤੀਜੀ ਬੈਠਕ ਲਈ ਭਾਰਤ ਨੇ ਕੁਝ ਸ਼ਰਤਾਂ ਰੱਖਦਿਆਂ ਇਸ ਨੂੰ ਮੁਲਤਵੀ ਕਰ ਦਿੱਤਾ ਸੀ। 

ਭਾਰਤ ਵੱਲੋਂ ਜਿਹਨਾਂ ਸਿੱਖ ਸਖਸ਼ੀਅਤਾਂ 'ਤੇ ਇਤਰਾਣ ਪ੍ਰਗਟ ਕੀਤੇ ਜਾ ਰਹੇ ਹਨ ਉਹ ਪਾਕਿਸਤਾਨ ਦੇ ਸਿੱਖਾਂ ਦੀ ਨੁਮਾਂਇੰਦਾ ਸੰਸਥਾ ਦੇ ਅਹਿਮ ਅਹੁਦਿਆਂ 'ਤੇ ਸੇਵਾ ਨਿਭਾਉਂਦੇ ਹਨ। ਭਾਰਤ ਦਾ ਇਹ ਰਵੱਈਆ ਪਾਕਿਸਤਾਨ ਦੇ ਸਿੱਖ ਮਾਮਲਿਆਂ ਵਿਚ ਸਿੱਧੀ ਦਖਲਅੰਦਾਜ਼ੀ ਵਾਂਗ ਹੈ। ਪਾਕਿਸਤਾਨ ਸਰਕਾਰ ਵੱਲੋਂ ਲਾਂਘੇ ਸਬੰਧੀ ਬਣਾਈ ਕਮੇਟੀ ਵਿਚ ਸ਼ਾਮਿਲ ਕੀਤੇ ਗਏ ਸਿੱਖ ਨੁਮਾਂਇੰਦਿਆਂ ਦੀ ਵਿਚਾਰਧਾਰਾ 'ਤੇ ਸਵਾਲ ਚੁੱਕ ਕੇ ਜੇ ਭਾਰਤ ਇਸ ਲਾਂਘੇ ਦੇ ਕੰਮ ਵਿਚ ਰੋਕ ਲਾਉਣੀ ਚਾਹੁੰਦਾ ਹੈ ਤਾਂ ਲਾਂਘੇ ਦੇ ਭਵਿੱਖ 'ਤੇ ਇਕ ਸਵਾਲੀਆ ਚਿੰਨ੍ਹ ਜ਼ਰੂਰ ਬਣ ਰਿਹਾ ਹੈ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ