ਸਰਕਾਰਾਂ ਦੇ ਰੰਗ ਬਦਲੇ, ਢੰੰਗ ਨਹੀਂਂ: ਰੇਤੇ ਬਜ਼ਰੀ 'ਤੇ ਡਾਕਾ ਲਗਾਤਾਰ ਜਾਰੀ

ਸਰਕਾਰਾਂ ਦੇ ਰੰਗ ਬਦਲੇ, ਢੰੰਗ ਨਹੀਂਂ: ਰੇਤੇ ਬਜ਼ਰੀ 'ਤੇ ਡਾਕਾ ਲਗਾਤਾਰ ਜਾਰੀ
ਗੜ੍ਹਸ਼ੰਕਰ: ਪੰਜਾਬ ਵਿੱਚ ਭਾਵੇਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰੇਤਾ  ਬਜ਼ਰੀ ਮਾਫੀਆ ਦਾ ਮਸਲਾ ਅਹਿਮ ਬਣਿਆ ਰਿਹਾ ਸੀ ਤੇ ਸੱਤਾ ਹਾਸਿਲ ਕਰਨ ਲਈ ਕਾਂਗਰਸ ਦੇ ਆਗੂਆਂ ਵੱਲੋਂ ਵੱਡੇ ਵਾਅਦੇ ਕੀਤੇ ਗਏ ਸਨ ਪਰ ਸੱਤਾ ਤਬਦੀਲੀ ਤੋਂ ਬਾਅਦ ਵੀ ਪੰਜਾਬ ਦੇ ਰੇਤੇ ਬਜ਼ਰੀ ਦੀ ਲੁੱਟ ਲਗਤਾਰ ਜਾਰੀ ਹੈ। 

ਗੜ੍ਹਸ਼ੰਕਰ ਤਹਿਸੀਲ ਦੇ ਅਨੇਕਾਂ ਨੀਮ ਪਹਾੜੀ ਪਿੰਡਾਂ ਵਿਚ ਖਣਨ ਮਾਫੀਆ ਦੀਆਂ ਸਰਗਰਮੀਆਂ ਲਗਾਤਾਰ ਵਧ ਰਹੀਆਂ ਹਨ ਜਦਕਿ ਵਣ ਵਿਭਾਗ ਇਸ ਵਰਤਾਰੇ ਨੂੰ ਰੋਕਣ ਵਿਚ ਅਸਫ਼ਲ ਹੋ ਰਿਹਾ ਹੈ। ਮਾਹਿਲਪੁਰ ਅਤੇ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਪੈਂਦੇ ਨੀਮ ਪਹਾੜੀ ਪਿੰਡ ਖਣਨ ਮਾਫੀਏ ਦਾ ਅੱਡਾ ਬਣ ਗਏ ਹਨ ਜਿੱਥੇ ਵਣ ਵਿਭਾਗ ਦੀਆਂ ਦਫ਼ਾ 4 ਅਤੇ 5 ਵਰਗੀਆਂ ਸਜ਼ਾਯੋਗ ਕਾਨੂੰਨ ਧਾਰਾਵਾਂ ਦੇ ਬਾਵਜੂਦ ਸ਼ਿਵਾਲਿਕ ਪਹਾੜੀਆਂ ’ਚੋਂ ਰੇਤਾ, ਮਿੱਟੀ ਅਤੇ ਪੱਥਰ ਚੁੱਕਣ ਦੀ ਕਾਰਵਾਈ ਲਗਾਤਾਰ ਜਾਰੀ ਹੈ।
 

ਚੇਤੇ ਰਹੇ ਕਿ ਪਿਛਲੇ ਹਫ਼ਤੇ ਮਾਹਿਲਪੁਰ ਦੇ ਪਿੰਡ ਖੰਨੀ ਅਤੇ ਪਨਾਹਪੁਰ ਵਿਖੇ ਵਣ ਵਿਭਾਗ ਦੀ ਰਾਖੀ ਚੌਕੀ ਦੇ ਨੇੜਿਓਂ ਰੇਤਾ ਅਤੇ ਮਿੱਟੀ ਚੁੱਕਣ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਨਸ਼ਰ ਹੋਈਆਂ ਸਨ। ਵਣ ਵਿਭਾਗ ਵੱਲੋਂ ਦੋ ਚਾਰ ਦਿਨ ਇਸ ਇਲਾਕੇ ਵਿਚ ਗਸ਼ਤ ਵਧਾ ਕੇ ਇਹ ਕਾਰਵਾਈ ਰੋਕੀ ਗਈ ਪਰ ਇਸ ਦੀ ਜਾਂਚ ਕਰਨ ਜਾਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ। ਹੁਣ ਇਸ ਇਲਾਕੇ ਵਿਚ ਖਣਨ ਮਾਫੀਆ ਦੀਆਂ ਗਤੀਵਿਧੀਆਂ ਮੁੜ ਵਧ ਗਈਆਂ ਹਨ ਅਤੇ ਰਾਤ-ਬਰਾਤੇ ਇੱਥੋਂ ਰੇਤ, ਪੱਥਰ ਅਤੇ ਲੱਕੜ ਦੀ ਢੋਆ ਢੁਆਈ ਕਰ ਕੇ ਸਰਕਾਰੀ ਧਰੋਹਰ ਨੂੰ ਵੱਡਾ ਚੂਨਾ ਲਗਾਇਆ ਜਾ ਰਿਹਾ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਸੱਤਾਧਾਰੀ ਪਾਰਟੀ ਦੇ ਕਈ ਨੇਤਾ ਖਣਨ ਮਾਫੀਆ ਨਾਲ ਘਿਓ ਖਿਚੜੀ ਹਨ ਜਿਸ ਕਰ ਕੇ ਵਣ ਵਿਭਾਗ ਦੇ ਅਧਿਕਾਰੀ ਇਸ ਪਾਸੇ ਕਾਰਵਾਈ ਕਰਨਾ ਤਾਂ ਦੂਰ ਦੀ ਗੱਲ ਗਸ਼ਤ ਵੀ ਨਹੀਂ ਕਰਦੇ। ਇਲਾਕੇ ਦੇ ਵਸਨੀਕਾਂ ਅਨੁਸਾਰ ਸੜਕਾਂ ਤੋਂ ਰੋਜ਼ਾਨਾ ਖਣਨ ਸਮੱਗਰੀ ਨਾਲ ਭਰੇ ਟਿੱਪਰ ਆਮ ਗੁਜ਼ਰਦੇ ਹਨ ਪਰ ਇਸ ਬਾਰੇ ਪੁਲੀਸ ਤੇ ਪ੍ਰਸ਼ਾਸਨ ਵੀ ਕਾਰਵਾਈ ਕਰਨ ਤੋਂ ਅਸਮਰੱਥ ਹੈ ਜਦਕਿ ਦੋ ਪਹੀਆ ਵਾਹਨ ਚਾਲਕਾਂ ਦੇ ਚਲਾਨ ਕਰ ਕੇ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ।