ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪਾਕਿਸਤਾਨ ਨੇ ਭਾਰਤ 'ਤੇ ਗੰਭੀਰ ਦੋਸ਼ ਲਾਇਆ

ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪਾਕਿਸਤਾਨ ਨੇ ਭਾਰਤ 'ਤੇ ਗੰਭੀਰ ਦੋਸ਼ ਲਾਇਆ

ਇਸਲਾਮਾਬਾਦ: ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਸਰਕਾਰ ਨੇ ਅੱਜ ਭਾਰਤ ਦੀ ਨੀਅਤ 'ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਭਾਰਤ ਸਰਕਾਰ ਲਾਂਘੇ ਸਬੰਧੀ ਸਮਝੌਤੇ ਨੂੰ ਸਿਰੇ ਚੜਾਉਣ ਵਿੱਚ ਦੇਰ ਕਰ ਰਹੀ ਹੈ। ਪਾਕਿਸਤਾਨ ਨੇ ਭਾਰਤ ’ਤੇ ਕਰਤਾਰਪੁਰ ਲਾਂਘਾ ਸ਼ੁਰੂ ਕਰਨ ਸਬੰਧੀ ਸਮਝੌਤੇ ’ਤੇ ਅਖੀਰੀ ਸਹਿਮਤੀ ਲਈ ਉੱਚ ਪੱਧਰੀ ਗੱਲਬਾਤ ਵਿੱਚ ਦੇਰੀ ਕਰਨ ਦੇ ਦੋਸ਼ ਲਾਏ ਹਨ। 

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫੈਸਲ ਨੇ ਕਿਹਾ, ‘‘ਪਾਕਿਸਤਾਨ ਚਾਹੁੰਦਾ ਹੈ ਕਿ ਕਰਤਾਰਪੁਰ ਲਾਂਘਾ ਮਿਥੇ ਸਮੇਂ ’ਤੇ ਚਾਲੂ ਹੋ ਜਾਵੇ ਪਰ ਭਾਰਤ ਸਰਕਾਰ ਉੱਚ ਪੱਧਰੀ ਮੀਟਿੰਗਾਂ ਕਰਨ ਲਈ ਦੇਰੀ ਕਰ ਰਹੀ ਹੈ। ’’ 

ਦੱਸਣਯੋਗ ਹੈ ਕਿ ਬੀਤੀ 16 ਅਪਰੈਲ ਨੂੰ ਕੀਤੀ ਮੀਟਿੰਗ ਵਿੱਚ ਭਾਰਤ ਅਤੇ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦੇ ਤਕਨੀਕੀ ਪੱਖਾਂ ਬਾਰੇ ਵਿਚਾਰ -ਵਟਾਂਦਰਾ ਕੀਤਾ ਗਿਆ ਸੀ। ਕਰਤਾਰਪੁਰ ਲਾਂਘੇ ਕੋਲ ਕੱਚੇ ਲਾਏ ਟੈਂਟਾਂ ਵਿੱਚ ਚਾਰ ਘੰਟੇ ਚੱਲੀ ਇਸ ਮੀਟਿੰਗ ਵਿੱਚ ਦੋਵਾਂ ਮੁਲਕਾਂ ਦੇ ਮਾਹਿਰਾਂ ਅਤੇ ਤਕਨੀਸ਼ੀਅਨਾਂ ਨੇ ਪੁਲ ਦੇ ਮੁਕੰਮਲ ਹੋਣ ਦਾ ਸਮਾਂ, ਸੜਕਾਂ ਅਤੇ ਲਾਂਘੇ ਦੇ ਇੰਜਨੀਅਰਿੰਗ ਪੱਖਾਂ ’ਤੇ ਵਿਚਾਰ ਕੀਤਾ ਸੀ। ਮੀਟਿੰਗ ਤੋਂ ਬਾਅਦ ਫੈਸਲ ਨੇ ਕਿਹਾ ਸੀ ਕਿ ਕਰਤਾਰਪੂਰ ਲਾਂਘੇ ’ਤੇ ਪਾਕਿਸਤਾਨ ਵਾਲੇ ਪਾਸੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ