ਕਰਤਾਪੁਰ ਸਾਹਿਬ ਲਾਂਘੇ ਦਾ ਕੰਮ ਹੋਇਆ ਤੇਜ਼; ਡੇਰਾ ਬਾਬਾ ਨਾਨਕ ਸਰਹੱਦ 'ਤੇ ਮਿਲੇ ਭਾਰਤ ਅਤੇ ਪਾਕਿਸਤਾਨ ਦੇ ਅਫਸਰ

ਕਰਤਾਪੁਰ ਸਾਹਿਬ ਲਾਂਘੇ ਦਾ ਕੰਮ ਹੋਇਆ ਤੇਜ਼; ਡੇਰਾ ਬਾਬਾ ਨਾਨਕ ਸਰਹੱਦ 'ਤੇ ਮਿਲੇ ਭਾਰਤ ਅਤੇ ਪਾਕਿਸਤਾਨ ਦੇ ਅਫਸਰ

ਅੰਮ੍ਰਿਤਸਰ: ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨੂੰ ਜੋੜਨ ਦਾ ਵਸੀਲਾ ਬਣ ਰਹੇ ਗੁਰੂ ਨਾਨਕ ਦੇ ਦਰਬਾਰ ਕਰਤਾਰਪੁਰ ਸਾਹਿਬ ਨੂੰ ਕੰਡਿਆਲੀ ਤਾਰ 'ਤੇ ਖੜੈ ਕੇ ਦੂਰਬੀਨ ਰਾਹੀਂ ਦੂਰੋਂ ਦੇਖਦਿਆਂ ਸਿੱਖ ਸੰਗਤਾਂ ਵੱਲੋਂ ਖੁੱਲ੍ਹੇ ਦਰਸ਼ਨ ਦਿਦਾਰਿਆਂ ਦੀਆਂ ਕੀਤੀਆਂ ਅਰਦਾਸਾਂ ਪੂਰੀਆਂ ਹੋਣ ਜਾ ਰਹੀਆਂ ਹਨ। ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ ਦੋਵਾਂ ਸਰਕਾਰਾਂ ਵੱਲੋਂ ਅਰੰਭ ਦਿੱਤਾ ਗਿਆ ਹੈ ਤੇ ਉਸਾਰੀ ਦੇ ਨਾਲ-ਨਾਲ ਲਾਂਘੇ 'ਤੇ ਸਰਕਾਰੀ ਸਮਝੌਤਿਆਂ ਲਈ ਬੈਠਕਾਂ ਦਾ ਦੌਰ ਵੀ ਤੇਜ਼ ਹੋ ਗਿਆ ਹੈ। 

ਬੀਤੇ ਕੱਲ੍ਹ ਡੇਰਾ ਬਾਬਾ ਨਾਨਕ ਸਥਿਤ ਦਰਸ਼ਨੀ ਸਥਾਨ ਨਜ਼ਦੀਕ ਸਰਹੱਦ 'ਤੇ ਭਾਰਤੀ ਅਤੇ ਪਾਕਿਸਤਾਨੀ ਉੱਚ ਅਫਸਰਾਂ ਦੀ ਬੈਠਕ ਹੋਈ। ਹਲਾਂਕਿ ਇਸ ਬੈਠਕ ਵਿਚ ਵਿਚਾਰੇ ਗਏ ਮਾਮਲਿਆਂ ਸਬੰਧੀ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਿਕ ਲਾਂਘੇ ਲਈ ਬਣਨ ਵਾਲੀ ਸੜਕ ਦੀ ਉਚਾਈ ਤੇ ਚੌੜਾਈ ਲਈ ਦੋਵਾਂ ਦੇਸ਼ਾਂ ਦੇ ਅਫਸਰਾਂ ਨੇ ਸਹਿਮਤੀ ਦਿੱਤੀ ਹੈ। ਦੋਵਾਂ ਦੇਸ਼ਾਂ ਦੇ ਵਫਦਾਂ ਨੇ ਉਸ ਜਗ੍ਹਾ ਦਾ ਜਾਇਜ਼ਾ ਵੀ ਲਿਆ ਹੈ, ਜਿੱਥੋਂ ਦੋਵਾਂ ਦੇਸ਼ਾਂ ਨੂੰ ਜੋੜਦੀ ਸੜਕ ਬਣੇਗੀ। ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ’ਤੇ ਹੋਈ ਮੀਟਿੰਗ ਅਨੁਸਾਰ ਦੋਵਾਂ ਦੇਸ਼ਾਂ ਦੇ ਲਾਂਘੇ ਲਈ ਬਣਨ ਵਾਲੇ ਗੇਟ ਆਹਮੋ-ਸਾਹਮਣੇ ਹੋਣਗੇ। ਇਹ ਗੇਟ ਕੌਮਾਂਤਰੀ ਸੀਮਾ ’ਤੇ ਬਣੇ ਦਰਸ਼ਨੀ ਸਥਾਨ ਨੇੜੇ ਹੀ ਬਣਨਗੇ। ਪਾਕਿਸਤਾਨੀ ਅਫਸਰਾਂ ਵੱਲੋਂ ਲਾਂਘੇ ਵਾਲੇ ਗੇਟ ਐਨ ਆਹਮੋ ਸਾਹਮਣੇ ਬਣਾਉਣ ਬਾਰੇ ਗੱਲ ਆਖੀ, ਦੱਸੀ ਗਈ ਹੈ।

ਇਸ ਬੈਠਕ ਵਿਚ ਭਾਰਤ ਵੱਲੋਂ ਕੇਂਦਰ ਸਰਕਾਰ ਦੇ ਲੈਂਡ ਪੋਰਟ ਅਥਾਰਟੀ ਦੇ ਅਖਿਲ ਸਕਸੈਨਾ, ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਅਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਐੱਸਈ ਐੱਨਆਰ ਗੋਇਲ ਅਤੇ ਡਰੇਨ ਵਿਭਾਗ ਦੇ ਐੱਸਈ ਮਨਜੀਤ ਸਿੰਘ ਸਮੇਤ ਹੋਰ ਅਫਸਰਾਂ ਨੇ ਹਿੱਸਾ ਲਿਆ। 

ਜਾਣਕਾਰੀ ਮੁਤਾਬਿਕ ਜਿਹਨਾਂ ਜ਼ਮੀਨ ਮਾਲਕ ਕਿਸਾਨਾਂ ਦੀ ਜ਼ਮੀਨ ਇਸ ਲਾਂਘੇ ਵਿਚ ਆਉਣੀ ਹੈ ਉਹਨਾਂ ਦਾ ਮੁਆਵਜ਼ਾ ਸਥਾਨਕ ‘ਡੇਰਾ ਬਾਬਾ ਨਾਨਕ’ ਪ੍ਰਸਾਸ਼ਨ ਨੂੰ ਦੇ ਦਿੱਤਾ ਗਿਆ ਹੈ।  ਅਫਸਰਾਂ ਨੇ ਦੱਸਿਆ ਕਿ 50 ਏਕੜ ਜ਼ਮੀਨ ’ਤੇ ਬਣਨ ਵਾਲੀ ਇੰਟੈਗਰੇਟਿਡ ਚੈੱਕ ਪੋਸਟ ਦਾ ਨਿਰਮਾਣ ਕੰਮ ਅੱਜ ਸ਼ੁਰੂ ਹੋ ਗਿਆ ਹੈ। 

ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਕਿਸਾਨਾਂ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਜ਼ਮੀਨ ਲਾਂਘੇ ਲਈ ਐਕੁਆਇਰ ਕੀਤੀ ਗਈ।

ਦੋਵਾਂ ਦੇਸ਼ਾਂ ਦੇ ਉੱਚ ਅਫਸਰਾਂ ਦੀ ਅਗਲੀ ਮੀਟਿੰਗ 2 ਅਪਰੈਲ ਨੂੰ ਹੋ ਰਹੀ ਹੈ, ਜਿਸ ਵਿੱਚ ਅੱਜ (19 ਮਾਰਚ) ਨੂੰ ਹੋਈ ਮੀਟਿੰਗ ਦੌਰਾਨ ਵਿਚਾਰੇ ਮੁੱਦਿਆਂ ਦੀ ਪੜਚੋਲ ਕੀਤੀ ਜਾਵੇਗੀ। ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ 2 ਅਪਰੈਲ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਡੇਰਾ ਬਾਬਾ ਨਾਨਕ ਕੋਲ ਅੱਜ ਹੋਈ ਮੀਟਿੰਗ ਅਤੇ ਬਣੀ ਸਹਿਮਤੀ ਬਾਰੇ ਬਕਾਇਦਾ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਜਾਵੇਗੀ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ