ਨਾਮੀਂ ਕਸ਼ਮੀਰੀ ਪੱਤਰਕਾਰ ਨੂੰ ਜਰਮਨੀ ਜਾਣ ਤੋਂ ਰੋਕਿਆ

ਨਾਮੀਂ ਕਸ਼ਮੀਰੀ ਪੱਤਰਕਾਰ ਨੂੰ ਜਰਮਨੀ ਜਾਣ ਤੋਂ ਰੋਕਿਆ
ਗੋਹਾਰ ਗਿਲਾਨੀ

ਨਵੀਂ ਦਿੱਲੀ: ਕਸ਼ਮੀਰ ਦੇ ਇੱਕ ਨਾਮੀਂ ਪੱਤਰਕਾਰ ਨੂੰ ਅੱਜ ਭਾਰਤੀ ਅਫਸਰਾਂ ਨੇ ਜਰਮਨੀ ਜਾਣ ਤੋਂ ਰੋਕ ਦਿੱਤਾ। ਪੱਤਰਕਾਰ ਗੋਹਾਰ ਗਿਲਾਨੀ ਜਰਮਨੀ ਦੇ ਬੋਨ ਵਿਖੇ ਪੱਤਰਕਾਰਾਂ ਦੀ ਇੱਕ ਇਕੱਤਰਤਾ 'ਚ ਸ਼ਾਮਿਲ ਹੋਣ ਜਾ ਰਹੇ ਸੀ। ਦਿੱਲੀ ਹਵਾਈ ਅੱਡੇ 'ਤੇ ਭਾਰਤੀ ਅਫਸਰਾਂ ਨੇ ਉਹਨਾਂ ਨੂੰ ਰੋਕਦਿਆਂ ਕਿਹਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਹੁਕਮਾਂ ਨਾਲ ਉਹਨਾਂ ਨੂੰ ਸਫਰ ਕਰਨ ਤੋਂ ਰੋਕਿਆ ਜਾ ਰਿਹਾ ਹੈ। 

ਕਸ਼ਮੀਰ: ਰੇਜ ਐਂਡ ਰੀਜ਼ਨ ਦੇ ਲੇਖਕ ਗੋਹਾਰ ਗਿਲਾਨੀ ਜਰਮਨੀ ਦੇ ਕੌਮਾਂਤਰੀ ਚੈਨਲ ਦੇ ਸੰਪਾਦਕ ਬਤੌਰ ਇਸ ਇਕੱਤਰਤਾ 'ਚ ਸ਼ਾਮਿਲ ਹੋਣ ਜਾ ਰਹੇ ਸੀ। 

ਉਹਨਾਂ ਦੱਸਿਆ ਕਿ ਉਹਨਾਂ ਦਾ ਪਾਸਪੋਰਟ ਅਤੇ ਬੋਰਡਿੰਗ ਪਾਸ ਇਮੀਗਰੇਸ਼ਨ ਅਫਸਰ ਕੋਲ ਸੀ ਤੇ ਉਸਨੇ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਦੇ ਹੁਕਮਾਂ ਨਾਲ ਉਹਨਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ। 

ਉਹਨਾਂ ਕਿਹਾ, "ਮੈਂ ਉਸਨੂੰ ਪੁੱਛਿਆ ਕਿ ਮੇਰੀ ਗਲਤੀ ਕੀ ਹੈ ਅਤੇ ਮੇਰੇ ਤੋਂ ਰੁਜ਼ਗਾਰ ਦਾ ਹੱਕ ਅਤੇ ਸਫਰ ਕਰਨ ਦਾ ਹੱਕ ਕਿਉਂ ਖੋਹਿਆ ਜਾ ਰਿਹਾ ਹੈ, ਪਰ ਉਹਨਾਂ ਮੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਉਹ ਇੱਕ ਹੀ ਗੱਲ ਦੁਹਰਾਉਂਦਾ ਰਿਹਾ ਕਿ ਮੈਂ ਆਪਣੇ ਉੱਚ ਅਫਸਰਾਂ ਦੇ ਹੁਕਮਾਂ ਮੁਤਾਬਿਕ ਕਾਰਵਾਈ ਕਰ ਰਿਹਾ ਹਾਂ।"

ਗੋਹਾਰ ਗਿਲਾਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੋਟਿਸ ਨਹੀਂ ਦਿੱਤਾ ਗਿਆ ਸੀ। 

ਉਹਨਾਂ ਕਿਹਾ, "ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਅਜਿਹਾ ਕਿਹੜਾ ਜ਼ੁਰਮ ਕਰ ਦਿੱਤਾ ਹੈ ਜਿਸ ਲਈ ਮੇਰੇ ਤੋਂ ਰੁਜ਼ਗਾਰ ਦਾ ਹੱਕ, ਸਫਰ ਕਰਨ ਦਾ ਹੱਕ ਤੇ ਬੋਲਣ ਦੀ ਅਜ਼ਾਦੀ ਦਾ ਹੱਕ ਖੋਹਿਆ ਜਾ ਰਿਹਾ ਹੈ। ਮੈਨੂੰ ਦਿੱਲੀ ਅਤੇ ਕਸ਼ਮੀਰ ਵਿੱਚ ਡਰ ਲਗਦਾ ਹੈ। ਮੈਂ ਆਪਣੀ ਜ਼ਿੰਦਗੀ, ਪਰਿਵਾਰ ਅਤੇ ਭਵਿੱਖ ਲਈ ਫਿਕਰਮੰਦ ਹਾਂ। ਕਸ਼ਮੀਰ ਭਾਵਨਾਵਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਅਤੇ ਪ੍ਰਗਟਾਵੇ ਮਗਰੋਂ ਅਜ਼ਾਦੀ ਦਾ ਹੱਕਦਾਰ ਹੈ।"