ਪੱਤਰਕਾਰ ਖ਼ਸ਼ੋਗੀ ਕਤਲ ਕੇਸ: 5 ਨੂੰ ਸਜ਼ਾ ਏ ਮੌਤ, ਤਿੰਨ ਨੂੰ 24 ਸਾਲ ਜੇਲ੍ਹ

ਪੱਤਰਕਾਰ ਖ਼ਸ਼ੋਗੀ ਕਤਲ ਕੇਸ: 5 ਨੂੰ ਸਜ਼ਾ ਏ ਮੌਤ, ਤਿੰਨ ਨੂੰ 24 ਸਾਲ ਜੇਲ੍ਹ
ਪੱਤਰਕਾਰ ਖ਼ਸ਼ੋਗੀ

ਰਿਆਧ/ਏ.ਟੀ.ਨਿਊਜ਼: ਪੱਤਰਕਾਰ ਜਮਾਲ ਖ਼ਸ਼ੋਗੀ ਹੱਤਿਆ ਮਾਮਲੇ ‘ਚ ਸਾਊਦੀ ਅਰਬ ਦੀ ਇਕ ਅਦਾਲਤ ਨੇ 5 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਪਰ ਇਸ ਮਾਮਲੇ ’ਚ ਜਾਂਚ ਦਾ ਸਾਹਮਣਾ ਕਰਨ ਵਾਲੇ ਦੋ ਨਾਮੀ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ। ਸਾਊਦੀ ਅਰਬ ਦੇ ਪਬਲਿਕ ਪ੍ਰਾਸੀਕਿਊਟਰ ਨੇ ਕਿਹਾ ਕਿ ਅਦਾਲਤ ਨੇ ਹੱਤਿਆ ’ਚ ਸਿੱਧੇ ਤੌਰ ’ਤੇ ਸ਼ਾਮਲ ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਮਾਮਲੇ ’ਚ ਜਾਂਚ ਦਾ ਸਾਹਮਣਾ ਕਰਨ ਵਾਲੇ ਕਾਜ਼ਰ ਸਾਊਦ ਅਲ-ਕਹਿਤਾਨੀ ਨੂੰ ਸਬੂਤਾਂ ਦੀ ਘਾਟ ਦੇ ਚਲਦਿਆਂ ਬਰੀ ਕਰ ਦਿੱਤਾ ਗਿਆ। 

ਇਸ ਤੋਂ ਇਲਾਵਾ ਖ਼ੁਫ਼ੀਆ ਵਿਭਾਗ ਦੇ ਉਪ ਮੁਖੀ ਅਹਿਮਦ-ਅਲ-ਅਸਸਿਰੀ, ਜੋ ਜਾਂਚ ਦੇ ਦਾਇਰੇ ‘ਚ ਸੀ, ਉਸ ਨੂੰ ਵੀ ਉਕਤ ਆਧਾਰ ’ਤੇ ਬਰੀ ਕਰ ਦਿੱਤਾ ਗਿਆ। ਇਸ ਕੇਸ ’ਚ ਨਾਮਜ਼ਦ 11 ਅਣਪਛਾਤੇ ਵਿਅਕਤੀਆਂ ’ਚੋਂ 5 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਤਿੰਨ ਦੋਸ਼ੀਆਂ ਨੂੰ ਕੁੱਲ 24 ਸਾਲ ਦੀ ਜੇਲ੍ਹ ਅਤੇ ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ।

ਜਮਾਲ ਖਸ਼ੋਗੀ ਅਮਰੀਕੀ ਪੱਤਰਕਾਰ ਸੀ ਜੋ ਲਗਾਤਾਰ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਅਸਲਾਮ ਦੇ ਨਿਜ਼ਾਮ ਖਿਲਾਫ ਲਿਖਦਾ ਰਹਿੰਦਾ ਸੀ। ਉਸ ਨੂੰ 2 ਅਕਤੂਬਰ 2018 ਨੂੰ ਇਸਤਨਬੁਲ ਵਿਚ ਸਾਊਂਦੀ ਸਫਾਰਤਖਾਨੇ ਵਿਚੋਂ ਲਾਪਤਾ ਕਰ ਦਿੱਤਾ ਗਿਆ ਸੀ ਜਿੱਥੇ ਉਹ ਆਪਣੇ ਵਿਆਹ ਸਬੰਧੀ ਕੁਝ ਦਸਤਾਵੇਜ ਹਾਸਲ ਕਰਨਾ ਲਈ ਗਿਆ ਸੀ। ਕਿਹਾ ਜਾਂਦਾ ਹੈ ਕਿ ਸਾਊਦੀ ਸਫਾਰਤਖਾਨੇ ਦੀ ਇਮਾਰਤ ਵਿਚੋਂ ਹੀ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਕੋਈ ਉੱਘ-ਸੁੱਘ ਨਹੀਂ ਮਿਲੀ।

ਖਸ਼ੋਗੀ ਦੇ ਲਾਪਤਾ ਹੋਣ ਮਗਰੋਂ ਪੂਰੀ ਦੁਨੀਆ ਵਿਚ ਇਸ ਘਟਨਾ ਦੀ ਘੋਰ ਨਿੰਦਾ ਹੋਈ ਸੀ ਅਤੇ ਸੰਯੁਕਤ ਰਾਸ਼ਟਰ ਵਲੋਂ ਲਗਾਤਾਰ ਸਾਊਂਦੀ ਅਰਬ ਸਰਕਾਰ 'ਤੇ ਇਸ ਮਾਮਲੇ ਦੀ ਪੜਤਾਲ ਸਬੰਧੀ ਦਬਾਅ ਪਾਇਆ ਜਾ
ਰਿਹਾ ਸੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।