ਬਿਹਾਰ ਵਿਚ ਵਿਰੋਧੀ ਧਿਰ ਆਰਜੇਡੀ ਦੀ ਅਗਵਾਈ ਵਾਲੇ ਗਠਜੋੜ ਦਾ ਐਲਾਨ; ਕਾਂਗਰਸ ਨੂੰ ਦਿੱਤੀਆਂ 9 ਸੀਟਾਂ

ਬਿਹਾਰ ਵਿਚ ਵਿਰੋਧੀ ਧਿਰ ਆਰਜੇਡੀ ਦੀ ਅਗਵਾਈ ਵਾਲੇ ਗਠਜੋੜ ਦਾ ਐਲਾਨ; ਕਾਂਗਰਸ ਨੂੰ ਦਿੱਤੀਆਂ 9 ਸੀਟਾਂ

ਪਟਨਾ: ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਬਿਹਾਰ ਵਿਚ ਵਿਰੋਧੀ ਧਿਰ ਨੇ ਮਹਾਗਠਜੋੜ ਲਈ ਸੀਟਾਂ ਦੀ ਵੰਡ 'ਤੇ ਸਹਿਮਤੀ ਬਣਾ ਲਈ ਹੈ। ਸੀਟਾਂ ਦੀ ਵੰਡ ਸਬੰਧੀ ਸਹਿਮਤੀ ਬਣਨ ਤੋਂ ਬਾਅਦ ਮਹਾਗਠਜੋੜ ਵਿਚ ਸ਼ਾਮਿਲ ਪਾਰਟੀਆਂ ਦੇ ਆਗੂਆਂ ਨੇ ਇਸ ਦਾ ਐਲਾਨ ਕਰ ਦਿੱਤਾ। ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਵਿਚੋਂ ਅੱਧੀਆਂ ਸੀਟਾਂ ਲਾਲੂ ਪ੍ਰਸਾਸ ਯਾਦਵ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ ਮਿਲਣਗੀਆਂ ਜਦਕਿ 9 ਸੀਟਾਂ 'ਤੇ ਕਾਂਗਰਸ ਪਾਰਟੀ ਚੋਣ ਲੜੇਗੀ। 

ਜਨਤਾ ਦਲ ਯੂਨਾਈਟਿਡ ਦੇ ਸਾਬਕਾ ਆਗੂ ਅਤੇ ਐਨਡੀਏ ਦੇ ਕਨਵੀਨਰ ਸ਼ਰਦ ਯਾਦਵ ਆਰਜੇਡੀ ਦੇ ਚੋਣ ਨਿਸ਼ਾਨ ਤੋਂ ਚੋਣ ਲੜਨਗੇ ਤੇ ਲੋਕ ਸਭਾ ਚੋਣਾਂ ਮਗਰੋਂ ਉਨ੍ਹਾਂ ਦੀ ਪਾਰਟੀ ਲੋਕਤੰਤਰਿਕ ਜਨਤਾ ਦਲ (ਐਲਜੇਡੀ) ਦਾ ਆਰਜੇਡੀ ਵਿਚ ਰਲੇਵਾਂ ਕਰ ਦਿੱਤਾ ਜਾਵੇਗਾ। 

ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ (ਆਰਐੱਲਐਸਪੀ) ਤੇ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਕ੍ਰਮਵਾਰ ਪੰਜ ਤੇ ਤਿੰਨ ਸੰਸਦੀ ਸੀਟਾਂ ਤੋਂ ਚੋਣ ਮੈਦਾਨ ਵਿੱਚ ਉਤਰੇਗੀ। ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨ ਅਵਾਮ ਮੋਰਚਾ (ਐੱਚਏਐਮ) ਨੂੰ ਤਿੰਨ ਸੀਟਾਂ ਦਿੱਤੀਆਂ ਗਈਆਂ ਹਨ।

ਮਹਾਗਠਜੋੜ ਵਿਚ ਸ਼ਾਮਿਲ ਨਾ ਕਰਨ 'ਤੇ ਕਾਮਰੇਡ ਨਰਾਜ਼
ਬਿਹਾਰ ਵਿਚ ਵਿਰੋਧੀ ਧਿਰ ਆਰਜੇਡੀ ਦੀ ਅਗਵਾਈ ਵਾਲੇ ਬਣੇ ਮਹਾਗਠਜੋੜ ਵਿਚ ਸੀਪੀਆਈ ਨੂੰ ਸ਼ਾਮਿਲ ਨਾ ਕਰਨ 'ਤੇ ਪਾਰਟੀ ਨਰਾਜ਼ ਹੈ। ਸੀਪੀਆਈ ਦੇ ਜਨਰਲ ਸਕੱਤਰ ਸੁਧਾਕਰ ਰੈੱਡੀ ਨੇ ਕਿਹਾ ਕਿ ਉਨ੍ਹਾਂ ਦੀ ਜੇਲ੍ਹ ਵਿੱਚ ਬੰਦ ਆਰਜੇਡੀ ਮੁਖੀ ਲਾਲੂ ਪ੍ਰਸਾਦ ਨਾਲ ਨਾਲ ਚੰਗਾ ਤਾਲਮੇਲ ਸੀ ਤੇ ਆਗੂ ਨੇ ਮਹਾਗਠਜੋੜ ਵਿੱਚ ਥਾਂ ਦੇਣ ਦਾ ਯਕੀਨ ਦਿਵਾਇਆ ਸੀ। ਰੈੱਡੀ ਨੇ ਕਿਹਾ ਕਿ ਉਹ 24 ਮਾਰਚ ਦੀ ਮੀਟਿੰਗ ’ਚ ਭਵਿੱਖੀ ਰਣਨੀਤੀ ਤੈਅ ਕਰਨਗੇ।