ਤੁਹਾਡੀਆਂ ਮੰਡੀਆਂ ਖਤਮ ਕਰਨ ਲਈ ਅੰਬਾਨੀ ਦੀ ਆਨਲਾਈਨ ਮੰਡੀ 'ਜੀਓ-ਮਾਰਟ' ਤਿਆਰ ਹੋ ਚੁੱਕੀ ਹੈ

ਤੁਹਾਡੀਆਂ ਮੰਡੀਆਂ ਖਤਮ ਕਰਨ ਲਈ ਅੰਬਾਨੀ ਦੀ ਆਨਲਾਈਨ ਮੰਡੀ 'ਜੀਓ-ਮਾਰਟ' ਤਿਆਰ ਹੋ ਚੁੱਕੀ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿਚ ਮੁੱਖ ਬਿੰਦੂ ਇਹ ਹੈ ਕਿ ਸਰਕਾਰ ਖੇਤੀ ਜਿਣਸਾਂ ਦੀ ਮੰਡੀ ਨੂੰ ਆਨਲਾਈਨ ਕਰਨਾ ਚਾਹੁੰਦੀ ਹੈ। ਆਨਲਾਈਨ ਮੰਡੀ ਦਾ ਖੇਤਰ ਆਮ ਵਪਾਰੀਆਂ ਦੀ ਪਹੁੰਚ ਤੋਂ ਪਰੇ ਹੈ ਅਤੇ ਇਹ ਖੇਤੀ ਜਿਣਸਾਂ ਦੀ ਮੰਡੀ ਨੂੰ ਕੁੱਝ ਅਮੀਰ ਘਰਾਣਿਆਂ ਹੱਥ ਸੋਂਪਣ ਦਾ ਰਾਹ ਪੱਧਰਾ ਕਰਨ ਵਾਲੀ ਗੱਲ ਹੈ। ਭਾਵੇਂ ਕਿ ਆਨਲਾਈਨ ਖਰੀਦੋ-ਫਰੋਖਤ ਵਾਲੀ ਵੈਬਸਾਈਟ ਕੋਈ ਵੀ ਬਣਾ ਸਕਦਾ ਹੈ ਪਰ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਡੇ ਪੂੰਜੀ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ ਜਿਸ ਵਿਚ ਛੋਟਾ ਵਪਾਰੀ ਵੱਡੇ ਕਾਰੋਬਾਰੀ ਅਦਾਰਿਆਂ ਨੂੰ ਮੁਕਾਬਲਾ ਨਹੀਂ ਦੇ ਸਕਦਾ। 

12 ਨਵੰਬਰ, 2019 ਨੂੰ ਭਾਰਤੀ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਂਡੂ ਅਤੇ ਖੇਤੀਬਾੜੀ ਅਰਥਚਾਰੇ ਬਾਰੇ 6ਵੀਂ ਵਿਸ਼ਵ ਕਾਂਗਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਜਿਣਸਾਂ ਦੀ ਮੰਡੀ ਨੂੰ ਆਨਲਾਈਨ ਕਰਨਾ ਸਰਕਾਰ ਦੇ ਮੁੱਖ ਏਜੰਡੇ 'ਤੇ ਹੈ ਅਤੇ ਉਹਨਾਂ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਆਪਣੀਆਂ ਸਰਕਾਰੀ ਮੰਡੀਆਂ (ਏਪੀਐਮਸੀ) ਨੂੰ ਭੰਗ ਕਰਕੇ ਖੇਤੀ ਜਿਣਸਾਂ ਦੀ ਆਨਲਾਈਨ ਮੰਡੀ ਦੇ ਢਾਂਚੇ ਇਲੈਕਟਰੋਨਿਕ ਨੈਸ਼ਨਲ ਐਗਰੀਕਲਚਰ ਮਾਰਕੀਟ (ਈਐਨਏਐਮ) ਨਾਲ ਜੁੜਨ। ਭਾਰਤੀ ਖਜ਼ਾਨਾ ਮੰਤਰੀ ਨੇ ਉਸ ਦਿਨ ਸਪਸ਼ਟ ਕਿਹਾ ਸੀ ਕਿ ਖੇਤੀ ਜਿਣਸਾਂ ਦੀਆਂ ਸਰਕਾਰੀ ਮੰਡੀਆਂ ਆਪਣਾ ਵੇਲਾ ਵਿਹਾਅ ਚੁੱਕੀਆਂ ਹਨ। ਸਰਕਾਰ ਦਾ ਨਿਸ਼ਾਨਾ 2022 ਤਕ ਖੇਤੀ ਜਿਣਸਾਂ ਦੀ ਮੰਡੀ ਦਾ ਵੱਧ ਤੋਂ ਵੱਧ ਵਪਾਰ ਸਥਾਨਕ ਮੰਡੀਆਂ ਦੀ ਥਾਂ ਆਨਲਾਈਨ ਮੰਡੀ 'ਤੇ ਲੈ ਕੇ ਜਾਣਾ ਹੈ, ਜਿਸ ਤੋਂ ਸਪਸ਼ਟ ਹੈ ਕਿ ਸਾਡੀਆਂ ਸਥਾਨਕ ਮੰਡੀਆਂ ਖਤਮ ਹੋ ਜਾਣਗੀਆਂ।

ਭਾਰਤ ਦੀ ਖਜ਼ਾਨਾ ਮੰਤਰੀ ਦੇ ਇਸ ਬਿਆਨ ਤੋਂ ਕੁੱਝ ਦਿਨਾਂ ਬਾਅਦ ਹੀ ਰਿਲਾਇੰਸ ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ ਨੇ ਆਪਣੀ ਆਨਲਾਈਨ ਮੰਡੀ "ਜੀਓ-ਮਾਰਟ" ਦੀ ਸ਼ੁਰੂਆਤ ਕਰ ਦਿੱਤੀ। ਜੀਓ ਮਾਰਟ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀਆਂ ਰਿਲਾਇੰਸ ਰਿਟੇਲ ਅਤੇ ਜੀਓ ਪਲੈਟਫਾਰਮ ਦਾ ਸਾਂਝਾ ਪ੍ਰੋਜੈਕਟ ਹੈ। ਇਸ ਦੀ ਸ਼ੁਰੂਆਤ ਦਸੰਬਰ 2019 ਵਿਚ ਕੀਤੀ ਗਈ। ਪਹਿਲਾਂ ਮੁੱਢਲੇ ਤੌਰ 'ਤੇ ਨਿਰੀਖਣ ਲਈ ਇਸਨੂੰ ਮਹਾਰਾਸ਼ਟਰ ਦੇ ਕੁੱਝ ਇਲਾਕਿਆਂ ਵਿਚ ਚਲਾਇਆ ਗਿਆ ਅਤੇ ਮਈ 2020 ਵਿਚ ਜੀਓ ਮਾਰਟ ਨੂੰ ਭਾਰਤ ਦੇ 200 ਸ਼ਹਿਰਾਂ ਅਤੇ ਕਸਬਿਆਂ ਵਿਚ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਤਕ ਇਸਦੀ ਫੋਨ ਐਪਲੀਕੇਸ਼ਨ ਨੂੰ 1 ਮਿਲੀਅਨ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ। 

ਜੀਓ ਮਾਰਟ ਇਕ ਤਰ੍ਹਾਂ ਦੀ ਆਨਲਾਈਨ ਮੰਡੀ ਹੈ ਜਿੱਥੇ ਖੇਤੀ ਜਿਣਸਾਂ ਨੂੰ ਵੇਚਿਆ ਜਾ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਜਿਵੇਂ ਬਠਿੰਡਾ, ਲੁਧਿਆਣਾ, ਜਲੰਧਰ ਵਿਚ ਜੀਓ ਮਾਰਟ ਨੇ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ। ਰਿਲਾਇੰਸ ਆਪਣੀ ਇਸ ਆਨਲਾਈਨ ਮੰਡੀ ਰਾਹੀਂ ਸਬਜ਼ੀਆਂ, ਆਟਾ, ਦਾਲਾਂ, ਦੁੱਧ ਤੇ ਦੁੱਧ ਤੋਂ ਤਿਆਰ ਵਸਤਾਂ ਸਮੇਤ ਕਈ ਜਿਣਸਾਂ ਵੇਚ ਰਿਹਾ ਹੈ।