ਸ਼੍ਰੋਮਣੀ ਕਮੇਟੀ ਬਜਟ ਇਜਲਾਸ ਵਿਚੋਂ ਉਭਰੀਆਂ ਸਾਕਾਰਾਤਮਕ ਸੰਭਾਵਨਾਵਾਂ

ਸ਼੍ਰੋਮਣੀ ਕਮੇਟੀ ਬਜਟ ਇਜਲਾਸ ਵਿਚੋਂ ਉਭਰੀਆਂ ਸਾਕਾਰਾਤਮਕ ਸੰਭਾਵਨਾਵਾਂ

-ਤਲਵਿੰਦਰ ਸਿੰਘ ਬੁੱਟਰ
ਅੱਜ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਦੌਰਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਾਮਲਾ ਗਰਮਾਇਆ ਰਿਹਾ, ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਲੋੰ ਉਠਾਏ ਗਏ ਦੋ ਮਹੱਤਵਪੂਰਨ ਮੁੱਦੇ ਸਮੁੱਚੇ ਸਿੱਖ ਪੰਥ ਤੋਂ ਗਹਿਰ-ਗੰਭੀਰਤਾ ਦੀ ਮੰਗ ਕਰਦੇ ਹਨ। ਉਨ੍ਹਾਂ ਪਹਿਲਾ ਮੁੱਦਾ ਇਹ ਚੁੱਕਿਆ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸ਼ਨਾਖਤ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਕਿੰਨੇ ਮੈਂਬਰਾਂ ਦੇ ਬੱਚੇ ਅਤੇ ਪਰਿਵਾਰ ਪਤਿਤ ਹਨ। ਉਨ੍ਹਾਂ ਕਿਹਾ ਕਿ ਜਿਹੜੇ ਮੈਂਬਰ ਆਪਣੇ ਬੱਚਿਆਂ ਨੂੰ ਹੀ ਸਿੱਖੀ ਧਾਰਾ ਵਿਚ ਲਿਆ ਨਹੀਂ ਸਕੇ, ਉਨ੍ਹਾਂ ਦਾ ਕੀਤਾ ਪ੍ਰਚਾਰ ਆਮ ਸਿੱਖਾਂ ‘ਤੇ ਕੀ ਅਸਰ ਕਰੇਗਾ? ਦੂਜਾ ਮੁੱਦਾ ਉਨ੍ਹਾਂ ਇਹ ਚੁੱਕਿਆ ਕਿ ਸ਼੍ਰੋਮਣੀ ਕਮੇਟੀ ਦੇ ਹਰੇਕ ਮੈਂਬਰ ਕੋਲੋਂ ਉਸ ਦੇ ਕਾਰਜਕਾਲ ਦੌਰਾਨ ਕੀਤੇ ਧਰਮ ਪ੍ਰਚਾਰ ਦਾ ਲੇਖਾ-ਜੋਖਾ ਮੰਗਣਾ ਚਾਹੀਦਾ ਹੈ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਸ਼੍ਰੋਮਣੀ ਕਮੇਟੀ ਮੈਂਬਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੇ ਜਿਹੜੇ ਕੰਮਾਂ ਲਈ ਚੁਣੇ ਜਾਂਦੇ ਹਨ, ਉਸ ਕਾਰਜ ਵਿਚ ਕਿੰਨੇ ਕੁ ਸਰਗਰਮ ਹਨ। ਤਸੱਲੀ ਦੀ ਗੱਲ ਇਹ ਰਹੀ ਕਿ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਚੁੱਕੇ ਇਨ੍ਹਾਂ ਦੋਵਾਂ ਮਸਲਿਆਂ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌੰਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਹਾਂ-ਪੱਖੀ ਹੁੰਗਾਰਾ ਦਿੱਤਾ।

ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਵਲੋਂ ਸੰਸਥਾ ਦੇ ਮੈਂਬਰਾਂ ਤੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਿੱਖੀ ਵਿਚ ਪ੍ਰਪੱਕ ਬਣਾਉਣ ਦੀ ਗੱਲ ਆਖੀ ਜਾਂਦੀ ਰਹੀ ਹੈ ਪਰ ਅਮਲਾਂ ਦੇ ਮਾਮਲੇ ‘ਚ ਹਮੇਸ਼ਾ ਗੱਲ ਕੱਚੀ ਰਹਿ ਜਾਂਦੀ ਰਹੀ। ਜਥੇਦਾਰ ਅਵਤਾਰ ਸਿੰਘ ਮੱਕੜ ਦੇ ਵੇਲੇ ਵੀ ਇਹ ਗੱਲ ਉੱਠੀ ਸੀ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਿੱਖੀ ਵਿਚ ਪ੍ਰਪੱਕ ਕੀਤਾ ਜਾਵੇ। ਪਤਿਤ ਬੱਚਿਆਂ ਵਾਲੇ ਮੁਲਾਜ਼ਮਾਂ ਤੋਂ ਸ਼੍ਰੋਮਣੀ ਕਮੇਟੀ ਦੁਆਰਾ ਦਿੱਤੇ ਰਿਹਾਇਸ਼ੀ ਕੁਆਰਟਰ ਖਾਲੀ ਕਰਵਾਉਣ ਤੇ ਕਈ ਹੋਰ ਸਹੂਲਤਾਂ ਵਿਚ ਕਟੌਤੀ ਦੀ ਗੱਲ ਵੀ ਚੱਲਦੀ ਰਹੀ ਪਰ ਸਿਆਸੀ ਦਖ਼ਲਅੰਦਾਜ਼ੀ ਕਾਰਨ ਤਾਣੀ ਸੁਲਝ ਨਾ ਸਕੀ। ਦਰਅਸਲ ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਸਿਰਫ਼ ਸਿਆਸਤ ਦਾ ਪ੍ਰਵੇਸ਼ ਦੁਆਰ ਸਮਝ ਕੇ ਹੀ ਇਧਰ ਆਉਂਦੇ ਹਨ। ਉਨ੍ਹਾਂ ਦੀ ਨਾ ਤਾਂ ਧਾਰਮਿਕ ਬਿਰਤੀ ਹੁੰਦੀ ਹੈ ਤੇ ਨਾ ਧਾਰਮਿਕ ਖੇਤਰ ਨਾਲ ਕੋਈ ਸਰੋਕਾਰ। ਜਦੋਂ ਸ਼੍ਰੋਮਣੀ ਕਮੇਟੀ ਚੋਣ ਨੇੜੇ ਆਉਂਦੀ ਹੈ ਤਾਂ ਕਈ ਮੈਂਬਰ ਤਾਂ ਟਿਕਟਾਂ ਮਿਲਣ ਤੋਂ ਬਾਅਦ ਹੀ ਅੰਮ੍ਰਿਤ ਛਕਦੇ ਹਨ। ਮੈਂਬਰ ਬਣ ਕੇ ਵੀ ਉਨ੍ਹਾਂ ਦੀ ਰੁਚੀ ਸਿਆਸਤ ਵਿਚ ਹੀ ਰਹਿੰਦੀ ਹੈ। ਇਹ ਹਾਲ ਸਿਰਫ਼ ਸ਼੍ਰੋਮਣੀ ਕਮੇਟੀ ਵਿਚ ਸੱਤਾ ਪੱਖ ਅਕਾਲੀ ਦਲ ਬਾਦਲ ਦੇ ਮੈਂਬਰਾਂ ਦਾ ਹੀ ਨਹੀਂ, ਬਾਕੀ ਪੰਥਕ ਧਿਰਾਂ ਦੇ ਮੈੰਬਰਾਂ ਦਾ ਵੀ ਇਹੋ ਹਾਲ ਹੈ। ਇਸ ਮੁੱਦੇ ‘ਤੇ ਚਰਚਾ ਬੜਾ ਵਿਸਥਾਰ ਮੰਗਦੀ ਹੈ, ਜੋ ਫਿਰ ਕਦੇ ਕਰਾਂਗੇ ਪਰ ਬਜਟ ਇਜਲਾਸ ਵਿਚੋਂ ਇਕ ਗੱਲ ਸਾਹਮਣੇ ਆਈ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਸਾਲ ਵਿਚ ਦੋ ਵਾਰ; ਪਹਿਲਾ ਬਜਟ ਇਜਲਾਸ ਅਤੇ ਦੂਜੇ ਪ੍ਰਧਾਨਗੀ ਚੋਣ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਕੀਤੇ ਸਾਲ ਭਰ ਦੇ ਕਾਰਜਾਂ ਦਾ ਲੇਖਾ-ਜੋਖਾ, ਦਰਪੇਸ਼ ਚੁਣੌਤੀਆਂ ਤੇ ਸਮੱਸਿਆਵਾਂ ਦੀ ਸ਼ਨਾਖਤ ਕਰਕੇ ਭਵਿੱਖ ਦੀ ਵਿਉਂਤਬੰਦੀ ‘ਤੇ ਵਿਚਾਰ-ਵਟਾਂਦਰਾ, ਸਿੱਖਾਂ ਦੇ ਧਾਰਮਿਕ, ਵਿਦਿਅਕ, ਰਾਜਨੀਤਕ, ਸਮਾਜਿਕ , ਆਰਥਿਕਤ ਤੇ ਸਿਹਤ ਨਾਲ ਜੁੜੇ ਸਰੋਕਾਰਾਂ ‘ਤੇ ਵੀ ਸਮੀਖਿਆ ਕਰਨ ਦੀ ਪਿਰਤ ਪਾਈ ਜਾਵੇ ਤਾਂ ਸਾਕਾਰਾਤਮਕ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਵਿਧਾਨ ਸਭਾ ਤੇ ਲੋਕ ਸਭਾ ਵਾਂਗ ਸ਼੍ਰੋਮਣੀ ਕਮੇਟੀ ਦੇ ਦੋ ਸਾਲਾਨਾ ਸ਼ੈਸਨ ਇਕ-ਇਕ ਦਿਨ ਦੇ ਹੋਣ ਦੀ ਥਾਂ ਦੋ ਜਾਂ ਤਿੰਨ ਦਿਨਾਂ ਦੇ ਹੋਣੇ ਚਾਹੀਦੇ ਹਨ। ਆਪਸ ਵਿਚ ਸੰਵਾਦ ਦੀ ਪਰੰਪਰਾ ਵਿਕਸਿਤ ਹੋਣੀ ਚਾਹੀਦੀ ਹੈ। ਅੱਜ ਤੋਂ ਪਹਿਲੇ ਸ਼੍ਰੋਮਣੀ ਕਮੇਟੀ ਦੇ ਇਜਲਾਸਾਂ ਵਿਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਬੋਲਣ ਲਈ ਸਮਾਂ ਨਾ ਦਿੱਤੇ ਜਾਣ ਕਾਰਨ, ਮੈਂਬਰਾਂ ਵਲੋਂ ਰੌਲਾ-ਰੱਪਾ ਪਾਏ ਜਾਣ ਕਾਰਨ ਨਾ ਤਾਂ ਬਜਟ ਇਜਲਾਸ ਮੌਕੇ ਸੰਜੀਦਾ ਮਾਹੌਲ ਬਣਦਾ ਰਿਹਾ ਤੇ ਨਾ ਪ੍ਰਧਾਨਗੀ ਚੋਣ ਇਜਲਾਸ ਮੌਕੇ। ਅੱਜ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਬੋਲਣ ਲਈ ਪੂਰਾ-ਪੂਰਾ ਸਮਾਂ ਦੇਣ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪਹਿਲਕਦਮੀ ਇਕ ਚੰਗੀ ਤੇ ਸਿਹਤਮੰਦ ਪਿਰਤ ਪਾਉਣ ਦਾ ਮੁਢਲਾ ਯਤਨ ਸੀ। ਜੇਕਰ ਇਸ ਤਰ੍ਹਾਂ ਦੀ ਪਿਰਤ ਵਿਕਸਿਤ ਕੀਤੀ ਜਾਵੇ ਤਾਂ ਸਿੱਖਾਂ ਦੀਆਂ ਆਪਸੀ ਧੜੇਬੰਦਕ ਦੂਰੀਆਂ ਘੱਟ ਸਕਦੀਆਂ ਹਨ ਅਤੇ ਪੰਥ ਮਿਲ ਕੇ ਨਵੀਂ ਦਿਸ਼ਾ ਤੈਅ ਕਰਨ ਦੇ ਸਮਰੱਥ ਹੋ ਸਕਦਾ ਹੈ।

ਅਕਾਲੀ ਦਲ ਡੈਮੋਕ੍ਰੇਟਿਕ ਦੇ ਜਥੇਦਾਰ ਸੇਵਾ ਸਿੰਘ ਸੇਖਵਾਂ ਵੀ ਪ੍ਰੋੜ ਵਿਚਾਰ ਲੈ ਕੇ ਬੋਲੇ। ਕਰਨੈਲ ਸਿੰਘ ਪੰਜੌਲੀ ਵਲੋਂ ਅਕਾਲੀ ਦਲ ਨੂੰ ਬੁਨਿਆਦੀ ਸਿਧਾਂਤਾਂ, ਵਿਚਾਰਧਾਰਾ ਅਤੇ ਰਵਾਇਤੀ ਪੰਥਕ ਸਰੂਪ ਵਿਚ ਵਾਪਸ ਲਿਆਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੇਧ ਦੇਣ ਦਾ ਕੀਤਾ ਤਰਲਾ ਦਿਲਟੁੰਭਵਾਂ ਸੀ। ਸੱਤਾ ਪੱਖ ਵਲੋਂ ਬੀਬੀ ਜਗੀਰ ਕੌਰ ਸੰਬੋਧਨ ਕਰਨ ਵੇਲੇ ਤੇ ਇਜਲਾਸ ‘ਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਵਿਚ ਵਿਸ਼ੇਸ਼ ਤੌਰ ‘ਤੇ ਸਰਗਰਮ ਦਿਖਾਈ ਦਿੱਤੇ। ਕਈ ਵਿਰੋਧੀ ਮੈਂਬਰਾਂ ਤੇ ਕੁਝ ਸੱਤਾਸੀਨ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਾਇਆ ਰੌਲਾ-ਰੱਪਾ ਦੁਖਦਾਈ ਸੀ। ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅਤੇ ਅਦਬ ਦੇ ਮਾਮਲੇ ‘ਚ ਹਮਲਾਵਰ ਸੁਰ ‘ਚ ਸ਼੍ਰੋਮਣੀ ਕਮੇਟੀ ਦੀ ਸੱਤਾਸ਼ੀਨ ਧਿਰ ਖ਼ਿਲਾਫ਼ ਬੋਲੇ ਉਨ੍ਹਾਂ ਵਲੋਂ ਸਮਾਪਤੀ ਤੋਂ ਪਹਿਲਾਂ ਅਨੰਦ ਸਾਹਿਬ ਦੇ ਪਾਠ ਅਤੇ ਅਰਦਾਸ ਤੇ ਸੁਖ ਆਸਨ ਹੋਣ ਤੋਂ ਪਹਿਲਾਂ ਹੀ ਤੇਜਾ ਸਿੰਘ ਸਮੁੰਦਰੀ ਹਾਲ ਅੰਦਰੋਂ ਉੱਠ ਕੇ ਚਲੇ ਜਾਣਾ ਵੀ ਵਾਜਬ ਨਹੀਂ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਉੱਠ ਕੇ ਜਾਣ ਵਾਲੇ ਮੈਂਬਰਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਘੱਟੋ-ਘੱਟ ਅਰਦਾਸ ਤੱਕ ਰੁਕਣ ਲਈ ਨਸੀਹਤਾਂ ਦਿੰਦੇ ਰਹੇ। ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ। ਇਸ ਦੀ ਇਕ ਆਪਣੀ ਮਰਯਾਦਾ ਹੈ ਜਿਸ ਨੂੰ ਬਹਾਲ ਰੱਖਣਾ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਨੈਤਿਕ ਫਰਜ਼ ਬਣਦਾ ਹੈ। ਜੋ ਮੁੱਦੇ ਸਿੱਖ ਪੰਥ ਦੇ ਸਾਂਝੇ ਹਨ ਉਨ੍ਹਾਂ ‘ਤੇ ਸਿਆਸਤ ਤੋਂ ਉੱਪਰ ਉੱਠ ਕੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ। ਪਹਿਲਾਂ ਦੂਜੇ ਦੀ ਗੱਲ ਸੁਣਨ ਤੇ ਫਿਰ ਆਪਣੀ ਕਹਿਣ ਦੀ ਆਦਤ ਪਾਉਣੀ ਪਵੇਗੀ।