ਕੀ ਜਨਤਾ ਕਰਫਿਊ ਨਾਲ ਸਚਮੁੱਚ ਟੁੱਟੇਗੀ ਕੋਰੋਨਾਵਾਇਰਸ ਦੀ ਟਰਾਂਸਮਿਸ਼ਨ ਚੇਨ?

ਕੀ ਜਨਤਾ ਕਰਫਿਊ ਨਾਲ ਸਚਮੁੱਚ ਟੁੱਟੇਗੀ ਕੋਰੋਨਾਵਾਇਰਸ ਦੀ ਟਰਾਂਸਮਿਸ਼ਨ ਚੇਨ?

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾਵਾਇਰਸ ਦੀ ਆਫਤ ਦੇ ਚਲਦਿਆਂ ਅੱਜ ਦੇ ਦਿਨ 14 ਘੰਟਿਆਂ ਦਾ 'ਜਨਤਾ ਕਰਫਿਊ' ਲਾਉਣ ਦੇ ਦਿੱਤੇ ਸੱਦੇ ਬਾਰੇ ਕਈ ਤਰ੍ਹਾਂ ਦੇ ਪ੍ਰਚਾਰ ਸਾਹਮਣੇ ਆ ਰਹੇ ਹਨ। ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਲੋਕ ਜੇ 14 ਘੰਟੇ ਆਪਣੇ ਘਰਾਂ ਵਿਚ ਰਹਿਣਗੇ ਤਾਂ ਕੋਰੋਨਾਵਾਇਰਸ ਦੇ ਫੈਲਣ ਦੀ ਬਣੀ ਚੇਨ ਟੁੱਟ ਜਾਵੇਗੀ। ਪਰ ਮਾਹਿਰ ਇਸ ਦਾਅਵੇ ਨੂੰ ਰੱਦ ਕਰ ਰਹੇ ਹਨ। 

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਵਾਇਰਸ ਦੇ ਫੈਲਣ ਦੀ ਚੇਨ ਨਹੀਂ ਟੁੱਟ ਸਕਦੀ ਪਰ ਇਹ ਲੋਕਾਂ ਵਿਚ ਆਪਸੀ ਦੂਰੀ ਬਣਾਉਣ ਦੀ ਇਕ ਸ਼ੁਰੂਆਤੀ ਡਰਿੱਲ ਦੇ ਤੌਰ 'ਤੇ ਵਧੀਆ ਤਰੀਕਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਆਉਂਦੇ ਦਿਨਾਂ 'ਚ ਲੱਗਣ ਵਾਲੀ ਵੱਡੀ ਪਾਬੰਦੀ ਲਈ ਲੋਕਾਂ ਨੂੰ ਤਿਆਰ ਕਰਨ ਦਾ ਇਹ ਇਕ ਤਰੀਕਾ ਵੀ ਹੋ ਸਕਦਾ ਹੈ।

ਏਮਜ਼ ਵਿਚ ਮਾਈਕਰੋਬਾਇਓਲੋਜੀ ਵਿਭਾਗ ਦੀ ਸਾਬਕਾ ਮੁਖੀ ਡਾ. ਸ਼ੋਭਾ ਬਰੂਰ ਨੇ ਕਿਹਾ ਕਿ 14 ਘੰਟਿਆਂ ਦੀ ਇਸ ਪਾਬੰਦੀ ਨਾਲ ਲੋਕਾਂ ਦਾ ਆਪਸੀ ਮੇਲ ਘਟਣ ਦੇ ਚਲਦਿਆ ਵਾਇਰਸ ਦੀ ਟਰਾਂਸਮਿਸ਼ਨ ਘਟੇਗੀ ਜ਼ਰੂਰ ਪਰ ਇਹ ਕਹਿਣਾ ਕਿ ਇਸ ਨਾਲ ਟਰਾਂਸਮਿਸ਼ਨ ਚੇਨ ਟੁੱਟ ਜਾਵੇਗੀ, ਇਹ ਬਿਲਕੁਲ ਗਲਤ ਹੈ। ਉਹਨਾਂ ਕਿਹਾ ਕਿ ਹੁਣ ਤੱਕ ਦੀ ਖੋਜ ਮੁਤਾਬਕ ਇਸ ਵਾਇਰਸ ਨੂੰ ਖਤਮ ਹੋਣ ਲਈ 20 ਤੋਂ 22 ਘੰਟਿਆਂ ਦਾ ਸਮਾਂ ਲਗਦਾ ਹੈ। ਕਈ ਖੋਜਾਂ ਵਿਚ ਸਾਫ ਹੋ ਚੁੱਕਿਆ ਹੈ ਕਿ ਇਹ ਵਾਇਰਸ ਕਈ ਥਾਵਾਂ 'ਤੇ 72 ਘੰਟਿਆਂ ਤਕ ਵੀ ਅਸਰਦਾਰ ਰਹਿੰਦਾ ਹੈ। 

ਜ਼ਿਕਰਯੋਗ ਹੈ ਕਿ ਭਾਰਤ ਦੇ ਸਿਹਤ ਮਾਮਲਿਆਂ ਬਾਰੇ ਜੋਇੰਟ ਸਕੱਤਰ ਲਵ ਅਗਰਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਮੋਦੀ ਦੇ ਇਸ ਜਨਤਕ ਕਰਫਿਊ ਦੇ ਐਲਾਨ ਨਾਲ ਵਾਇਰਸ ਦੀ ਟਰਾਂਸਮਿਸ਼ਨ ਚੇਨ ਟੁੱਟ ਜਾਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰੀ ਨੁਮਾਂਇੰਦਿਆਂ ਨੂੰ ਜ਼ਿੰਮੇਵਾਰੀ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਕਿਸੇ ਭੁਲੇਖੇ ਵਿਚ ਨਹੀਂ ਪਾਉਣਾ ਚਾਹੀਦਾ। ਅਜਿਹਾ ਬਿਆਨ ਭਾਰਤ ਵਿਚ ਸੰਵਿਧਾਨ ਅਹੁਦਿਆਂ 'ਤੇ ਬੈਠੇ ਹੋਰ ਜ਼ਿੰਮੇਵਾਰ ਲੋਕਾਂ ਵੱਲੋਂ ਵੀ ਸੁਣਨ ਨੂੰ ਮਿਲੇ ਜਿਹਨਾਂ ਵਿਚ ਭਾਰਤ ਦੇ ਉੱਪ ਰਾਸ਼ਟਰਪਤੀ ਐਮ ਵੈਂਕਿਯਾਨਾਇਡੂ ਵੀ ਸ਼ਾਮਲ ਹਨ।

ਵਿਸ਼ਵ ਸਿਹਤ ਸੰਸਥਾ ਵਿਚ ਮੁੱਖ ਵਿਗਿਆਨੀ ਡਾ. ਸੋਮਿਆ ਸਵਾਮੀਨਾਥਨ ਨੇ ਕਿਹਾ ਕਿ ਇਹ ਜਨਤਾ ਕਰਫਿਊ ਸਿਰਫ ਇਕ ਤਿਆਰੀ ਵਾਂਗ ਹੈ। ਟਰਾਂਸਮਿਸ਼ਨ ਦੀ ਚੇਨ ਤੋੜਨ ਲਈ ਇਕ ਦਿਨ ਨਹੀਂ, ਬਲਕਿ ਹਫਤੇ ਲੱਗਣਗੇ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਪੁਖਤਾ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਵੱਧ ਤੋਂ ਵੱਧ ਟੈਸਟ ਕਰਨੇ ਪੈਣਗੇ, ਪੀੜਤ ਲੋਕਾਂ ਨੂੰ ਵੱਖ ਰੱਖਣ ਦਾ ਪ੍ਰਬੰਧ ਕਰਨਾ ਪਵੇਗਾ, ਵੱਡੇ ਇਕੱਠ ਰੋਕਣੇ ਪੈਣਗੇ ਤੇ ਕੁੱਝ ਸਮੇਂ ਲਈ ਲੋਕਾਂ ਨੂੰ ਮੇਲ ਮਿਲਾਪ ਘਟਾਉਣਾ ਪਵੇਗਾ।