ਕੋਰੋਨਾਵਾਇਰਸ ਨਾਲ ਇਟਲੀ ਵਿਚ ਇਕ ਦਿਨ 'ਚ 793 ਮੌਤਾਂ

ਕੋਰੋਨਾਵਾਇਰਸ ਨਾਲ ਇਟਲੀ ਵਿਚ ਇਕ ਦਿਨ 'ਚ 793 ਮੌਤਾਂ

ਰੋਮ: ਚੀਨ ਮਗਰੋਂ ਹੁਣ ਕੋਰੋਨਾਵਾਇਰਸ ਦੀ ਮਾਰ ਦਾ ਕੇਂਦਰ ਬਣੇ ਹੋਏ ਇਟਲੀ ਵਿਚ ਰੋਜ਼ਾਨਾ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬੀਤੇ ਕੱਲ੍ਹ ਇਟਲੀ ਵਿਚ ਕੋਰੋਨਾਵਾਇਰਸ ਕਰਕੇ 793 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਇਟਲੀ ਵਿਚ ਮੌਤਾਂ ਦੀ ਕੁੱਲ ਗਿਣਤੀ ਵੱਧ ਕੇ 4,825 ਹੋ ਗਈ ਹੈ। ਬਿਮਾਰੀ ਫੈਲਣ ਤੋਂ ਬਾਅਦ ਹੁਣ ਤੱਕ ਇਟਲੀ ਵਿਚ ਇਕ ਦਿਨ ਅੰਦਰ ਇਹ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ।

ਇਟਲੀ ਸਰਕਾਰ ਦੇ ਅੰਕੜਿਆਂ ਮੁਤਾਬਕ ਹੁਣ ਤਕ ਇਟਲੀ ਵਿਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 53,578 ਹੋ ਚੁੱਕੀ ਹੈ ਜੋ ਕਿ ਇਕ ਦਿਨ ਪਹਿਲਾਂ 47,021 ਸੀ। 

ਪਿਛਲੇ ਦੋ ਦਿਨਾਂ ਵਿਚ ਇਟਲੀ ਅੰਦਰ ਮੌਤਾਂ ਦੀ ਗਿਣਤੀ ਇਕੋ ਦਮ ਵਧੀ ਹੈ ਤੇ ਇਹਨਾਂ ਦੋ ਦਿਨਾਂ 'ਚ 1420 ਮੌਤਾਂ ਹੋਈਆਂ ਹਨ। ਇਟਲੀ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਚੀਨ ਤੋਂ ਵੱਧ ਗਈ ਹੈ। 

ਇਟਲੀ ਸਰਕਾਰ ਨੇ 12 ਮਾਰਚ ਤੋਂ ਵਿਆਪਕ ਬੰਦ ਦਾ ਐਲਾਨ ਕੀਤਾ ਹੋਇਆ ਹੈ। ਪੁਲਸ ਵੱਲੋਂ ਬਿਨ੍ਹਾ ਵਜ੍ਹਾ ਘਰਾਂ ਤੋਂ ਬਾਹਰ ਨਿੱਕਲ ਰਹੇ ਲੋਕਾਂ 'ਤੇ ਹੁਣ ਸਖਤੀ ਕੀਤੀ ਜਾ ਰਹੀ ਹੈ। 

ਹੁਣ ਤਕ ਦੁਨੀਆ ਭਰ 'ਚ ਇਸ ਬਿਮਾਰੀ ਨਾਲ 13,000 ਦੇ ਕਰੀਬ ਲੋਕ ਮਰ ਚੁੱਕੇ ਹਨ ਜਦਕਿ 3,04,500 ਦੇ ਕਰੀਬ ਲੋਕ ਇਸ ਦੇ ਪੀੜਤ ਪਾਏ ਗਏ ਹਨ ਜਿਹਨਾਂ ਵਿਚੋਂ 92,000 ਦੇ ਕਰੀਬ ਲੋਕ ਇਸ ਬਿਮਾਰੀ ਨੂੰ ਹਰਾ ਕੇ ਸਿਹਤਯਾਬ ਵੀ ਹੋ ਗਏ ਹਨ। 

ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਸਭ ਤੋਂ ਵੱਧ ਪ੍ਰਭਾਵਤ ਹੋਏ ਦੱਖਣੀ ਕੋਰੀਆ 'ਚ 98 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਦੇਸ਼ ਵਿਚ ਪੀੜਤਾਂ ਦੀ ਦਰਜ ਗਿਣਤੀ ਵੱਧ ਕੇ 8,897 ਹੋ ਗਈ ਹੈ।

ਇਸ ਬਿਮਾਰੀ ਦਾ ਸਭ ਤੋਂ ਪਹਿਲਾ ਸ਼ਿਕਾਰ ਬਣੇ ਚੀਨ ਨੇ ਇਸ 'ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਹੈ। ਬਿਮਾਰੀ ਫੈਲਣ ਦਾ ਕੇਂਦਰ ਬਣੇ ਵੂਹਾਨ ਸ਼ਹਿਰ ਵਿਚ ਬੀਤੇ ਕੱਲ੍ਹ ਲਗਾਤਾਰ ਚੌਥੇ ਦਿਨ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਚੀਨ ਵਿਚ ਸਥਾਨਕ ਲੋਕਾਂ ਵਿਚੋਂ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਜਿਹੜੇ 46 ਮਾਮਲੇ ਦਰਜ ਕੀਤੇ ਗਏ ਹਨ ਉਹ ਵਿਦੇਸ਼ਾਂ ਤੋਂ ਆਏ ਲੋਕਾਂ ਦੇ ਹਨ। ਬੀਤੇ ਕੱਲ੍ਹ ਚੀਨ ਵਿਚ 6 ਮੌਤਾਂ ਦਰਜ ਕੀਤੀਆਂ ਗਈਆਂ।