ਇੱਕ ਹੋਰ ਮਾਮਲੇ ਚੋਂ ਬਰੀ ਹੋਏ ਭਾਈ ਜਗਤਾਰ ਸਿੰਘ ਹਵਾਰਾ
ਲੁਧਿਆਣਾ: ਇੱਥੋਂ ਦੀ ਅਦਾਲਤ ਨੇ ਬੀਤੇ ਕੱਲ੍ਹ 24 ਸਾਲ ਪੁਰਾਣੇ ਇੱਕ ਮਾਮਲੇ ਦਾ ਫੈਂਸਲਾ ਸੁਣਾਉਂਦਿਆਂ ਸਿੱਖ ਸਿਆਸੀ ਕੈਦੀ ਅਤੇ ਸਿੱਖ ਆਗੂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ।
ਲੁਧਿਆਣਾ ਦੇ ਕੋਤਵਾਲੀ ਪੁਲਿਸ ਥਾਣੇ ਵਿੱਚ ਇਹ ਮਾਮਲਾ ਧਮਾਕਾਖੇਜ ਸਮਗਰੀ ਕਾਨੂੰਨ ਦੀ ਧਾਰਾ 4 ਤੇ 5 ਅਤੇ ਅਸਲਾ ਕਾਨੂੰਨ ਦੀ ਧਾਰਾ 25 ਅਧੀਨ ਦਰਜ ਕੀਤਾ ਗਿਆ ਸੀ।
ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਧੀਕ ਸੈਸ਼ਨ ਜੱਜ ਅਰੁਨਵੀਰ ਵਸ਼ਿਸ਼ਟ ਨੇ ਅੱਜ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 1995 ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ 'ਤੇ ਕਈ ਮਾਮਲੇ ਦਰਜ ਕੀਤੇ ਸਨ ਜਿਹਨਾਂ ਵਿੱਚੋਂ ਜ਼ਿਆਦਾ ਮਾਮਲਿਆਂ 'ਚ ਉਹ ਬਰੀ ਹੋ ਚੁੱਕੇ ਹਨ। ਪਰ ਕਈ ਮਾਮਲਿਆਂ ਵਿੱਚ ਮੁਕੱਦਮਾ ਚੱਲ ਰਿਹਾ ਹੈ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਕਾਰਨ ਇਸ ਮਾਮਲੇ ਵਿਚੋਂ ਬਰੀ ਹੋਣ ਦੇ ਬਾਵਜੂਦ ਵੀ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ।
ਇੱਥੇ ਦਸਣਯੋਗ ਹੈ ਕਿ 2015 'ਚ ਚੱਬਾ ਵਿਖੇ ਹੋਏ ਸਰਬੱਤ ਖਾਲਸਾ 'ਚ ਭਾਰਤੀ ਜੇਲ੍ਹ ਅੰਦਰ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ। ਸਿੱਖ ਕੌਮ ਵੱਲੋਂ ਆਪਣੀ ਕੌਮੀ ਅਜ਼ਾਦੀ ਲਈ ਸੰਘਰਸ਼ਸ਼ੀਲ ਆਗੂ ਨੂੰ ਛਡਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)