ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਿਕਾਲਿਆ ਗਿਆ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਿਕਾਲਿਆ ਗਿਆ

ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 7 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਪੰਥ ਦੇ ਜਨਮ ਦਿਹਾੜੇ ਵਿਸਾਖੀ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਯੂਰੋਪ ਅੰਦਰ ਬੈਲਜੀਅਮ ਦੇ ਗੁਰਦੁਆਰਾ ਸੰਗਤ ਸਾਹਿਬ ਸਿੰਤਰੁਦਨ ਤੋਂ ਸਜਾਇਆ ਗਿਆ। ਹੈੱਡ ਗ੍ਰੰਥੀ ਸਾਹਿਬ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਸੰਗਤ ਸਾਹਿਬ ਸਿੰਤਰੁਦਨ ਤੋਂ ਸ਼ਹਿਰ ਦੀ ਪਰਿਕਰਮਾ ਲਈ ਰਵਾਨਾ ਹੋਇਆ। ਫੁੱਲਾਂ ਨਾਲ ਸਜੀ ਸੁੰਦਰ ਪਾਲਕੀ 'ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਸ਼ਬਦੀ ਜਥਿਆਂ ਵੱਲੋਂ ਨਗਰ ਕੀਰਤਨ ਦੀ ਸ਼ੋਭਾ ਵਧਾਈ ਗਈ। ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਵੱਖ-ਵੱਖ ਪੜਾਵਾਂ 'ਤੇ ਨਗਰ ਕੀਰਤਨ ਦਾ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ ਉਪਰੰਤ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਸੈਂਟਰਮ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਵਿਚ ਪਹਿਲੀ ਵਾਰ ਸੰਗਤਾਂ ਉਪਰ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ ਜੋ ਕਿ ਹਾਜ਼ਰੀਨ ਸੰਗਤਾਂ ਲਈ ਬਹੁਤ ਹੀ ਮਨਮੋਹਕ ਯਾਦਗਾਰ ਬਣ ਗਿਆ ਸੀ ।

ਇਸ ਮੌਕੇ ਯੂਰੋਪੀਅਨ ਪਾਰਲੀਮੈਂਟ ਮੈਂਬਰ ਹਿਲਡੇ ਵੈਟਮਨਸ ਦੇ ਨਾਲ ਮੇਅਰ ਇੰਗਰਿੱਡ ਕੈਮਪੈਨੀਅਰ ਨੇ ਵੀ ਉਚੇਚੇ ਤੌਰ ਤੇ ਹਾਜ਼ਿਰੀ ਭਰੀ ਸੀ ।  ਪਾਰਲੀਮੈਂਟ ਮੈਂਬਰ ਹਿਲਡੇ ਵੈਟਮਨਸ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਸਮੂਹ ਸਿੱਖ ਪੰਥ ਨੂੰ ਵਿਸਾਖੀ ਪੁਰਬ ਦੀ ਵਧਾਈ ਦੇਂਦੇ ਹਾਂ ਤੇ ਯੂਰੋਪ ਅੰਦਰ ਸਿੱਖਾਂ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਹਨ ਓਸ ਲਈ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਵਲੋਂ ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਦੇ ਕੀਤੇ ਜਾ ਰਹੇ ਜਤਨ ਦਾ ਅਸੀ ਪੂਰਾ ਸਾਥ ਦੇਵਾਂਗੇ । ਉਨ੍ਹਾਂ ਕਿਹਾ ਕਿ ਇਸੇ ਮਸਲੇ ਤੇ ਅਤੇ ਯੂਰੋਪੀਅਨ ਪਾਰਲੀਮੈਂਟ ਅੰਦਰ ਮਨਾਏ ਜਾ ਰਹੇ ਵਿਸਾਖੀ ਪੁਰਬ ਤੇ ਜੱਥੇਦਾਰ ਅਕਾਲ ਤਖਤ ਸਾਹਿਬ ਉਚੇਚੇ ਤੌਰ ਤੇ ਹਿੱਸਾ ਲੈਣ ਲਈ ਆ ਰਹੇ ਹਨ ਅਸੀ ਉਨ੍ਹਾਂ ਨੂੰ ਜੀ ਆਇਆ ਆਖਦੇ ਹਾਂ । 

ਅੰਤ ਵਿਚ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸਰਦਾਰ ਕਰਮ ਸਿੰਘ ਅਤੇ ਮੈਂਬਰਾਂ ਨੇ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਕਰਣ ਦੇ ਨਾਲ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਦੇ ਮੁੱਖੀ ਸਰਦਾਰ ਬਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਇਸ ਨਗਰ ਕੀਰਤਨ ਨੂੰ ਯਾਦਗਾਰ ਬਣਾਉਣ ਵਿਚ ਬਹੁਤ ਮਿਹਨਤ ਕੀਤੀ ਸੀ ।