ਇਜ਼ਰਾਈਲ-ਫਿਲਸਤੀਨ ਜੰਗ ਵਿਚਾਲੇ ਚੀਨ ਤੇ ਅਮਰੀਕਾ ਵਿਚਾਲੇ ਹਥਿਆਰਾਂ ਦੀ ਦੌੜ ਲਗੀ

ਇਜ਼ਰਾਈਲ-ਫਿਲਸਤੀਨ ਜੰਗ ਵਿਚਾਲੇ ਚੀਨ ਤੇ ਅਮਰੀਕਾ ਵਿਚਾਲੇ ਹਥਿਆਰਾਂ ਦੀ ਦੌੜ ਲਗੀ

*ਦੋਵੇਂ ਦੇਸ਼ ਆਪਣੇ-ਆਪਣੇ ਸਹਿਯੋਗੀਆਂ ਦਾ ਸਹਿਯੋਗ ਕਰਨ ਲਈ ਨਿਤਰੇ

 *ਮਧ ਪੂਰਬ ਸਾਗਰ ਵਿਚ ਜੰਗੀ ਬੇੜੇ ਤਾਇਨਾਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਸ਼ਿੰਗਟਨ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਖਤਰਨਾਕ ਜੰਗ ਦਰਮਿਆਨ ਅਮਰੀਕਾ ਅਤੇ ਚੀਨ ਨੇ ਮੱਧ ਪੂਰਬ ਵਿਚ ਹਥਿਆਰ ਜਮ੍ਹਾ ਕਰਨੇ ਸ਼ੁਰੂ ਕਰ ਦਿੱਤੇ ਹਨ। ਦੋਵੇਂ ਦੇਸ਼ ਮੱਧ ਪੂਰਬ ਦੇਸਾਂ ਨੂੰ ਵਿਨਾਸ਼ਕਾਰੀ ਹਥਿਆਰ ਭੇਜ ਰਹੇ ਹਨ।

ਚੀਨੀ ਰੱਖਿਆ ਮੰਤਰਾਲੇ ਦੇ ਅਨੁਸਾਰ, ਗਾਜ਼ਾ ਪੱਟੀ ਵਿੱਚ ਇਜ਼ਰਾਈਲ ਅਤੇ ਹਮਾਸ ਖਾੜਕੂ ਸਮੂਹ ਦੇ ਵਿਚਾਲੇ ਜੰਗ ਦੇ ਦੌਰਾਨ ਚੀਨ ਨੇ ਪਿਛਲੇ ਹਫਤੇ ਮੱਧ ਪੂਰਬ ਵਿੱਚ 6 ਚੀਨੀ ਜੰਗੀ ਬੇੜੇ ਤਾਇਨਾਤ ਕੀਤੇ ਸਨ। ਚੀਨੀ ਰੱਖਿਆ ਮੰਤਰਾਲੇ   ਅਨੁਸਾਰ, 44ਵੀਂ ਨੇਵਲ ਐਸਕੋਰਟ ਟਾਸਕ ਫੋਰਸ ਮਈ ਤੋਂ ਇਸ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੀ ਹੈ।

ਪਿਛਲੇ ਹਫ਼ਤੇ ਚੀਨ ਨੇ ਓਮਾਨ ਦੀ ਆਪਣੀ ਯਾਤਰਾ ਦੌਰਾਨ ਓਮਾਨੀ ਜਲ ਸੈਨਾ ਨਾਲ ਸਾਂਝਾ ਅਭਿਆਸ ਵੀ ਕੀਤਾ ਸੀ। ਚੀਨ ਨੇ ਕਿਹਾ ਕਿ ਓਮਾਨ ਦੀ ਆਪਣੀ ਯਾਤਰਾ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ, ਚੀਨੀ ਜਲ ਸੈਨਾ ਐਸਕਾਰਟ ਟਾਸਕ ਫੋਰਸ 18 ਅਕਤੂਬਰ ਦੀ ਸਵੇਰ ਨੂੰ ਨਿਰਧਾਰਤ ਸਮੇਂ ਅਨੁਸਾਰ ਕੁਵੈਤ ਦੇ ਸ਼ੁਵੈਖ ਬੰਦਰਗਾਹ 'ਤੇ ਪਹੁੰਚੀ ਸੀ। ਚੀਨੀ ਸਮੁੰਦਰੀ ਫੌਜੀ ਸਮੂਹ ਕੁਵੈਤ ਦੇ ਪੰਜ ਦਿਨਾਂ ਸਦਭਾਵਨਾ ਦੌਰੇ 'ਤੇ ਰਵਾਨਾ ਹੋਇਆ ਸੀ।

ਇਸ ਦੌਰਾਨ ਅਮਰੀਕਾ ਨੇ ਵੀ ਮੱਧ ਪੂਰਬ ਵਿਚ ਹਥਿਆਰ ਜਮ੍ਹਾ ਕਰਨੇ ਸ਼ੁਰੂ ਕਰ ਦਿੱਤੇ ਹਨ।ਮੱਧ ਪੂਰਬ ਵਿੱਚ ਅਮਰੀਕੀ ਸੈਨਿਕਾਂ 'ਤੇ ਹਾਲ ਹੀ ਦੇ ਹਮਲਿਆਂ ਦੇ ਜਵਾਬ ਵਿੱਚ, ਪੈਂਟਾਗਨ ਨੇ ਬੀਤੇ ਦਿਨੀਂ  ਕਿਹਾ ਕਿ ਅਮਰੀਕਾ ਮੱਧ ਪੂਰਬ ਵਿੱਚ ਇੱਕ ਟਰਮੀਨਲ ਹਾਈ ਅਲਟੀਟਿਊਡ ਏਰੀਆ ਡਿਫੈਂਸ ਠਾਡ ਸਿਸਟਮ ਅਤੇ ਵਾਧੂ ਪੈਟ੍ਰੋਅਟ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਬਟਾਲੀਅਨ ਭੇਜੇਗਾ।

ਇਸ ਤੋਂ ਇਲਾਵਾ ਅਮਰੀਕਾ ਨੇ ਆਪਣੀਆਂ ਸਭ ਤੋਂ ਤਾਕਤਵਰ ਪੈਟ੍ਰਿਅਟ ਮਿਜ਼ਾਈਲਾਂ ਵੀ ਤਾਇਨਾਤ ਕੀਤੀਆਂ ਹਨ।

ਸੰਯੁਕਤ ਰਾਜ ਅਮਰੀਕਾ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਮੱਧ ਪੂਰਬ ਵਿੱਚ ਵੱਡੀ ਮਾਤਰਾ ਵਿੱਚ ਜਲ ਸੈਨਾ ਭੇਜੀ ਹੈ, ਜਿਸ ਵਿੱਚ ਦੋ ਏਅਰਕ੍ਰਾਫਟ ਕੈਰੀਅਰ, ਉਨ੍ਹਾਂ ਦੇ ਸਮਰਥਨ ਵਾਲੇ ਜਹਾਜ਼ ਅਤੇ ਲਗਭਗ 2,000 ਜਲ ਸੈਨਿਕ ਸ਼ਾਮਲ ਹਨ। ਇਜ਼ਰਾਈਲ-ਹਮਾਸ ਯੁੱਧ ਦੌਰਾਨ ਖੇਤਰੀ ਤਣਾਅ ਵਧਣ ਕਾਰਨ ਵਾਸ਼ਿੰਗਟਨ ਈਰਾਨ ਸਮਰਥਿਤ ਖਾੜਕੂ ਸਮੂਹਾਂ ਦੀਆਂ ਗਤੀਵਿਧੀਆਂ ਤੋਂ ਸੁਚੇਤ ਹੈ।

ਅਮਰੀਕਾ ਦੇ ਵਿਦੇਸ਼ ਮੰਤਰੀ ਲੋਇਡ ਆਸਟਿਨ ਨੇ ਕਿਹਾ ਹੈ ਕਿ ਅਮਰੀਕਾ ਮੱਧ ਪੂਰਬ ਵਿਚ ਵਾਧੂ ਫੌਜੀ ਤਾਇਨਾਤ ਕਰ ਰਿਹਾ ਹੈ। ਪੈਂਟਾਗਨ ਨੇ ਲੋੜ ਪੈਣ 'ਤੇ ਖੇਤਰ ਵਿਚ ਤਾਇਨਾਤ ਕਰਨ ਲਈ ਪਹਿਲਾਂ ਹੀ ਲਗਭਗ 2,000 ਸੈਨਿਕਾਂ ਨੂੰ ਤਿਆਰ ਕੀਤਾ ਹੋਇਆ ਹੈ। ਔਸਟਿਨ ਨੇ ਕਿਹਾ, "ਇਹ ਕਦਮ ਖੇਤਰੀ ਸੁਰਖਿਆ ਯਤਨਾਂ ਨੂੰ ਹੁਲਾਰਾ ਦੇਣਗੇ, ਖੇਤਰ ਵਿੱਚ ਅਮਰੀਕੀ ਬਲਾਂ ਲਈ ਬਲ ਸੁਰੱਖਿਆ ਵਧਾਉਣਗੇ, ਅਤੇ ਇਜ਼ਰਾਈਲ ਦੀ ਰੱਖਿਆ ਵਿੱਚ ਸਹਾਇਤਾ ਕਰਨਗੇ।"

ਅਮਰੀਕੀ ਏਅਰ ਡਿਫੈਂਸ ਸਿਸਟਮ ਨੂੰ ਈਰਾਨ ਨੂੰ ਧਿਆਨ ਵਿਚ ਰੱਖਦੇ ਹੋਏ ਲਗਾਇਆ ਗਿਆ ਹੈ, ਤਾਂ ਜੋ ਈਰਾਨ ਇਜ਼ਰਾਈਲ ਦੇ ਖਿਲਾਫ ਕੋਈ ਹਮਲਾ ਨਾ ਕਰ ਸਕੇ। ਅਮਰੀਕਾ ਨੇ ਮੱਧ ਪੂਰਬ ਤੋਂ ਦੋ ਸਾਲਾਂ ਲਈ ਆਪਣੀ ਹਵਾਈ ਰੱਖਿਆ ਪ੍ਰਣਾਲੀ ਨੂੰ ਹਟਾ ਦਿੱਤਾ ਸੀ, ਜਿਸ ਨੂੰ ਮੁੜ ਤਾਇਨਾਤ ਕੀਤਾ ਗਿਆ ਹੈ।

ਪਿਛਲੇ ਹਫ਼ਤੇ, ਇੱਕ ਯੂਐਸ ਜੰਗੀ ਬੇੜੇ ਨੇ ਯਮਨ ਵਿੱਚ ਈਰਾਨ ਸਮਰਥਿਤ ਹੋਥਿਸ  ਦੁਆਰਾ ਦਾਇਰ ਇੱਕ ਦਰਜਨ ਤੋਂ ਵੱਧ ਡਰੋਨ ਅਤੇ ਚਾਰ ਕਰੂਜ਼ ਮਿਜ਼ਾਈਲਾਂ ਨੂੰ ਡੇਗ ਦਿੱਤਾ ਸੀ।

ਥਾਡ ਸਿਸਟਮ ਇੱਕ ਸ਼ਕਤੀਸ਼ਾਲੀ ਰਾਡਾਰ ਹੈ। 2016 ਵਿੱਚ ਅਮਰੀਕਾ ਵਲੋਂ ਦੱਖਣੀ ਕੋਰੀਆ ਵਿੱਚ ਇਸ ਸਿਸਟਮ ਦੀ ਤਾਇਨਾਤੀ ਕਾਰਣ ਚੀਨ  ਨਾਰਾਜ਼ ਹੋ ਗਿਆ ਸੀ, ਜਿਸਦਾ ਮੰਨਣਾ ਸੀ ਕਿ ਉਹ ਉਸਦੇ ਹਵਾਈ ਖੇਤਰ ਵਿੱਚ ਘੁਸਪੈਠ ਕਰ ਸਕਦਾ ਹੈ। ਗਾਜ਼ਾ ਵਿਚ ਇਜ਼ਰਾਈਲ ਅਤੇ ਹਮਾਸ ਦੇ ਖਾੜਕੂਆਂ ਵਿਚਾਲੇ ਸੰਘਰਸ਼ ਸ਼ੁਰੂ ਹੋਣ ਤੋਂ ਉਪਰੰਤ ਹੀ ਇਰਾਕ ਅਤੇ ਸੀਰੀਆ ਵਿਚ ਅਮਰੀਕੀ ਫੌਜਾਂ 'ਤੇ ਹਮਲੇ ਵਧ ਗਏ ਹਨ।

ਚੀਨ ਤੇ ਅਮਰੀਕਾ ਕੀ ਚਾਹੁੰਦੇ ਹਨ?

ਜਿਵੇਂ ਜਿਵੇਂ ਖੇਤਰ ਵਿੱਚ ਤਣਾਅ ਵਧਦਾ ਗਿਆ, ਮੱਧ ਪੂਰਬ ਦੇ ਪਾਣੀਆਂ ਵਿੱਚ ਛੇ ਚੀਨੀ ਜਹਾਜ਼ਾਂ ਦੀ ਸਰਗਰਮੀ ਤੇਜ਼ ਹੋ ਗਈ । ਖਿੱਤੇ ਵਿੱਚ ਚੀਨੀ ਜੰਗੀ ਜਹਾਜ਼ਾਂ ਦੀਆਂ ਖ਼ਬਰਾਂ ਉਦੋਂ ਆ ਰਹੀਆਂ ਹਨ ਜਦੋਂ ਅਮਰੀਕਾ ਉੱਥੇ ਆਪਣੀ ਮੌਜੂਦਗੀ ਵਧਾ ਰਿਹਾ ਹੈ।

7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ, ਸੰਯੁਕਤ ਰਾਜ ਅਮਰੀਕਾ ਨੇ ਆਪਣੇ ਸਭ ਤੋਂ ਉੱਨਤ ਕੈਰੀਅਰ ਜਹਾਜ, ਯੂਐਸਐਸ ਗੇਰਾਲਡ ਆਰ. ਫੋਰਡ ਤੇ ਉਸ ਨਾਲ ਜੁੜੇ ਯੁਧ ਸਮੂਹ ਨੂੰ  ਪੂਰਬੀ ਭੂਮਧ ਸਾਗਰ ਵਿਚ ਭੇਜਿਆ। ਇਸ ਦੌਰਾਨ, ਡਵਾਈਟ ਡੀ. ਆਈਜ਼ਨਹਾਵਰ ਕੈਰੀਅਰ ਸਟ੍ਰਾਈਕ ਗਰੁੱਪ ਇਸ ਖੇਤਰ ਦੇ ਰਸਤੇ ਵਿਚ  ਹੈ। ਪੈਂਟਾਗਨ ਨੇ ਹਾਲ ਹੀ ਵਿੱਚ ਪੂਰਬੀ ਮੈਡੀਟੇਰੀਅਨ ਵਿੱਚ ਇੱਕ ਵਾਧੂ ਕਮਾਂਡ ਜਹਾਜ਼, ਯੂਐਸਐਸ ਮਾਉਂਟ ਵਿਟਨੀ, ਦੀ ਤਾਇਨਾਤੀ ਦਾ ਐਲਾਨ ਕੀਤਾ ਸੀ।

ਹਥਿਆਰਾਂ ਦੀ ਤਾਇਨਾਤੀ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਇਕ ਤਰ੍ਹਾਂ ਦੀ ਦੁਸ਼ਮਣੀ ਚੱਲ ਰਹੀ ਹੈ ਅਤੇ ਦੋਵੇਂ ਦੇਸ਼ ਆਪਣੇ-ਆਪਣੇ ਸਹਿਯੋਗੀਆਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ। ਇਹ ਵੀ ਆਪਣੇ ਆਪ ਨੂੰ ਆਲਮੀ ਤਾਕਤ ਵਜੋਂ ਦਿਖਾਉਣ ਦੀ ਜੰਗ ਹੈ।