ਚੀਨ ਬਣਿਆ ਭਾਰਤ ਲਈ ਖਤਰਾ

ਚੀਨ ਬਣਿਆ ਭਾਰਤ ਲਈ ਖਤਰਾ

 ਭਾਰਤੀ ਸਰਹੱਦ 'ਤੇ ਫ਼ੌਜ ਦੀ ਤਾਇਨਾਤੀ ਵਧਾਈ

ਹਵਾਈ ਅੱਡਾ ਅਤੇ ਬਹੁ-ਉਦੇਸ਼ੀ ਹੈਲੀਪੈਡਾਂ ਸਮੇਤ ਬੁਨਿਆਦੀ ਢਾਂਚੇ ਦਾ ਨਿਰਮਾਣ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ-ਪੈਂਟਾਗਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 ਵਿਚ 'ਲਾਈਨ ਆਫ਼ ਕੰਟਰੋਲ' ਨਾਲ ਫੌਜਾਂ ਦੀ ਤਾਇਨਾਤੀ ਵਧਾ ਦਿੱਤੀ ਅਤੇ ਡੋਕਲਾਮ ਨੇੜੇ ਭੂਮੀਗਤ ਭੰਡਾਰਣ ਸੁਵਿਧਾਵਾਂ, ਪੈਂਗੋਂਗ ਝੀਲ 'ਤੇ ਦੂਜਾ ਪੁਲ, ਦੋਹਰੇ ਉਦੇਸ਼ ਵਾਲਾ ਹਵਾਈ ਅੱਡਾ ਅਤੇ ਬਹੁ-ਉਦੇਸ਼ੀ ਹੈਲੀਪੈਡਾਂ ਸਮੇਤ ਬੁਨਿਆਦੀ ਢਾਂਚੇ ਦਾ ਨਿਰਮਾਣ ਜਾਰੀ ਰੱਖਿਆ ।ਭਾਰਤੀ ਤੇ ਚੀਨੀ ਸੈਨਿਕ ਪੂਰਬੀ ਲੱਦਾਖ ਵਿਚ ਕੁਝ ਵਿਗਾੜ ਵਾਲੇ ਬਿੰਦੂਆਂ 'ਤੇ ਪਿਛਲੇ ਤਿੰਨ ਸਾਲਾਂ ਤੋਂ ਟਕਰਾਅ ਦੀ ਸਥਿਤੀ ਵਿਚ ਹਨ, ਜਦਕਿ ਦੋਵਾਂ ਪੱਖਾਂ 'ਚ ਵਿਆਪਕ ਕੂਟਨੀਤਕ ਅਤੇ ਸੈਨਿਕ ਗੱਲਬਾਤ ਦੇ ਬਾਅਦ ਕਈ ਖੇਤਰਾਂ ਵਿਚੋਂ ਸੈਨਾ ਦੀ ਪੂਰੀ ਵਾਪਸੀ ਵੀ ਹੋ ਚੁੱਕੀ ਹੈ ।'ਮਿਲਟਰੀ ਅਤੇ ਸਕਿਓਰਿਟੀ ਡਿਵੈੱਲਪਮੈਂਟਸ ਇਨਵਾਲਵਿੰਗ ਦਾ ਪੀਪਲਜ਼ ਰਿਪਬਲਿਕ ਆਫ ਚਾਈਨਾ' ਦੇ ਸਿਰਲੇਖ ਵਾਲੀ 2023 ਦੀ ਰਿਪੋਰਟ ਅਨੁਸਾਰ ਮਈ 2020 ਦੀ ਸ਼ੁਰੂਆਤ ਤੋਂ ਭਾਰਤ-ਚੀਨ ਸਰਹੱਦ 'ਤੇ ਨਿਰੰਤਰ ਤਣਾਅ ਨੇ ਪੱਛਮੀ ਥੀਏਟਰ ਕਮਾਂਡ ਦਾ ਧਿਆਨ ਵੀ ਖਿੱਚਿਆ ਹੈ ।

ਅਮਰੀਕੀ ਰੱਖਿਆ ਵਿਭਾਗ ਨੇ ਇਸ ਮਹੀਨੇ ਜਾਰੀ ਰਿਪੋਰਟ ਵਿਚ ਕਿਹਾ, ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਸੀਮਾ ਦੀ ਸਥਿਤੀ ਦੇ ਸੰਬੰਧ 'ਚ ਭਾਰਤ ਅਤੇ ਚੀਨ ਦੇ ਦਰਮਿਆਨ ਅਲੱਗ-ਅਲੱਗ ਧਾਰਨਾਵਾਂ ਦੇ ਨਾਲ ਦੋਹਾਂ ਪਾਸਿਆਂ ਤੋਂ ਬੁਨਿਆਦੀ ਢਾਂਚੇ ਦੇ ਨਿਰਮਾਣ ਕਾਰਨ ਕਈ ਝੜਪਾਂ ਹੋਈਆਂ, ਜਿਸ ਨਾਲ ਗਤੀਰੋਧ ਜਾਰੀ ਰਿਹਾ ਅਤੇ ਸਰਹੱਦ 'ਤੇ ਦੋਵਾਂ ਪਾਸਿਆਂ ਤੋਂ ਸੈਨਾਵਾਂ ਦਾ ਜਮਾਵੜਾ ਹੋਇਆ । ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਨਿਰਮਾਣ ਕਾਰਜਾਂ ਵਿਚ ਡੋਕਲਾਮ ਨੇੜੇ ਭੂਮੀਗਤ ਭੰਡਾਰਣ ਸੁਵਿਧਾਵਾਂ, ਅਸਲ ਕੰਟਰੋਲ ਰੇਖਾ ਦੇ ਸਾਰੇ ਤਿੰਨ ਖੇਤਰਾਂ ਵਿਚ ਨਵੀਂਆਂ ਸੜਕਾਂ, ਗੁਆਂਢੀ ਭੂਟਾਨ 'ਚ ਵਿਵਾਦਿਤ ਖੇਤਰਾਂ ਵਿਚ ਨਵੇਂ ਪਿੰਡ, ਪੈਂਗੋਂਗ ਝੀਲ ਉਪਰ ਦੂਸਰਾ ਪੁਲ, ਕੇਂਦਰੀ ਸੈਕਟਰ ਨੇੜੇ ਇਕ ਬਹੁ-ਉਦੇਸ਼ੀ ਹਵਾਈ ਅੱਡਾ ਅਤੇ ਕਈ ਹੈਲੀਪੈਡ ਸ਼ਾਮਿਲ ਹਨ । ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੇ ਕੋਲ ਸੰਚਾਲਨ 500 ਪ੍ਰਮਾਣੂ ਹਥਿਆਰ ਹਨ ਅਤੇ 2030 ਵਿਚ ਇਨ੍ਹਾਂ ਦੀ ਗਿਣਤੀ 1000 ਤੋਂ ਵੀ ਵਧ ਜਾਵੇਗੀ ।