ਮਾਸਕੋ ਵਿਚ ਇਸਲਾਮਿਕ ਸਟੇਟ ਵਲੋਂ ਅਤਿਵਾਦੀ ਹਮਲੇ ਕਾਰਨ 60 ਮੌਤਾਂ ਤੇ 145 ਜ਼ਖ਼ਮੀ

ਮਾਸਕੋ ਵਿਚ ਇਸਲਾਮਿਕ ਸਟੇਟ ਵਲੋਂ ਅਤਿਵਾਦੀ ਹਮਲੇ ਕਾਰਨ 60 ਮੌਤਾਂ ਤੇ 145 ਜ਼ਖ਼ਮੀ

*ਇਸਲਾਮਿਕ ਸਟੇਟ ਦੇ ਨਿਸ਼ਾਨੇ 'ਤੇ ਰੂਸ ਪਹਿਲਾਂ ਵੀ ਰਿਹਾ 

*ਵਾਪਰ ਰਿਹਾ  ਘਟਨਾਕ੍ਰਮ ਦੁਨੀਆ ਭਰ ਲਈ  ਖ਼ਤਰੇ ਦੀ ਘੰਟੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮਾਸਕੋ- ਰੂਸ ਦੀ ਰਾਜਧਾਨੀ ਮਾਸਕੋ ਵਿਚ ਬੀਤੇ ਦਿਨੀਂ ਵੱਡੇ ਸਮਾਗਮ ਵਾਲੀ ਥਾਂ 'ਤੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 60 ਵਿਅਕਤੀਆਂ ਦੀ ਮੌਤ ਹੋ ਗਈ ਅਤੇ 145 ਤੋਂ ਵੱਧ ਜ਼ਖਮੀ ਹੋ ਗਏ। ਹਮਲਾਵਰਾਂ ਨੇ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ ਨੂੰ ਅੱਗ ਲਗਾ ਦਿੱਤੀ। ਇਸਲਾਮਿਕ ਸਟੇਟ ਅਤਿਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ।  ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਸ ਘਟਨਾ ਦੀ ਸੂਚਨਾ ਹਮਲਾਵਰਾਂ ਦੇ 'ਕ੍ਰੋਕਸ ਸਿਟੀ ਹਾਲ' 'ਤੇ ਹਮਲਾ ਕਰਨ ਤੋਂ ਕੁਝ ਮਿੰਟਾਂ ਬਾਅਦ ਦਿੱਤੀ ਗਈ। ਹਾਲ ਮਾਸਕੋ ਦੇ ਪੱਛਮੀ ਕਿਨਾਰੇ ਵਿੱਚ ਸਥਿਤ ਵਿਸ਼ਾਲ ਸੰਗੀਤ ਸਥਾਨ ਹੈ, ਜਿਸ ਵਿੱਚ 6,200 ਲੋਕ ਬੈਠ ਸਕਦੇ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਮਸ਼ਹੂਰ ਰੂਸੀ ਰਾਕ ਬੈਂਡ 'ਪਿਕਨਿਕ' ਦੇ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਲਈ ਕ੍ਰੋਕਸ ਸਿਟੀ ਹਾਲ ਵਿਚ ਲੋਕਾਂ ਦੀ ਭੀੜ ਇਕੱਠੀ ਹੋਈ ਸੀ।

ਭਾਵੇਂ ਅਫ਼ਗਾਨਿਸਤਾਨ ਵਿਚਲੇ ਸੰਗਠਨ ਨਾਲ ਸੰਬੰਧਿਤ ਜਥੇਬੰਦੀ ਇਸਲਾਮਿਕ ਸਟੇਟ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ, ਪਰ ਰੂਸੀ ਪ੍ਰਸ਼ਾਸਨ ਵਲੋਂ ਇਸ ਹਮਲੇ ਲਈ ਯੂਕਰੇਨ 'ਤੇ ਵੀ ਉਂਗਲੀ ਉਠਾਈ ਜਾ ਰਹੀ ਹੈ, ਕਿਉਂਕਿ ਪਿਛਲੇ ਦੋ ਸਾਲਾਂ ਤੋਂ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਭਿਆਨਕ ਜੰਗ ਚੱਲ ਰਹੀ ਹੈ। ਇਸ ਜੰਗ ਦੌਰਾਨ ਰੂਸ ਵਲੋਂ ਯੂਕਰੇਨ ਉੱਤੇ ਕੀਤੇ ਹਮਲਿਆਂ ਵਿਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਯੂਕਰੇਨ ਦੇ ਬਹੁਤ ਵੱਡੇ ਹਿੱਸੇ ਵਿਚ ਤਬਾਹੀ ਦੇ ਮੰਜ਼ਰ ਦਿਖਾਈ ਦੇ ਰਹੇ ਹਨ। ਇਸ ਜੰਗ ਦੌਰਾਨ ਰੂਸ ਨੇ ਯੂਕਰੇਨ ਦੇ ਕਈ ਮਹੱਤਵਪੂਰਨ ਜ਼ਿਲ੍ਹਿਆਂ 'ਤੇ ਕਬਜ਼ਾ ਵੀ ਕਰ ਲਿਆ ਸੀ ਪਰ ਯੂਕਰੇਨ ਨੇ ਆਪਣੇ ਵਲੋਂ ਥੀਏਟਰ 'ਤੇ ਕੀਤੇ ਗਏ ਇਸ ਹਮਲੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਇਸ ਵਿਚ ਯੂਕਰੇਨ ਨੇ ਕਿਸੇ ਵੀ ਤਰ੍ਹਾਂ ਦਾ ਉਸ ਦਾ ਕੋਈ ਦਖ਼ਲ ਨਾ ਹੋਣ ਦੀ ਗੱਲ ਕਹੀ ਹੈ।

ਜਿਥੋਂ ਤਕ ਇਸਲਾਮਿਕ ਗਰੁੱਪਾਂ ਦਾ ਸੰਬੰਧ ਹੈ, ਇਹ ਪਹਿਲਾਂ ਵੀ ਰੂਸ 'ਤੇ ਸਮੇਂ-ਸਮੇਂ ਗੁਰੀਲਾ ਹਮਲੇ ਕਰਦੇ ਰਹੇ ਹਨ। ਸਾਲ 2004 ਵਿਚ ਇਕ ਇਸਲਾਮਿਕ ਜਥੇਬੰਦੀ ਨੇ ਹੀ ਰੂਸ ਦੇ ਦੱਖਣੀ ਭਾਗ ਬੇਸਲਾਨ ਵਿਚ ਇਕ ਸਕੂਲ ਉੱਤੇ ਹਮਲਾ ਕਰਕੇ ਉਥੇ ਵਿਦਿਆਰਥੀਆਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਇਸ ਘਟਨਾ ਵਿਚ ਹਮਲਾਵਰਾਂ ਸਮੇਤ 380 ਲੋਕ ਮਾਰੇ ਗਏ ਸਨ। ਇਸੇ ਤਰ੍ਹਾਂ ਸਾਲ 2010 ਵਿਚ ਵੀ ਮਾਸਕੋ ਦੇ ਇਕ ਜ਼ਮੀਨਦੋਜ਼ ਰੇਲਵੇ ਸਟੇਸ਼ਨ 'ਤੇ ਕੁਝ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ ਸੀ, ਜਿਸ ਵਿਚ 40 ਲੋਕ ਮਾਰੇ ਗਏ ਸਨ। ਇਸੇ ਹੀ ਕੜੀ ਵਿਚ ਸਾਲ 2017 ਵਿਚ ਰੂਸ ਦੇ ਦੂਸਰੇ ਵੱਡੇ ਸ਼ਹਿਰ ਸੇਂਟ ਪੀਟਰਜ਼ਬਰਗ ਵਿਚ ਵੀ ਇਕ ਜ਼ਮੀਨਦੋਜ਼ ਪਲੇਟਫ਼ਾਰਮ 'ਤੇ ਕੀਤੇ ਇਕ ਆਤਮਘਾਤੀ ਹਮਲੇ ਵਿਚ 16 ਲੋਕ ਮਾਰੇ ਗਏ ਸੀ।

ਇਸ ਭਿਆਨਕ ਘਟਨਾ ਦੇ ਵਾਪਰਨ ਤੋਂ ਬਾਅਦ ਪੁਤਿਨ ਵਲੋਂ ਦਿੱਤੀ ਧਮਕੀ ਤੋਂ ਪਿੱਛੋਂ ਘਟਨਾਕ੍ਰਮ ਕੀ ਰੁਖ਼ ਅਖ਼ਤਿਆਰ ਕਰਦਾ ਹੈ, ਇਸ ਦਾ ਅੰਦਾਜ਼ਾ ਲਗਾਇਆ ਜਾਣਾ ਮੁਸ਼ਕਿਲ ਹੈ। ਕਿਉਂਕਿ ਇਸਲਾਮਿਕ ਸਟੇਟ ਜਥੇਬੰਦੀ ਦੇ ਰੂਸ ਪਹਿਲਾਂ ਵੀ ਨਿਸ਼ਾਨੇ 'ਤੇ ਰਿਹਾ ਹੈ। ਰੂਸ ਦੇ ਮੁੱਖ ਪ੍ਰਸ਼ਾਸਨਿਕ ਕੇਂਦਰ ਕ੍ਰੈਮਲਿਨ ਵਲੋਂ ਸਖ਼ਤ ਰੁਖ਼ ਅਖ਼ਤਿਆਰ ਕਰਨ ਅਤੇ ਮੁਸਲਿਮ ਵਿਰੋਧੀ ਨੀਤੀਆਂ ਅਪਣਾਉਣ ਕਾਰਨ ਇਸਲਾਮਿਕ ਜਥੇਬੰਦੀਆਂ ਨੇ ਰੂਸ ਨੂੰ ਧਮਕੀਆਂ ਦਿੱਤੀਆਂ ਸਨ। ਪੁਤਿਨ ਨੂੰ ਯੂਕਰੇਨ ਵਿਚ ਲੜਾਈ ਦੇ ਨਾਲ-ਨਾਲ ਅਜਿਹੇ ਸੰਗਠਨਾਂ ਵਲੋਂ ਵੀ ਵੱਡੀ ਚੁਣੌਤੀ ਮਿਲਦੀ ਰਹੀ ਹੈ। ਰੂਸ ਦੀ ਆਰਥਿਕ ਸਥਿਤੀ ਵੀ ਮੌਜੂਦਾ ਲੜਾਈ ਨੇ ਬੇਹੱਦ ਕਮਜ਼ੋਰ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਪੁਤਿਨ ਵਲੋਂ ਇਸ ਲੜਾਈ ਨੂੰ ਜਾਰੀ ਰੱਖਣ ਦਾ ਅਹਿਦ ਲਗਾਤਾਰ ਦੁਹਰਾਇਆ ਜਾਂਦਾ ਰਿਹਾ ਹੈ। ਵਾਪਰ ਰਿਹਾ ਅਜਿਹਾ ਘਟਨਾਕ੍ਰਮ ਦੁਨੀਆ ਭਰ ਲਈ ਵੀ ਇਕ ਖ਼ਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ, ਕਿਉਂਕਿ ਯੂਕਰੇਨ ਨਾਲ ਲੜਾਈ ਦੇ ਨਾਲ-ਨਾਲ ਪੁਤਿਨ ਸਾਹਮਣੇ ਖੜ੍ਹੀਆਂ ਚੁਣੌਤੀਆਂ ਉਸ ਨੂੰ ਹੋਰ ਵੱਡੀ ਜੰਗ ਵਿਚ ਧੱਕਣ ਲਈ ਮਜਬੂਰ ਕਰ ਸਕਦੀਆਂ ਹਨ। ਅਜਿਹੀ ਜੰਗ ਦੇ ਕੌਮਾਂਤਰੀ ਰੂਪ ਅਖ਼ਤਿਆਰ ਕਰ ਲੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।