ਲੋਕਾਂ ਵਿੱਚ ਕੈਨੇਡਾ ਦਾ ਨਾਗਰਿਕ ਬਣਨ ਦਾ ਹੁਣ ਕ੍ਰੇਜ਼ ਘੱਟਿਆ 

ਲੋਕਾਂ ਵਿੱਚ ਕੈਨੇਡਾ ਦਾ ਨਾਗਰਿਕ ਬਣਨ ਦਾ ਹੁਣ ਕ੍ਰੇਜ਼ ਘੱਟਿਆ 

   *ਪਿਛਲੇ 2 ਦਹਾਕਿਆਂ ਦੌਰਾਨ ਕੈਨੇਡਾ ਦੀ ਨਾਗਰਿਕਤਾ ਦਰ ਵਿੱਚ 30 ਫ਼ੀਸਦੀ ਦੀ ਗਿਰਾਵਟ 

  *ਕੈਨੇਡਾ ਦੇ ਸਖਤ ਕਨੂੰਨਾਂ ਕਾਰਣ ਲੋਕਾਂ ਦੀ ਦਿਲਚਸਪੀ ਘਟੀ

*ਸਪਾਊਸ ਵਰਕ ਪਰਮਿਟ' ਤੇ ਟੈਂਪਰੇਰੀ ਰੈਜ਼ੀਡੈਂਟਸ ਉਪਰ ਨਵੀਆਂ ਪਾਬੰਦੀਆਂ

ਲੋਕਾਂ ਵਿੱਚ ਕੈਨੇਡਾ ਦਾ ਨਾਗਰਿਕ ਬਣਨ ਦਾ ਹੁਣ ਕ੍ਰੇਜ਼ ਘੱਟਦਾ ਨਜ਼ਰ ਆ ਰਿਹਾ ਹੈ। ਪਿਛਲੇ ਕਰੀਬ 2 ਦਹਾਕਿਆਂ ਦੌਰਾਨ ਕੈਨੇਡਾ ਦੀ ਨਾਗਰਿਕਤਾ ਦਰ ਵਿੱਚ 30 ਫ਼ੀਸਦੀ ਦੀ ਗਿਰਾਵਟ ਆਈ ਹੈ। 1996 ਵਿੱਚ 75 ਫ਼ੀਸਦੀ ਤੋਂ ਵੱਧ ਪ੍ਰਵਾਸੀਆਂ ਨੇ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਸਾਲ 2021 ਵਿਚ ਇਹ ਅੰਕੜਾ ਘੱਟ ਕੇ 45.7 ਫ਼ੀਸਦੀ 'ਤੇ ਆ ਗਿਆ ਸੀ। 2016 ਤੋਂ ਬਾਅਦ ਸਥਿਤੀ ਹੋਰ ਬਦਲਣੀ ਸ਼ੁਰੂ ਹੋ ਗਈ। ਉਦੋਂ ਤੋਂ ਹੁਣ ਤੱਕ ਇੱਕ ਬਹੁਤ ਵੱਡੀ ਤਬਦੀਲੀ ਆਈ ਹੈ, ਜਿਸ ਵਿੱਚ ਭਾਰਤੀਆਂ ਦੀ ਵੀ ਕੈਨੇਡੀਅਨ ਨਾਗਰਿਕਤਾ ਵਿੱਚ ਦਿਲਚਸਪੀ ਖ਼ਤਮ ਹੋ ਗਈ ਹੈ ਅਤੇ ਪ੍ਰਵਾਸੀ ਹੁਣ ਕੈਨੇਡੀਅਨ ਨਾਗਰਿਕਤਾ ਲਈ ਪਹਿਲਾਂ ਵਾਂਗ ਕਾਹਲੀ ਨਹੀਂ ਕਰਦੇ। ਕਿਉਂਕਿ ਨਾਗਰਿਕਤਾ ਪ੍ਰੀਖਿਆ ਸਖ਼ਤ ਹੋ ਗਈ, ਭਾਸ਼ਾ ਦੇ ਹੁਨਰ ਦੀ ਮੰਗ ਵਧ ਗਈ। ਇਸ ਤੋਂ ਇਲਾਵਾ ਅਰਜ਼ੀ ਦੀ ਫੀਸ ਵੀ ਜ਼ਿਆਦਾ ਹੈ।  ਕੈਨੇਡੀਅਨ ਨਾਗਰਿਕਤਾ ਦੀ ਮੰਗ ਨੂੰ ਘਟਾਉਣ ਵਿੱਚ ਲਗਭਗ 40 ਫ਼ੀਸਦੀ ਭੂਮਿਕਾ ਕੋਵਿਡ ਦੀ ਰਹੀ ਹੈ। 

 2016 ਅਤੇ 2021 ਦੇ ਵਿਚਕਾਰ ਪ੍ਰਵਾਸੀ ਇੰਨੇ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਨਹੀਂ ਦਿੱਤੀ। ਕੈਨੇਡੀਅਨ ਨਾਗਰਿਕਤਾ ਦੀ ਲਾਲਸਾ ਵੀ ਵੱਖ-ਵੱਖ ਪ੍ਰਵਾਸੀਆਂ ਵਿੱਚ ਵੱਖੋ-ਵੱਖਰੀ ਹੁੰਦੀ ਹੈ। ਉਦਾਹਰਨ ਲਈ, ਜਿਨ੍ਹਾਂ ਦੀ ਸਾਲਾਨਾ ਆਮਦਨ 50,000 ਅਤੇ 100,000 ਕੈਨੇਡੀਅਨ ਡਾਲਰ ਦੇ ਵਿਚਕਾਰ ਹੈ, ਉਨ੍ਹਾਂ ਦੀ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਦੀ ਸੰਭਾਵਨਾ 14 ਫ਼ੀਸਦੀ ਵੱਧ ਹੈ, ਜਦੋਂ ਕਿ 10,000 ਡਾਲਰ ਤੋਂ ਘੱਟ ਆਮਦਨ ਵਾਲੇ ਲੋਕ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਬਚਦੇ ਹਨ।

ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਡਿਗਰੀ ਵਾਲੇ 51.8 ਫ਼ੀਸਦੀ ਦੇ ਮੁਕਾਬਲੇ, ਹਾਈ ਸਕੂਲ ਦੀ ਡਿਗਰੀ ਵਾਲੇ 30.5 ਫ਼ੀਸਦੀ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦਿੰਦੇ ਹਨ। ਪ੍ਰਵਾਸੀ ਜਿਸ ਦੇਸ਼ ਤੋਂ ਆਏ ਹਨ, ਉਸ ਦੇ ਆਧਾਰ 'ਤੇ ਡਾਟਾ ਵੀ ਵੱਖਰਾ ਹੋ ਸਕਦਾ ਹੈ। ਪੂਰਬੀ ਏਸ਼ੀਆਈ ਦੇਸ਼ਾਂ ਦੇ ਪ੍ਰਵਾਸੀਆਂ ਵਿੱਚ ਕੈਨੇਡੀਅਨ ਨਾਗਰਿਕਤਾ ਦੀ ਮੰਗ ਵਿੱਚ 58 ਫ਼ੀਸਦੀ ਦੀ ਗਿਰਾਵਟ ਆਈ ਹੈ, ਜਦੋਂ ਕਿ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੀ ਮੰਗ ਵਿੱਚ 40.7 ਫ਼ੀਸਦੀ ਦੀ ਗਿਰਾਵਟ ਆਈ ਹੈ। ਪੱਛਮੀ ਏਸ਼ੀਆਈ ਦੇਸ਼ਾਂ ਤੋਂ ਕੈਨੇਡੀਅਨ ਨਾਗਰਿਕਤਾ ਦੀ ਮੰਗ ਵਿੱਚ 30 ਫ਼ੀਸਦੀ ਦੀ ਕਮੀ ਆਈ ਹੈ। ਕੈਨੇਡੀਅਨ ਨਾਗਰਿਕਤਾ ਦੀ ਮੰਗ ਪੂਰਬੀ ਯੂਰਪੀਅਨ ਦੇਸ਼ਾਂ ਵਿੱਚ 29 ਫ਼ੀਸਦੀ ਅਤੇ ਮੱਧ ਅਮਰੀਕਾ ਦੇ ਲੋਕਾਂ ਵਿੱਚ 28.2 ਫ਼ੀਸਦੀ ਘਟੀ ਹੈ।

ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਲਗਾ ਕੈਨੇਡਾ

ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਸੀਮਤ ਕਰਨ ਤੋਂ ਬਾਅਦ ਕੈਨੇਡਾ ਸਰਕਾਰ ਕੱਚੇ ਵਿਦੇਸ਼ੀ ਕਾਮਿਆਂ ਦੀ ਗਿਣਤੀ ’ਚ ਵੱਡੀ ਕਟੌਤੀ ਕਰ ਰਹੀ ਹੈ। ਇਸ ਮੌਕੇ ਇਥੇ ਅਸਥਾਈ ਤੌਰ ’ਤੇ ਰਹਿੰਦੇ 25 ਲੱਖ ਵਿਦੇਸ਼ੀਆਂ (ਟੀ ਆਰ) ਦੀ ਗਿਣਤੀ ਨੂੰ ਆਉਂਦੇ ਸਤੰਬਰ ਤੱਕ ਘਟਾ ਕੇ 20 ਲੱਖ ਕੀਤਾ ਜਾਏਗਾ। ਆਵਾਸ ਮੰਤਰੀ ਮਾਈਕ ਮਿਲਰ ਨੇ ਵਿਭਾਗ ਵਲੋਂ ਲਏ ਫੈਸਲੇ ਬਾਰੇ ਲੰਘੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਸਰਕਾਰ ਆਵਾਸ ਨਿਯਮਾਂ ਵਿਚਲੀਆਂ ਚੋਰ ਮੋਰੀਆਂ ਰਾਹੀਂ ਬੇਈਮਾਨ ਲੋਕਾਂ ਵਲੋਂ ਕੀਤੇ ਜਾਂਦੇ ਕਾਲੇ ਧੰਦੇ ਬੰਦ ਕਰਨਾ ਚਾਹੁੰਦੀ ਹੈ, ਜਿਸ ਲਈ ਸਖਤ ਫੈਸਲੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੰਤਰੀ ਨੇ ਕਿਹਾ ਦੇਸ਼ ’ਚ ਕੁੱਲ ਆਬਾਦੀ ਦਾ ਸਵਾ 6 ਫੀਸਦ ਕੱਚੇ ਕਾਮੇ ਹਨ, ਜਿਸ ਨੂੰ ਘਟਾ ਕੇ ਸਤੰਬਰ ਤੱਕ 5 ਫੀਸਦ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਵਪਾਰਕ ਅਦਾਰਿਆਂ ਨੂੰ 30 ਫੀਸਦ ਕੱਚੇ ਵਿਦੇਸ਼ੀ ਕਾਮੇ ਸੱਦਣ ਦੀ ਛੋਟ ਹੁਣ 20 ਫੀਸਦ ਹੋਵੇਗੀ। ਆਵਾਸ ਮੰਤਰੀ ਦੇ ਨਾਲ ਬੈਠੀ ਰੁਜ਼ਗਾਰ ਮੰਤਰੀ ਰੈਂਡੀ ਬੋਇਸਨੌਲਟ ਨੇ ਇਸ 10 ਫੀਸਦ ਦੇ ਤੋੜ ਦਾ ਬਦਲ ਸੁਝਾਉਂਦਿਆਂ ਦੱਸਿਆ ਕਿ ਵਪਾਰਕ ਅਦਾਰੇ ਹੁਣ ਦੇਸ਼ ’ਚ ਪਨਾਹ ਮੰਗਣ ਵਾਲਿਆਂ ਨੂੰ ਕੰਮ ’ਤੇ ਰੱਖ ਸਕਣਗੇ ਤੇ ਉਨ੍ਹਾਂ ਪਨਾਹੀਆਂ ਲਈ ਕੰਮ ਦਾ ਉਹ ਤਜਰਬਾ ਉਨ੍ਹਾਂ ਦੇ ਪੱਕੇ ਹੋਣ ਵਿਚ ਸਹਾਈ ਹੋਵੇਗਾ। ਅਮਾਈਕ ਮਿਲਰ ਨੇ ਸਪਸ਼ਟ ਕੀਤਾ ਕਿ ਸਿਸਟਮ ਨੂੰ ਵਿਦੇਸ਼ੀ ਕੱਚੇ ਕਾਮਿਆਂ ਦੀ ਨਿਰਭਰਤਾ ’ਚੋਂ ਉਭਾਰਨ ਲਈ ਕਾਰਜਕੁਸ਼ਲ ਤੇ ਸਵੈ-ਨਿਰਭਰ ਬਣਾਉਣਾ ਸਮੇਂ ਦੀ ਲੋੜ ਹੈ, ਜਿਸ ਕਾਰਨ ਸਖਤ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ’ਚ ਉਹ ਸੂਬਾਈ ਸਰਕਾਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਲੋੜਾਂ ਸਮਝਣਗੇ ਤੇ ਆਵਾਸ ਨੀਤੀਆਂ ਨੂੰ ਹੋਰ ਕਾਰਜ-ਕੁਸ਼ਲ ਬਣਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਦੇਸ਼ੀਆਂ ਦੀ ਆਮਦ ਉੱਤੇ ਇਹ ਪਾਬੰਦੀਆਂ ਪਹਿਲੀ ਮਈ ਤੋਂ ਲਾਗੂ ਹੋਣਗੀਆਂ ਤੇ ਸਤੰਬਰ ਤੱਕ ਗਿਣਤੀ ਘਟਾ ਲਈ ਜਾਏਗੀ। ਇਹ ਫੈਸਲਾ ਤਿੰਨ ਸਾਲ ਤੱਕ ਲਾਗੂ ਰਹੇਗਾ। 

 ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਦਾ 'ਸਪਾਊਸ ਵਰਕ ਪਰਮਿਟ' ਬੰਦ

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਦੇਸ਼ ਵਿਚ ਵਿਦੇਸ਼ੀ ਵਿਦਿਆਰਥੀਆਂ ਬਾਰੇ ਆਪਣੀਆਂ ਨੀਤੀਆਂ ਵਿਚ ਫੇਰਬਦਲ ਬੀਤੇ ਜਨਵਰੀ ਮਹੀਨੇ ਤੋਂ  ਜਾਰੀ ਹਨ  ।ਇਸੇ ਤਹਿਤ ਆਪਣੇ ਦੇਸ਼ 'ਚ 12ਵੀਂ (+2) ਪੜ੍ਹ ਕੇ ਅਤੇ ਆਈਲੈਟਸ ਦੇ ਬੈਂਡਾਂ ਨਾਲ ਕੈਨੇਡਾ ਦੇ ਸਟੱਡੀ ਪਰਮਿਟ ਲੈਣ ਵਾਲੇ ਵਿਦੇਸ਼ੀਆਂ ਦੀ ਦੌੜ ਕੁਝ ਠੱਲ੍ਹਣ ਲਈ ਸਪਾਊਜ਼ ਓਪਨ ਵਰਕ ਪਰਮਿਟ ਨਾ ਦੇਣ ਦਾ ਫ਼ੈਸਲਾ ਬੀਤੇ ਦਿਨੀਂ ਤੋਂ ਲਾਗੂ ਕਰ ਦਿੱਤਾ ਗਿਆ । ਹੁਣ ਐਮ.ਏ. ਜਾਂ ਪੀ.ਐੱਚ.ਡੀ. ਕਰਨ ਲਈ ਕੈਨੇਡਾ ਵਿਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀ ਹੀ ਆਪਣੇ ਪਤੀ ਜਾਂ ਪਤਨੀ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ। ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਡਾਕਟਰੀ, ਫਾਰਮੇਸੀ, ਵਕਾਲਤ, ਨਰਸਿੰਗ, ਇੰਜੀਨੀਅਰਿੰਗ, ਬੀ.ਐੱਡ ਆਦਿਕ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਵਾਸਤੇ ਵੀ ਵਰਕ ਪਰਮਿਟ ਦੀ ਸਹੂਲਤ ਬਰਕਰਾਰ ਰੱਖੀ ਗਈ ਹੈ। ਹੁਣ ਤੱਕ ਕੈਨੇਡਾ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਵਿੱਦਿਅਕ ਅਦਾਰਿਆਂ ਵਿਚ ਪੜ੍ਹਨ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਲੋਂ ਆਪਣੇ ਵਿਆਂਹਦੜਾਂ ਵਾਸਤੇ ਓਪਨ ਵਰਕ ਪਰਮਿਟ ਅਤੇ ਬੱਚਿਆਂ ਵਾਸਤੇ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਸੀ ।ਕੈਨੇਡਾ ਪਹੁੰਚਣ ਦੀ ਇਸ ਬੇਲਗ਼ਾਮ ਦੌੜ ਵਿਚ ਪੰਜਾਬ ਵਿਚ ਪੰਜਾਬੀ ਅਤੇ ਪੰਜਾਬੀਅਤ ਰੁਲਦੀ ਜਾ ਰਹੀ ਸੀ ਅਤੇ ਸਥਾਨਕ ਵਿੱਦਿਅਕ ਅਦਾਰਿਆਂ ਦੀ ਹੋਂਦ ਨੂੰ ਵੱਡਾ ਖ਼ਤਰਾ ਬਣ ਚੁੱਕਾ ਸੀ ।ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਬੀਤੇ ਕੱਲ੍ਹ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ 19 ਮਾਰਚ ਤੱਕ ਅਪਲਾਈ ਕਰ ਚੁੱਕੇ ਯੋਗ ਵਿਦੇਸ਼ੀ ਵਿਦਿਆਰਥੀ ਸਪਾਊਜ਼ਲ ਓਪਨ ਵਰਕ ਪਰਮਿਟ ਵਾਸਤੇ ਯੋਗ ਮੰਨੇ ਜਾਣਗੇ ਪਰ ਨਵੀਂ ਨੀਤੀ ਤਹਿਤ ਨਵੇਂ ਬਦਲਾਅ 20 ਮਾਰਚ ਤੋਂ ਲਾਗੂ ਹਨ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਕਿਹਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿਚ ਭਰੋਸੇਯੋਗਤਾ ਬਣਾਈ ਰੱਖਣ ਲਈ ਵਰਕ ਪਰਮਿਟ ਨੀਤੀ ਵਿਚ ਕੁਝ ਕਰਨਾ ਸੁਧਾਰ ਸਮੇਂ ਦੀ ਲੋੜ ਸੀ ।