ਕੋਰੋਨਾਵਾਇਰਸ ਨਾਲ ਨਜਿੱਠਣ ਲਈ ਤੁਹਾਡੀ ਸਰਕਾਰ ਕਿੰਨੀ ਤਿਆਰ

ਕੋਰੋਨਾਵਾਇਰਸ ਨਾਲ ਨਜਿੱਠਣ ਲਈ ਤੁਹਾਡੀ ਸਰਕਾਰ ਕਿੰਨੀ ਤਿਆਰ

ਸੁਖਵਿੰਦਰ ਸਿੰਘ
ਕੋਰੋਨਾਵਾਇਰਸ ਮਹਾਂਮਾਰੀ ਚੀਨ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਹਰ ਖੂੰਝੇ ਜਾ ਪਹੁੰਚੀ ਹੈ ਅਤੇ ਭਾਰਤ ਵਿਚ ਵੀ ਇਸਦੇ ਮਾਮਲੇ 1000 ਦੇ ਕਰੀਬ ਪਹੁੰਚ ਚੱਲੇ ਹਨ। ਇਸ ਵਾਇਰਸ ਦੇ ਇਲਾਜ ਲਈ ਕੋਈ ਦਵਾਈ ਨਾ ਹੋਣ ਕਾਰਨ ਫਿਲਹਾਲ ਵਾਇਰਸ ਤੋਂ ਪੀੜਤ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਬਾਕੀਆਂ ਤੋਂ ਅਲਹਿਦਾ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਇਸ ਲਈ ਵੱਖੋ-ਵੱਖ ਦੇਸ਼ਾਂ ਦੀਆਂ ਵੱਖੋ-ਵੱਖ ਪਹੁੰਚਾਂ ਹਨ। ਭਾਰਤ ਨੇ ਵੱਡਾ ਕਦਮ ਚੁੱਕਦਿਆਂ 21 ਦਿਨਾਂ ਲਈ ਪੂਰੇ ਦੇਸ਼ ਵਿਚ ਸੰਪੂਰਨ ਬੰਦ (ਇਕ ਤਰ੍ਹਾਂ ਦਾ ਕਰਫਿਊ) ਦਾ ਐਲਾਨ ਕੀਤਾ ਹੈ। ਪਰ ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕਿ ਸਿਰਫ ਬੰਦ ਕਰਨ ਨਾਲ ਇਸ ਬਿਮਾਰੀ ਤੋਂ ਨਹੀਂ ਬਚਿਆ ਜਾ ਸਕਦਾ, ਬਲਕਿ ਬੰਦ ਸਿਰਫ ਸਰਕਾਰਾਂ ਨੂੰ ਬਿਮਾਰੀ ਨਾਲ ਲੜਨ ਲਈ ਵੱਧ ਸਮਾਂ ਦੇ ਸਕਦਾ ਹੈ। ਇਸ ਸਮੇਂ ਵਿਚ ਸਰਕਾਰਾਂ ਨੂੰ ਆਪਣੀਆਂ ਸਿਹਤ ਸਹੂਲਤਾਂ ਨੂੰ ਪੱਕੇ ਪੈਰੀਂ ਕਰ ਲੈਣਾ ਚਾਹੀਦਾ ਹੈ ਤਾਂ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਜ਼ਰੂਰੀ ਸਿਹਤ ਸਹੂਲਤਾਂ ਦੇ ਸਕਣ ਦੇ ਸਮਰਥ ਹੋਣ। 

ਇਸ ਨਜ਼ਰੀਏ ਤੋਂ ਜੇ ਭਾਰਤ ਦੀ ਗੱਲ ਕਰੀਏ ਤਾਂ ਦੁਨੀਆ ਵਿਚ ਸਭ ਤੋਂ ਵੱਧ ਸੰਘਣੀ ਵਸੋਂ ਅਤੇ ਸਭ ਤੋਂ ਵੱਧ ਅਬਾਦੀ ਵਾਲੇ ਮੁਲਕਾਂ ਚੋਂ ਇਕ ਭਾਰਤ ਵਿਚ ਪਿਛਲੇ ਕਈ ਦਹਾਕਿਆਂ 'ਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵੱਲ ਕੋਈ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਗਈ। ਇਸ ਦਾ ਅੰਦਾਜ਼ਾ ਭਾਰਤੀ ਬਜਟ ਦੇ ਅੰਕੜਿਆਂ ਤੋਂ ਹੀ ਲਾਇਆ ਜਾ ਸਕਦਾ ਹੈ ਜਿਹਨਾਂ ਮੁਤਾਬਕ ਭਾਰਤ ਵਿਚ ਸਿਹਤ ਸਹੂਲਤਾਂ ਸਥਾਪਤ ਕਰਨ ਉੱਤੇ ਕੁੱਲ ਜੀਡੀਪੀ ਦਾ ਸਿਰਫ 1.28 ਫੀਸਦੀ ਹੀ ਖਰਚ ਕੀਤਾ ਜਾਂਦਾ ਹੈ, ਜੋ ਕਿ ਭਾਰਤ ਤੋਂ ਗਰੀਬ ਮੰਨੇ ਜਾਂਦੇ ਮੁਲਕਾਂ ਨਾਲੋਂ ਵੀ ਘੱਟ ਹੈ। ਸਾਲ 2019-20 ਦੇ ਬਜਟ ਵਿਚ ਸਿਹਤ ਉੱਤੇ 62,659.12 ਕਰੋੜ ਰੁਪਏ ਖਰਚਣ ਲਈ ਰੱਖੇ ਗਏ ਸਨ ਜਿਸ ਵਿਚੋਂ ਵੀ ਵੱਡਾ ਹਿੱਸਾ 6400 ਕਰੋੜ ਰੁਪਏ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਲਈ ਸਨ, ਜਿਸ ਅਧੀਨ 5 ਲੱਖ ਰੁਪਏ ਤਕ ਦੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। 

ਇਸ ਦਾ ਨਤੀਜਾ ਇਹ ਹੈ ਕਿ ਅੱਜ ਭਾਰਤ ਵਿਚ ਇਹ ਡਰ ਵੱਡੇ ਪੱਧਰ 'ਤੇ ਪਸਰਿਆ ਹੋਇਆ ਹੈ ਕਿ ਜੇ ਕੋਰੋਨਾਵਾਇਰਸ ਭਾਰਤ ਵਿਚ ਤੀਜੀ ਸਟੇਜ 'ਤੇ ਪਹੁੰਚ ਜਾਂਦਾ ਹੈ ਜਿਸ ਨਾਲ 134 ਕਰੋੜ ਦੀ ਅਬਾਦੀ ਵਿਚੋਂ ਬਹੁਤ ਵੱਡਾ ਹਿੱਸਾ ਇਸ ਦੀ ਲਪੇਟ ਵਿਚ ਆ ਸਕਦਾ ਹੈ। ਮੋਜੂਦਾ ਸਮੇਂ ਭਾਰਤ ਦੇ ਸਿਹਤ ਢਾਂਚੇ ਕੋਲ ਕੁੱਲ 7 ਲੱਖ ਹਸਪਤਾਲ ਬੈਡ ਹਨ ਅਤੇ 70,000 ਆਈਸੀਯੂ ਬੈਡ ਹਨ। ਇਸ ਅੰਕੜੇ ਮੁਤਾਬਕ ਹਰ 1000 ਬੰਦੇ ਪਿੱਛੇ ਬਿਸਤਰਿਆਂ ਦੀ ਗਿਣਤੀ 0.7 ਹੈ। ਇਹਨਾਂ ਅੰਕੜਿਆਂ ਮੁਤਾਬਕ ਭਾਰਤ ਦੀਆਂ ਸਰਕਾਰਾਂ ਨੇ ਅਜਿਹੀ ਸਿਹਤ ਬਿਪਤਾ ਨਾਲ ਲੜਨ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਹੋਏ, ਇਸਦੇ ਉਲਟ ਭਾਰਤ ਸਰਕਾਰ ਵੱਲੋਂ ਫੌਜੀ ਬਜਟ ਵਿਚ ਲਗਾਤਾਰ ਵਾਧਾ ਕੀਤਾ ਗਿਆ, ਜਿਸ ਦਾ ਵੱਡਾ ਹਿੱਸਾ ਕਸ਼ਮੀਰ, ਪੰਜਾਬ, ਉੱਤਰ ਪੂਰਬੀ ਸੂਬਿਆਂ ਦੀਆਂ ਲੋਕ ਲਹਿਰਾਂ ਨੂੰ ਦਬਾਉਣ ਲਈ ਖਰਚਿਆ ਜਾਂਦਾ ਹੈ। ਸਾਲ 2019-20 ਦੇ ਬਜਟ ਵਿਚ ਫੌਜੀ ਬਜਟ ਵਾਸਤੇ 4,31,010.79 ਕਰੋੜ ਰੁਪਏ ਰੱਖੇ ਗਏ ਜੋ ਕੁੱਲ ਬਜਟ ਦਾ 15.47 ਫੀਸਦ ਬਣਦਾ ਸੀ। 

ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ 21 ਦਿਨਾਂ ਦੇ ਲੰਬੇ ਬੰਦ ਦਾ ਐਲਾਨ ਕੀਤਾ ਤਾਂ ਉਸੇ ਸਮੇਂ ਭਾਰਤ ਵੱਲੋਂ ਇਸਰਾਈਲ ਨਾਲ ਲਾਈਟ ਮਸ਼ੀਨ ਗੰਨਾਂ ਖਰੀਦਣ ਦਾ 880 ਕਰੋੜ ਰੁਪਏ ਦਾ ਸਮਝੌਤਾ ਕੀਤਾ ਗਿਆ। ਨਰਿੰਦਰ ਮੋਦੀ ਨੇ ਇਸ ਲੰਬੇ ਬੰਦ ਦਾ ਐਲਾਨ ਕਰਦਿਆਂ ਸਿਹਤ ਸਹੂਲਤਾਂ ਦੀ ਸਥਾਪਤੀ ਲਈ 15,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਪਰ ਹੁਣ ਖੜ੍ਹੇ ਪੈਰ ਭਾਰਤ ਵਰਗੇ ਭ੍ਰਿਸ਼ਟ ਨਿਜ਼ਾਮ ਵਿਚ ਇਹ ਸੇਵਾਵਾਂ ਮੁਹੱਈਆ ਹੋ ਸਕਣਗੀਆਂ ਇਸ ਬਾਰੇ ਲੋਕਾਂ ਨੂੰ ਯਕੀਨ ਨਹੀਂ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।