ਮਰਿਆਦਾ ਭੁੱਲ ਕੇ ਕੂੜ ਪ੍ਰਚਾਰਕ ਬਣੇ ਨਿਊਜ਼ ਚੈਨਲ
ਬਲਰਾਜ ਸਿੱਧੂ ਐੱਸਪੀ
ਕੁਝ ਇਕ ਨੂੰ ਛੱਡ ਕੇ ਭਾਰਤੀ ਇਲੈਕਟ੍ਰਾਨਿਕ ਮੀਡੀਆ (ਨਿਊਜ਼ ਚੈਨਲ) ਇਸ ਵੇਲੇ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਭਾਰਤ ਦੀ ਡੁੱਬਦੀ ਹੋਈ ਅਰਥ ਵਿਵਸਥਾ, ਰਸਾਤਲ ਵੱਲ ਜਾ ਰਹੀ ਜੀਡੀਪੀ, ਭੁੱਖਮਰੀ, ਗ਼ਰੀਬੀ, ਨਾਬਰਾਬਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਕੋਰੋਨਾ ਆਦਿ ਦੇ ਪ੍ਰਕੋਪ ਨੂੰ ਭੁੱਲ ਕੇ ਅਰਥਹੀਣ ਖ਼ਬਰਾਂ ਦਾ ਕਚੂੰਮਰ ਕੱਢਣ 'ਤੇ ਲੱਗੇ ਹੋਏ ਹਨ। ਪੁਲਵਾਮਾ ਵਿਖੇ (14 ਫਰਵਰੀ 2019) ਸੀਆਰਪੀਐੱਫ 'ਤੇ ਹੋਏ ਫਿਦਾਈਨ ਹਮਲੇ ਅਤੇ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਵੇਲੇ ਤਾਂ ਅਜਿਹੇ ਚੈਨਲਾਂ ਨੇ ਜਨਤਾ ਨੂੰ ਇਹ ਮੰਨਣ ਲਈ ਮਜਬੂਰ ਕਰ ਦਿੱਤਾ ਸੀ ਕਿ ਬਸ ਜੰਗ ਲੱਗੀ ਕਿ ਲੱਗੀ।
ਖ਼ਬਰਾਂ ਵੇਖ ਕੇ ਲੱਗਦਾ ਸੀ ਕਿ ਭਾਰਤੀ ਫ਼ੌਜ ਚੀਨ ਅਤੇ ਪਾਕਿਸਤਾਨ ਵੱਲ ਕੂਚ ਕਰਨ ਲਈ ਬਸ ਚੈਨਲਾਂ ਦੇ ਹੁਕਮਾਂ ਦੀ ਉਡੀਕ ਕਰ ਰਹੀ ਹੈ। ਨਿਊਜ਼ ਐਂਕਰ ਇਸ ਤਰ੍ਹਾਂ ਉੱਛਲ-ਕੁੱਦ ਰਹੇ ਸਨ ਜਿਵੇਂ ਭਾਰਤ ਦੀਆਂ ਅੰਤਰ ਮਹਾਦੀਪੀ ਮਿਜ਼ਾਈਲਾਂ ਦਾ ਕੰਟਰੋਲ ਇਨ੍ਹਾਂ ਦੇ ਹੱਥ 'ਚ ਹੋਵੇ। ਚੀਨ ਨੂੰ ਤਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਾਨਪੁਰ ਦੇ ਬਦਮਾਸ਼ ਵਿਕਾਸ ਦੂਬੇ ਦਾ, ਜਿਸ ਨੇ ਅੱਠ ਪੁਲਿਸ ਵਾਲਿਆਂ ਦੀ ਹੱਤਿਆ ਕਰ ਕੇ ਉਸ ਨੂੰ ਤਬਾਹੀ ਤੋਂ ਬਚਾ ਲਿਆ! ਇਸ ਹੱਤਿਆਕਾਂਡ ਤੋਂ ਬਾਅਦ ਸਾਰੇ ਚੈਨਲਾਂ ਵਾਲੇ ਚੀਨ ਅਤੇ ਪਾਕਿਸਤਾਨ ਨੂੰ ਭੁੱਲ ਕੇ ਵਿਕਾਸ ਦੂਬੇ ਦੇ ਪਿੱਛੇ ਹੱਥ ਧੋ ਕੇ ਪੈ ਗਏ। ਲੋਕਾਂ ਦੀ ਵਿਕਾਸ ਦੂਬੇ ਦੀਆਂ ਖ਼ਬਰਾਂ ਤੋਂ ਉਸ ਵੇਲੇ ਜਾਨ ਛੁੱਟੀ ਜਦੋਂ ਉਸ ਦਾ 10 ਜੁਲਾਈ ਨੂੰ ਇਕ ਪੁਲਿਸ ਮੁਕਾਬਲੇ ਵਿਚ ਅੰਤ ਹੋ ਗਿਆ। ਫਿਰ ਸਾਡੇ ਮਹਾਨਾਇਕ ਅਮਿਤਾਬ ਬੱਚਨ ਅਤੇ ਉਸ ਦੇ ਪਰਿਵਾਰ ਨੂੰ ਕੋਰੋਨਾ ਹੋ ਗਿਆ। ਸਾਰੇ ਚੈਨਲ ਕੈਮਰੇ ਲੈ ਕੇ ਉਸ ਦੇ ਘਰ ਅਤੇ ਹਸਪਤਾਲ ਵਿਚ ਵੜਨ ਤਕ ਪਹੁੰਚ ਗਏ। ਟੀਵੀ 'ਤੇ ਸਿਰਫ਼ ਇਹ ਖ਼ਬਰਾਂ ਆਉਣ ਲੱਗੀਆਂ ਕਿ ਅੱਜ ਅਮਿਤਾਬ ਬੱਚਨ ਨੇ ਥੋੜ੍ਹੇ ਜਿਹੇ ਦਹੀਂ-ਚੌਲ ਖਾਧੇ ਹਨ, ਅੱਜ ਉਸ ਨੇ ਜੂਸ ਪੀਤਾ ਅਤੇ ਅੱਜ ਉਸ ਨੇ ਚਾਰ ਘੰਟੇ ਨੀਂਦ ਲਈ ਹੈ। ਸਾਰੇ ਚੈਨਲਾਂ ਨੂੰ ਇਹ ਪਰੇਸ਼ਾਨੀ ਸੀ ਕਿ ਜਯਾ ਬੱਚਨ ਨੂੰ ਕੋਰੋਨਾ ਕਿਉਂ ਨਹੀਂ ਹੋਇਆ! ਕੀ ਉਸ ਦੀ ਅਮਿਤਾਬ ਬੱਚਨ ਨਾਲ ਨਹੀਂ ਬਣਦੀ? ਨਿਊਜ਼ ਚੈਨਲਾਂ ਦਾ ਸਭ ਤੋਂ ਤਾਜ਼ਾ ਸ਼ਿਕਾਰ ਬਣੀ ਹੈ ਆਤਮ ਹੱਤਿਆ ਕਰਨ ਵਾਲੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ। ਸਵੇਰ ਤੋਂ ਸ਼ਾਮ ਤਕ ਸਾਰੇ ਨਿਊਜ਼ ਚੈਨਲ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਨੂੰ ਹੱਤਿਆ ਦਾ ਰੂਪ ਦੇਣ 'ਚ ਰੁੱਝ ਗਏ ਹਨ। ਬਿਨਾਂ ਮੁਕੱਦਮਾ ਦਰਜ ਹੋਏ ਅਤੇ ਅਦਾਲਤੀ ਕੇਸ ਚੱਲੇ ਰੀਆ ਇਸ ਵੇਲੇ ਹੱਤਿਆ ਦੀ ਮੁਲਜ਼ਮ ਠਹਿਰਾ ਦਿੱਤੀ ਗਈ ਹੈ ਅਤੇ ਚੈਨਲ ਉਸ ਦੇ ਗਲੇ 'ਚ ਫਾਂਸੀ ਦਾ ਫੰਦਾ ਪਾਉਣ ਲਈ ਤਿਆਰ ਹੋਏ ਬੈਠੇ ਹਨ। ਇਕ ਚੈਨਲ ਨੇ ਤਾਂ ਪੱਤਰਕਾਰੀ ਦੀ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਸਾਡੇ ਕੋਲ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਅਜਿਹੀਆਂ ਐਕਸਕਲੂਸਿਵ ਤਸਵੀਰਾਂ ਹਨ ਜੋ ਪਹਿਲਾਂ ਕਦੇ ਵੀ ਵਿਖਾਈਆਂ ਨਹੀਂ ਗਈਆਂ ਅਤੇ ਉਸ ਦੀ ਲਾਸ਼ ਦੀਆਂ ਤਸਵੀਰਾਂ ਚੈਨਲ 'ਤੇ ਵਿਖਾ ਦਿੱਤੀਆਂ।
ਵੇਖ ਕੇ ਮਹਿਸੂਸ ਹੁੰਦਾ ਸੀ ਕਿ ਅਸਲ ਵਿਚ ਇਹ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਨਹੀਂ ਸਗੋਂ ਭਾਰਤੀ ਇਲੈਕਟ੍ਰਾਨਿਕ ਮੀਡੀਆ ਦੇ ਇਕ ਗ਼ੈਰ ਸੰਜੀਦਾ ਵਰਗ ਦੀਆਂ ਤਸਵੀਰਾਂ ਹਨ। ਇਸ ਤੋਂ ਘਿਨੌਣੀ ਕਰਤੂਤ ਅੱਜ ਤਕ ਕਿਸੇ ਨਿਊਜ਼ ਚੈਨਲ ਨੇ ਨਹੀਂ ਕੀਤੀ ਹੋਵੇਗੀ ਕਿ ਪੀੜਤ ਦੀ ਲਾਸ਼ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਇਸ ਸਾਰੇ ਘਟਨਾਚੱਕਰ 'ਚ ਰੀਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੂੰ ਡਰੱਗਜ਼ ਦੇਣ ਵਾਲੀ, ਉਸ ਦੇ ਪੈਸੇ ਹੜੱਪਣ ਵਾਲੀ ਅਤੇ ਕਤਲ ਕਰਨ ਵਾਲੀ ਔਰਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਨਿਊਜ਼ ਚੈਨਲਾਂ ਵਾਲੇ ਦਿਨ-ਰਾਤ ਉਸ ਦੀ ਬਿਲਡਿੰਗ ਦੇ ਬਾਹਰ ਕੈਮਰੇ ਲੈ ਕੇ ਬੈਠੇ ਹੋਏ ਉਸ ਦੇ ਪਰਿਵਾਰ ਨੂੰ ਤੰਗ-ਪਰੇਸ਼ਾਨ ਕਰ ਰਹੇ ਹਨ। ਇੱਥੋਂ ਤਕ ਕਿ ਇਕ ਦਿਨ ਉਨ੍ਹਾਂ ਨੂੰ ਖਾਣਾ ਪਹੁੰਚਾਉਣ ਲਈ ਆਏ ਜ਼ੋਮੈਟੋ ਦੇ ਡਲਿਵਰੀ ਵਾਲੇ ਨੂੰ ਵੀ ਘੇਰ ਲਿਆ ਗਿਆ। ਵਿਚਾਰੇ ਨੇ ਬਹੁਤ ਮੁਸ਼ਕਲ ਨਾਲ ਮੋਟਰਸਾਈਕਲ ਭਜਾ ਕੇ ਖਹਿੜਾ ਛੁਡਾਇਆ। ਚੈਨਲਾਂ ਦੀਆਂ ਇਨ੍ਹਾਂ ਵਧੀਕੀਆਂ ਕਾਰਨ ਪਤਾ ਨਹੀਂ ਰੀਆ ਦੇ ਪਰਿਵਾਰ 'ਤੇ ਕੀ ਗੁਜ਼ਰ ਰਹੀ ਹੋਵੇਗੀ? ਪੇਸ਼ੀ 'ਤੇ ਜਾਂਦੇ ਸਮੇਂ ਇਕ ਦਿਨ ਖਿਝੀ ਤੇ ਘਬਰਾਈ ਹੋਈ ਰੀਆ ਨੇ ਅੰਦਰੋਂ ਆਪਣੀ ਕਾਰ ਦੇ ਬੰਦ ਸ਼ੀਸ਼ੇ 'ਤੇ ਅਰਕ ਮਾਰ ਦਿੱਤੀ ਤਾਂ ਸਾਰਾ ਦਿਨ ਇਹੀ ਵਿਖਾਈ ਗਏ ਕਿ ਇਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇਹ ਅਪਰਾਧੀ ਹੈ ਅਤੇ ਇਸ ਨੇ ਵਿਚਾਰੇ 'ਸ਼ਰੀਫ' ਚੈਨਲ ਵਾਲੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਸਾਰੀਆਂ ਵਾਹਯਾਤ ਹਰਕਤਾਂ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਤਫ਼ਤੀਸ਼ ਕਰ ਰਹੀ ਸੀਬੀਆਈ ਦੀ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਹੀ ਕੀਤੀਆਂ ਜਾ ਰਹੀਆਂ ਹਨ। ਇਹ ਅਜੇ ਸਾਬਤ ਨਹੀਂ ਹੋਇਆ ਕਿ ਰੀਆ ਦੋਸ਼ੀ ਹੈ ਜਾਂ ਨਹੀਂ ਅਤੇ ਕੀ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਵਾਲੇ ਉਸ 'ਤੇ ਬਿਨਾਂ ਵਜ੍ਹਾ ਇਲਜ਼ਾਮ ਲਗਾ ਰਹੇ ਹਨ? ਜੇ ਉਹ ਦੋਸ਼ੀ ਹੋਈ ਤਾਂ ਆਪੇ ਆਪਣਾ ਅੰਜਾਮ ਭੁਗਤ ਲਵੇਗੀ ਜਦਕਿ ਮੀਡੀਆ ਟਰਾਇਲ ਵਿਚ ਤਾਂ ਉਸ ਨੂੰ ਪਹਿਲਾਂ ਹੀ ਦੋਸ਼ੀ ਸਾਬਤ ਵੀ ਕਰ ਦਿੱਤਾ ਗਿਆ ਹੈ। ਜਾਂਚ ਏਜੰਸੀਆਂ ਵੀ ਸ਼ੱਕ ਦੇ ਘੇਰੇ 'ਚ ਆ ਰਹੀਆਂ ਹਨ। ਉਹ ਜਾਣਬੁੱਝ ਕੇ ਜਾਂਚ ਦੇ ਕੁਝ ਸੰਵੇਦਨਸ਼ੀਲ ਹਿੱਸੇ ਜਿਵੇਂ ਰੀਆ ਅਤੇ ਸੁਸ਼ਾਂਤ ਦੀ ਵ੍ਹਟਸਐੱਪ ਚੈਟ, ਆਪਣੇ ਚਹੇਤੇ ਚੈਨਲਾਂ ਨੂੰ ਲੀਕ ਕਰ ਰਹੀਆਂ ਹਨ। ਸੁਸ਼ਾਂਤ ਸਿੰਘ ਰਾਜਪੂਤ ਦੇ ਡਾਕਟਰ ਨੇ ਤਾਂ ਹੋਰ ਵੀ ਕਮਾਲ ਦੀ ਬੇਸ਼ਰਮੀ ਵਿਖਾਈ ਹੈ। ਡਾਕਟਰ-ਮਰੀਜ਼ ਦੀ ਗੁਪਤਤਾ ਦੀ ਸਹੁੰ (ਹਿਪੋਕਰੈਟਿਕ ਓਥ) ਚੁੱਕੀ ਹੋਣ ਦੇ ਬਾਵਜੂਦ ਸ਼ੋਹਰਤ ਦੀ ਭੁੱਖ ਅਤੇ ਟੀਵੀ ਚੈਨਲਾਂ 'ਤੇ ਆਪਣੀ ਸ਼ਕਲ ਵਿਖਾਉਣ ਦੇ ਲਾਲਚ ਵਿਚ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਨਸਿਕ ਤੌਰ 'ਤੇ ਅਸੰਤੁਲਿਤ ਹੋਣ ਅਤੇ ਇਲਾਜ ਦੀ ਸਾਰੀ ਰਿਪੋਰਟ ਹੀ ਚੈਨਲਾਂ ਨੂੰ ਵੇਚ ਦਿੱਤੀ ਹੈ। ਪਤਾ ਨਹੀਂ ਉਸ ਨੇ ਆਪਣੇ ਪੇਸ਼ੇ ਨਾਲ ਗ਼ਦਾਰੀ ਕਰਨ ਦੀ ਕਿੰਨੀ ਕੀਮਤ ਵਸੂਲੀ ਹੋਵੇਗੀ? ਆਪਣੀ ਸਫ਼ਾਈ ਦੇਣ ਲਈ ਰੀਆ ਨੇ ਪਿਛਲੇ ਹਫਤੇ ਇਕ ਭਰੋਸੇਯੋਗ ਸਮਝੇ ਜਾਣ ਵਾਲੇ ਟੀਵੀ ਚੈਨਲ 'ਤੇ ਇੰਟਰਵਿਊ ਦੇ ਕੇ ਮਾਮਲਾ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸਭ ਵੀ ਉਸ ਦੇ ਉਲਟ ਗਿਆ।
ਬਾਕੀ ਸਾਰੇ ਚੈਨਲ ਅਤੇ ਸੋਸ਼ਲ ਮੀਡੀਆ ਵਾਲੇ ਚਾਕੂ ਤਿੱਖੇ ਕਰ ਕੇ ਉਸ ਅਤੇ ਚੈਨਲ ਦੇ ਪਿੱਛੇ ਪੈ ਗਏ ਕਿ ਇਹ ਸਿਰਫ਼ ਹਮਦਰਦੀ ਬਟੋਰਨ ਦਾ ਪਾਖੰਡ ਹੈ। ਰੀਆ ਚੱਕਰਵਰਤੀ ਦੇ ਚਿਹਰੇ 'ਤੇ ਕਿਸੇ ਤਰ੍ਹਾਂ ਦਾ ਦੁੱਖ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਉਸ ਨੇ ਰਵਾਇਤੀ ਸੋਗ ਵਾਲੇ ਕੱਪੜੇ ਪਾਉਣ ਦੀ ਬਜਾਏ ਜੀਨਜ਼-ਟੀ ਸ਼ਰਟ ਪਹਿਨ ਕੇ ਇੰਟਰਵਿਊ ਕਿਉਂ ਦਿੱਤੀ? ਰੀਆ ਚੱਕਰਵਰਤੀ ਨੇ ਲਗਪਗ ਰੋਂਦੇ ਹੋਏ ਦੱਸਿਆ ਕਿ ਕਿਵੇਂ ਚਿੱਕੜ ਉਛਾਲਣ ਵਾਲੇ ਬਿਜਲਈ ਮੀਡੀਆ ਦੇ ਪ੍ਰਚਾਰ ਨੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਹੈ। ਉਹ ਆਪਣੇ ਘਰ ਤੋਂ ਬਾਹਰ ਪੈਰ ਨਹੀਂ ਰੱਖ ਸਕਦੇ ਅਤੇ ਉਸ ਨੂੰ ਲਗਾਤਾਰ ਜਬਰ-ਜਨਾਹ ਅਤੇ ਕਤਲ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਲੈਕਟ੍ਰਾਨਿਕ ਮੀਡੀਆ ਨੇ ਰੀਆ ਚੱਕਰਵਰਤੀ ਨੂੰ ਦੋਸ਼ੀ ਐਲਾਨ ਦਿੱਤਾ ਹੈ ਭਾਵੇਂ ਕਿ ਅਜੇ ਸੀਬੀਆਈ ਦੀ ਜਾਂਚ ਮੁੱਢਲੇ ਪੜਾਅ 'ਤੇ ਹੈ। ਭਾਰਤੀ ਮੀਡੀਆ ਨੇ ਅਜਿਹਾ ਹੀ ਵਿਹਾਰ 2008 ਵਿਚ ਹੋਏ ਅਰੂਸ਼ੀ ਤਲਵਾੜ ਕਤਲ ਕੇਸ ਵਿਚ ਉਸ ਦੀ ਮਾਂ ਨੂਪੂਰ ਤਲਵਾੜ ਨਾਲ ਕੀਤਾ ਸੀ ਜਦੋਂ ਉਸ ਨੇ ਇਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤੀ ਸੀ। ਅਗਲੇ ਦਿਨ ਬਾਕੀ ਨਿਊਜ਼ ਚੈਨਲ ਉਸ ਇੰਟਰਵਿਊ ਦੀਆਂ ਧੱਜੀਆਂ ਉਡਾਉਂਦੇ ਰਹੇ ਕਿ ਉਹ ਜ਼ਿਆਦਾ ਦੁਖੀ ਦਿਖਾਈ ਨਹੀਂ ਦੇ ਰਹੀ ਸੀ ਤੇ ਇੰਟਰਵਿਊ ਦੌਰਾਨ ਇਕ ਵਾਰ ਵੀ ਰੋਈ ਕਿਉਂ ਨਹੀਂ?
ਉਹ ਗੱਲ ਅਲੱਗ ਹੈ ਕਿ ਉਸ ਕੇਸ 'ਚ ਮੀਡੀਆ ਟਰਾਇਲ ਦੇ ਬਾਵਜੂਦ 12 ਅਕਤੂਬਰ 2017 ਨੂੰ ਅਲਾਹਾਬਾਦ ਹਾਈ ਕੋਰਟ ਨੇ ਤਲਵਾੜ ਜੋੜੇ ਨੂੰ ਅਰੂਸ਼ੀ ਕਤਲਕਾਂਡ ਦੇ ਦੋਸ਼ਾਂ 'ਚੋਂ ਬਰੀ ਕਰ ਦਿੱਤਾ ਸੀ। ਤਲਵਾੜ ਜੋੜੇ ਨੂੰ ਕਈ ਮਹੀਨੇ ਜੇਲ੍ਹ ਵਿਚ ਰਹਿਣਾ ਪਿਆ ਸੀ ਅਤੇ ਕੁੜੀਮਾਰ ਹੋਣ ਦੀ ਜੋ ਬਦਨਾਮੀ ਝੱਲਣੀ ਪਈ ਸੋ ਅਲੱਗ। ਵੈਸੇ ਰੀਆ ਚੱਕਰਵਰਤੀ ਦੀ ਦਾਦ ਦੇਣੀ ਬਣਦੀ ਹੈ ਕਿ ਇੰਨਾ ਦਬਾਅ ਝੱਲਣ ਦੇ ਬਾਵਜੂਦ ਉਹ ਚੱਟਾਨ ਵਾਂਗ ਇਸ ਕੂੜ-ਪ੍ਰਚਾਰ ਦਾ ਸਾਹਮਣਾ ਕਰ ਰਹੀ ਹੈ। ਇਸ ਮੌਕੇ ਦਾਅਵੇ ਨਾਲ ਇਹ ਤਾਂ ਨਹੀ ਕਿਹਾ ਜਾ ਸਕਦਾ ਕਿ ਉਹ ਬੇਗੁਨਾਹ ਹੈ ਪਰ ਮੀਡੀਆ ਨੂੰ ਘੱਟੋ-ਘੱਟ ਸੀਬੀਆਈ ਨੂੰ ਤਾਂ ਉਸ ਦਾ ਕੰਮ ਕਰਨ ਦੇਣਾ ਚਾਹੀਦਾ ਹੈ। ਜੇ ਕਿਤੇ ਸੀਬੀਆਈ ਨੇ ਰੀਆ ਨੂੰ ਕਲੀਨ ਚਿੱਟ ਦੇ ਦਿੱਤੀ, ਜਿਸ ਦੀ ਅੱਜ ਦੇ ਹਾਲਾਤ ਮੁਤਾਬਕ ਉਮੀਦ ਘੱਟ ਹੀ ਲੱਗਦੀ ਹੈ ਤਾਂ ਪਤਾ ਨਹੀਂ ਸਾਡਾ ਕਥਿਤ ਦੇਸ਼ ਭਗਤ ਇਲੈਕਟ੍ਰਾਨਿਕ ਮੀਡੀਆ ਸੀਬੀਆਈ ਦਾ ਕੀ ਹਾਲ ਕਰੇਗਾ। ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਕੇਸ 'ਚ ਕੋਈ ਰਾਇ ਬਣਾਉਣ ਤੋਂ ਪਹਿਲਾਂ ਨਿਰਪੱਖ ਮੀਡੀਆ ਰਿਪੋਰਟਾਂ ਜ਼ਰੂਰ ਦੇਖਣ-ਸੁਣਨ ਅਤੇ ਪੜ੍ਹਨ।
Comments (0)