ਗੁਰੂ ਗ੍ਰੰਥ ਸਾਹਿਬ ਨੂੰ ਵਿਸਾਰ ਕੇ ਪੰਜਾਬ ਦੇ ਸੁਪਨੇ ਸਾਕਾਰ ਨਹੀਂ ਕੀਤੇ ਜਾ ਸਕਣਗੇ

ਗੁਰੂ ਗ੍ਰੰਥ ਸਾਹਿਬ ਨੂੰ ਵਿਸਾਰ ਕੇ ਪੰਜਾਬ ਦੇ ਸੁਪਨੇ ਸਾਕਾਰ ਨਹੀਂ ਕੀਤੇ ਜਾ ਸਕਣਗੇ

ਡਾ. ਅਰਵਿੰਦਰ ਸਿੰਘ

ਮੌਜੂਦਾ ਸਮੇਂ ਇਕ ਅਜਿਹੇ ਚੌਰਾਹੇ 'ਤੇ ਖੜ੍ਹੀ ਦਿਸ ਰਹੀ ਹੈ ਜਿੱਥੇ ਉਸ ਨੂੰ ਅਗਵਾਈ ਦੇਣ ਵਾਲੇ ਰਾਜਨੀਤਕ ਨੇਤਾਵਾਂ ਕੋਲ ਨਾ ਤਾਂ ਕੋਈ ਠੋਸ ਪੰਥਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਏਜੰਡਾ ਹੈ ਅਤੇ ਨਾ ਹੀ ਕੋਈ ਦੂਰਅੰਦੇਸ਼ੀ ਵਾਲੀ ਸੋਚ ਹੈ। ਨਾ ਉਨ੍ਹਾਂ ਕੋਲ ਉਹ ਉੱਚਾ ਤੇ ਸੁੱਚਾ ਪੰਥਕ ਕਿਰਦਾਰ ਹੈ ਜਿਸ ਨੂੰ ਦੇਖ ਕੇ ਪੰਥ ਉਨ੍ਹਾਂ 'ਤੇ ਯਕੀਨ ਕਰ ਸਕੇ। ਉਹ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ, ਸਿਆਸੀ ਤੌਰ 'ਤੇ ਆਪਣੇ ਕੱਦ ਨੂੰ ਉੱਚਾ ਚੁੱਕਣ ਅਤੇ ਆਪਣੇ ਸੌੜੇ ਹਿੱਤਾਂ ਨੂੰ ਪੰਥਕ ਰੰਗਤ ਦੇ ਕੇ ਅਜਿਹੇ ਰਸਤੇ 'ਤੇ ਤੋਰ ਦਿੰਦੇ ਹਨ ਜਿੱਥੇ ਪੰਥ ਖ਼ੁਦ ਨੂੰ ਦੁਚਿੱਤੀ, ਬੇਲੋੜੇ ਵਾਦ-ਵਿਵਾਦਾਂ ਤੇ ਦਿਸ਼ਾਹੀਣ ਸਥਿਤੀ ਵਿਚ ਉਲਝਿਆ ਹੋਇਆ ਮਹਿਸੂਸ ਕਰਦਾ ਹੈ। ਸਾਡਾ ਬੁੱਧੀਜੀਵੀ ਵਰਗ ਤੇ ਪੰਥ ਦਰਦੀ ਹੋਣ ਦਾ ਦਿਖਾਵਾ ਕਰ ਰਹੇ ਪ੍ਰਚਾਰਕਾਂ ਦੀ ਭੂਮਿਕਾ ਵੀ ਸ਼ੱਕੀ ਹੈ। ਇਹ ਲੋਕ ਪੰਥ ਨੂੰ ਬੌਧਿਕ ਪੱਧਰ 'ਤੇ ਗੁਮਰਾਹ ਕਰਦੇ ਹਨ। ਅਜਿਹੇ ਅਖੌਤੀ ਵਿਦਵਾਨ ਸਿੱਖ ਪਰੰਪਰਾਵਾਂ, ਸਿੱਖ ਇਤਿਹਾਸ ਤੇ ਗੁਰਮਤਿ ਸਿਧਾਂਤਾਂ ਤੋਂ ਅਕਸਰ ਨਾਵਾਕਿਫ਼ ਪ੍ਰਤੀਤ ਹੁੰਦੇ ਹਨ। ਅੱਜ ਸਾਨੂੰ ਸੰਗਤੀ ਰੂਪ ਵਿਚ ਪੰਥਕ ਪੱਧਰ 'ਤੇ ਇਹ ਸਮਝਣ ਤੇ ਵਿਚਾਰਨ ਦੀ ਬੇਹੱਦ ਜ਼ਰੂਰਤ ਹੈ ਕਿ ਅਸੀਂ ਉਸ ਯੁੱਗ 'ਚ ਜੀਅ ਰਹੇ ਹਾਂ ਜਿੱਥੇ ਸਾਡਾ ਹਰ ਵਾਕ, ਹਰ ਅਮਲ ਤੇ ਹਰ ਕਿਰਿਆ-ਪ੍ਰਤੀਕਿਰਿਆ ਪਲਕ ਝਪਕਦਿਆਂ ਹੀ ਸਮੁੱਚੇ ਸੰਸਾਰ ਤਕ ਪਹੁੰਚ ਜਾਂਦੀ ਹੈ।

ਸੂਚਨਾ-ਸੰਚਾਰ ਤੇ ਤਕਨੀਕ ਦੇ ਇਸ ਦੌਰ ਵਿਚ ਅਸੀਂ ਆਪਣਾ ਪੱਖ ਸੁਲਝੇ ਹੋਏ ਢੰਗ ਨਾਲ ਸੱਭਿਅਕ ਤਰੀਕੇ ਅਪਣਾ ਕੇ ਅਤੇ ਮਰਿਆਦਾਵਾਂ ਨੂੰ ਭੰਗ ਕੀਤੇ ਬਿਨਾਂ ਵੀ ਰੱਖ ਸਕਦੇ ਹਾਂ। ਸਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੋਣਾ ਚਾਹੀਦਾ ਹੈ ਕਿ ਗ਼ੈਰ-ਜ਼ਿੰਮੇਵਾਰਾਨਾ, ਹੁੱਲੜਬਾਜ਼ ਤੇ ਗ਼ੈਰ ਸੰਜੀਦਾ ਵਿਵਹਾਰ ਰਾਹੀਂ ਅਸੀਂ ਆਪਣੀ ਸਹੀ ਗੱਲ ਨੂੰ ਕਦੇ ਵੀ ਸਹੀ ਸਾਬਤ ਨਹੀਂ ਕਰ ਪਾਵਾਂਗੇ। ਸਾਨੂੰ ਹਰ ਸਮੇਂ ਇਸ ਗੱਲ ਦਾ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਹਰੇਕ ਯੁੱਗ ਦੇ ਆਪਣੇ ਤੌਰ-ਤਰੀਕੇ ਅਤੇ ਤਕਾਜ਼ੇ ਹੁੰਦੇ ਹਨ। ਖੰਡੇ ਦੇ ਵਾਰ ਦਾ ਜਵਾਬ ਖੰਡੇ ਨਾਲ, ਵਿਰੋਧੀ ਵਿਚਾਰ ਨੂੰ ਵਿਦਵਤਾ ਨਾਲ ਅਤੇ ਤਕਰਾਰ ਵਾਲੀ ਸਥਿਤੀ ਦਾ ਮੁਕਾਬਲਾ ਹਾਂ-ਪੱਖੀ ਤੇ ਸੰਤੁਲਿਤ ਸੰਵਾਦ ਰਚਾ ਕੇ ਕਰਨਾ ਚਾਹੀਦਾ ਹੈ। ਸਿੱਖ ਨੌਜਵਾਨ ਪੀੜ੍ਹੀ ਨੂੰ ਆਪਣੇ ਅਤੇ ਆਪਣੇ ਗੁਰੂ 'ਤੇ ਅਡੋਲ ਵਿਸ਼ਵਾਸ ਰੱਖਦੇ ਹੋਏ ਇਕਾਗਰਤਾ ਨਾਲ ਬਾਣੀ ਅਤੇ ਬਾਣੇ ਨਾਲ ਜੁੜ ਕੇ ਸਖ਼ਤ ਮਿਹਨਤ, ਲਗਨ, ਸਿਰੜ ਤੇ ਸਿਦਕ ਨਾਲ ਵਿੱਦਿਅਕ, ਵਿਗਿਆਨ, ਤਕਨੀਕ, ਵਪਾਰ, ਖੇਤੀਬਾੜੀ, ਉਦਯੋਗਿਕ, ਪ੍ਰਸ਼ਾਸਨਿਕ, ਫ਼ੌਜ ਆਦਿ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨੀਆਂ ਚਾਹੀਦੀਆਂ ਹਨ। ਗੁਰੂ ਸਾਹਿਬਾਨ ਦੇ ਦੱਸੇ ਰਾਹ 'ਤੇ ਚੱਲਦਿਆਾਂ ਸਾਡੀ ਪਾਕ-ਪਵਿੱਤਰ ਜੀਵਨ ਸ਼ੈਲੀ, ਉੱਚਾ-ਸੁੱਚਾ ਕਿਰਦਾਰ, ਚੰਗੇ ਅਮਲ, ਅੰਬਰਾਂ ਤੋਂ ਬੁਲੰਦ ਸੋਚ ਅਤੇ ਹੌਸਲਾ ਅਤੇ ਸਾਗਰ ਤੋਂ ਵੀ ਡੂੰਘਾ ਗਿਆਨ ਸਾਡੀ ਪਛਾਣ ਬਣੇ। ਸਾਨੂੰ ਆਪਣੇ ਹਿੱਤਾਂ ਨੂੰ ਕਿਸੇ ਇਕ ਖ਼ਾਸ ਜਾਤੀ, ਖਿੱਤੇ, ਕਿੱਤੇ, ਭਾਸ਼ਾਈ ਤੇ ਧਾਰਮਿਕ ਸਮੂਹ ਦੇ ਨਾਲ ਜੋੜ ਕੇ ਪੇਸ਼ ਕਰਨ ਦੀ ਥਾਂ ਇਕ ਅਜਿਹੇ ਸੰਵਾਦ ਰਾਹੀਂ ਪੇਸ਼ ਕਰਨ ਦੀ ਲੋੜ ਹੈ ਕਿ ਜਿਸ ਨਾਲ ਪੰਥ ਦੇ ਹਿੱਤ ਵੀ ਸਭ ਨੂੰ ਆਪਣੇ ਲੱਗਣ। ਹਰ ਕੋਈ ਜਾਤ, ਧਰਮ, ਭਾਸ਼ਾ ਤੇ ਇਲਾਕੇ ਦੇ ਸੰਕੀਰਨ ਦਾਇਰਿਆਂ ਤੋਂ ਉਪਰ ਉੱਠੇ। ਸਾਡੇ ਪੰਥਕ ਨੇਤਾਵਾਂ ਦੀ ਇਹ ਰਾਜਨੀਤਕ ਨਾਸਮਝੀ ਹੀ ਕਹੀ ਜਾ ਸਕਦੀ ਹੈ ਕਿ ਪਿਛਲੇ ਸਮਿਆਂ ਵਿਚ ਹਰ ਮੁਹਾਜ਼ 'ਤੇ ਉਹ ਪੰਥ ਦਾ ਪੱਖ ਪੂਰਨ ਦਾ ਸਵਾਂਗ ਰਚਾਉਂਦੇ ਹੋਏ ਤਾਂ ਜ਼ਰੂਰ ਦਿਖੇ ਪਰ ਨਾ ਤਾਂ ਉਹ ਸਿੱਖਾਂ ਨੂੰ ਇਕ ਸਾਂਝੇ ਮੰਚ 'ਤੇ ਇਕੱਠਾ ਕਰ ਸਕੇ ਅਤੇ ਨਾ ਹੀ ਸਮੂਹ ਗ਼ੈਰ ਸਿੱਖ ਪੰਜਾਬੀਆਂ ਨੂੰ ਨਾਲ ਜੋੜ ਸਕੇ। ਪੰਥ ਦੀ ਗੱਲ ਕਰਦਿਆਂ ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਰਹਿੰਦਾ ਕਿ ਪੰਜਾਬ ਵਿਚ ਸਾਡੇ ਤੋਂ ਬਿਨਾਂ ਵੱਖੋ-ਵੱਖ ਮਜ਼ਹਬਾਂ, ਜਾਤਾਂ, ਫਿਰਕਿਆਂ ਆਦਿ ਨਾਲ ਸਬੰਧਤ ਲੋਕ ਵੀ ਰਹਿੰਦੇ ਹਨ। ਕਦੇ ਗ਼ੈਰਾਂ ਤੇ ਕਦੇ ਆਪਣਿਆਂ ਹੱਥੋਂ 1849, 1947 ਤੇ 1966 ਵਿਚ ਪੰਜਾਬ ਨੂੰ ਭੂਗੋਲਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਭਾਸ਼ਾਈ ਤੇ ਆਰਥਿਕ ਤੌਰ 'ਤੇ ਬਰਬਾਦ ਕਰ ਕੇ ਵੀ ਅਸੀਂ ਪੰਜਾਬੀਆਂ ਨੇ ਅਜੇ ਤਕ ਕੋਈ ਸਬਕ ਨਹੀਂ ਸਿੱਖਿਆ।

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੰਕਲਪ ਨੂੰ ਧਿਆਨ ਵਿਚ ਰੱਖੇ ਬਿਨਾਂ ਜਦੋਂ ਵੀ ਕੋਈ ਗੁੱਟ ਜਾਂ ਸਮੂਹ ਭਾਵੇਂ ਉਸ ਦਾ ਸਬੰਧ ਕਿਸੇ ਵੀ ਮਜ਼ਹਬ, ਜਾਤ-ਬਰਾਦਰੀ, ਕੌਮ, ਭਾਸ਼ਾ, ਕਿੱਤੇ ਆਦਿ ਨਾਲ ਕਿਉਂ ਨਾ ਹੋਵੇ, ਉਹ ਕਿਸੇ ਨਾ ਕਿਸੇ ਰੂਪ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਮੂਹਿਕ ਹਿੱਤਾਂ ਨੂੰ ਨੁਕਸਾਨ ਹੀ ਪਹੁੰਚਾਏਗਾ। ਗੁਰੂ ਨਾਨਕ ਦੇ ਇਲਾਹੀ ਸੰਦੇਸ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਵਿਸਾਰ ਕੇ ਕਦੇ ਵੀ ਅਸੀਂ ਉਸ ਪੰਜਾਬ ਦੇ ਸੁਪਨੇ ਨੂੰ ਸਾਕਾਰ ਨਹੀਂ ਕਰ ਸਕਾਂਗੇ ਜਿਸ ਪੰਜਾਬ 'ਤੇ ਹਰ ਧਰਮ, ਭਾਸ਼ਾ, ਬੋਲੀ, ਜਾਤ, ਫਿਰਕੇ, ਕਿੱਤੇ ਆਦਿ ਨਾਲ ਸਬੰਧਤ ਵਿਅਕਤੀ ਕੁਰਬਾਨ ਹੋਣ ਤੋਂ ਵੀ ਗੁਰੇਜ਼ ਨਾ ਕਰੇ। ਆਖ਼ਰ ਕਦੋਂ ਤਕ ਅਸੀਂ ਆਪਣੇ ਪੁਰਖਿਆਂ ਦੀਆਂ ਘਾਲਣਾਵਾਂ, ਸੰਘਰਸ਼ਾਂ, ਕੁਰਬਾਨੀਆਂ ਤੇ ਪ੍ਰਾਪਤੀਆਂ ਨੂੰ ਢਾਲ ਬਣਾ ਕੇ ਖ਼ੁਦ ਕੋਈ ਨਵਾਂ ਜਾਂ ਬੇਮਿਸਾਲ ਕਰਨ ਤੋਂ ਝਿਜਕਦੇ ਰਹਾਂਗੇ? ਕਦੋਂ ਤਕ ਅਸੀਂ ਆਪਣੀਆਂ ਅਸਫਲਤਾਵਾਂ ਦਾ ਠੀਕਰਾ ਦੂਜਿਆਂ ਦੇ ਸਿਰ ਭੰਨਦੇ ਰਹਾਂਗੇ? ਆਖ਼ਰ ਕਦੋਂ ਤਕ ਲਹਿਰਾਂ-ਬਹਿਰਾਂ ਵਾਲੇ ਪੰਜਾਬ ਦੀ ਭਾਲ ਕਰਨ ਦੀ ਬਜਾਏ ਅਸੀਂ ਬਚੇ-ਖੁਚੇ ਪੰਜਾਬ ਨੂੰ ਜਾਤ, ਧਰਮ, ਭਾਸ਼ਾ ਆਦਿ ਦੇ ਆਧਾਰ 'ਤੇ ਬਰਬਾਦ ਹੁੰਦਾ ਚੁੱਪਚਾਪ ਦੇਖਦੇ ਰਹਾਂਗੇ! ਹਰੇਕ ਪੰਜਾਬੀ ਨੂੰ ਪੰਜਾਬੀ ਬੋਲੀ, ਪੌਣ-ਪਾਣੀ, ਧਰਤੀ, ਆਰਥਿਕਤਾ, ਜਵਾਨੀ, ਸੱਭਿਆਚਾਰ ਦੀ ਸੰਭਾਲ ਲਈ ਤਰੱਦਦ ਕਰਨਾ ਚਾਹੀਦਾ ਹੈ।