ਨੇਵੀ ਅਤੇ ਫ਼ੌਜ ਵਿਚ ਵੀ ਹਿੰਦੂਤਵ ਸੋਚ ਨੂੰ ਲਾਗੂ ਕਰਕੇ ਹੁਕਮਰਾਨ ਫ਼ੌਜੀ ਅਨੁਸਾਸਨ ਦਾ ਉਡਾਅ ਰਹੇ ਹਨ ਮਜਾਕ: ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 5 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਸਮੁੱਚੇ ਇੰਡੀਆ ਮੁਲਕ ਦੇ ਹਰ ਖੇਤਰ ਵਿਚ ਹੁਕਮਰਾਨਾਂ ਨੇ ਸਭ ਵਿਧਾਨਿਕ, ਕਾਨੂੰਨੀ, ਸਮਾਜਿਕ ਕਦਰਾਂ ਕੀਮਤਾਂ ਦਾ ਘਾਣ ਕਰਕੇ ਅਤੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਢਾਹਕੇ ਇਥੇ ਹਿੰਦੂਤਵ ਰਾਸਟਰ ਕਾਇਮ ਕਰਨ ਲਈ ਅਮਲ ਕਰ ਰਹੇ ਹਨ । ਹੁਣ ਤਾਂ ਹੁਕਮਰਾਨਾਂ ਵੱਲੋ ਇੰਡੀਆਂ ਦੀਆਂ ਫ਼ੌਜਾਂ ਜਿਨ੍ਹਾਂ ਵਿਚ ਨੇਵੀ, ਏਅਰਫੋਰਸ ਅਤੇ ਥਲ ਸੈਨਾ ਨੂੰ ਵੀ ਬਖਸਿਆ ਨਹੀ ਗਿਆ । ਅੱਜ ਦੇ ਪੇਪਰਾਂ ਵਿਚ ਜੋ ਨੇਵੀ ਦੇ ਅਫਸਰਾਂ ਨੇ ਕੁੜਤੇ ਪਜਾਮੇ ਪਾ ਕੇ ਨੇਵੀ ਦੀ ਮੈਸ ਵਿਚ ਖੜ੍ਹੇ ਦਿਖਾਈ ਦੇ ਰਹੇ ਹਨ, ਇਹ ਆਦੇਸ ਵੀ ਹਿੰਦੂਤਵ ਮੋਦੀ ਹਕੂਮਤ ਦੇ ਹਿੰਦੂਵਾਦੀ ਹੁਕਮਾਂ ਦੀ ਗੱਲ ਹੈ । ਜਿਸ ਨਾਲ ਫ਼ੌਜਾਂ ਵਿਚ ਵੀ ਅਨੁਸਾਸਨ ਬਿਲਕੁਲ ਖਤਮ ਹੋ ਜਾਵੇਗਾ ਅਤੇ ਇਥੇ ਮੁਲਕ ਦੇ ਅੰਦਰੂਨੀ ਹਾਲਾਤਾਂ ਤੇ ਫ਼ੌਜ ਦੇ ਹਾਲਾਤ ਵਿਸਫੋਟਕ ਬਣ ਜਾਣਗੇ । ਜੋ ਕਿ ਇਥੋ ਦੇ ਸੂਝਵਾਨ, ਵਿਦਵਾਨਾਂ ਅਤੇ ਬੁੱਧੀਜੀਵੀਆਂ ਦੇ ਆਉਣ ਵਾਲੇ ਸਮੇ ਲਈ ਵੱਡੇ ਖਤਰੇ ਦੀ ਘੰਟੀ ਨੂੰ ਜਾਹਰ ਕਰ ਰਿਹਾ ਹੈ। ਇਸ ਨਾਲ ਫ਼ੌਜ ਦੇ ਅਫਸਰਾਂ ਦੇ ਮਾਣ ਸਨਮਾਨ ਵੀ ਖਤਮ ਹੋ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨੇਵੀ ਫ਼ੌਜ ਦੇ ਅਫਸਰਾਂ ਨੂੰ ਮੈਸ ਵਿਚ ਕੁੜਤੇ ਪਜਾਮੇ ਪਾ ਕੇ ਆਉਣ ਅਤੇ ਚੱਪਲਾਂ ਪਹਿਨਣ ਦੀ ਸੁਰੂ ਕੀਤੀ ਗਈ ਜਦੋਕਿ ਇਹ ਤਾਂ ਇਕ ਨਾਇਟਸੂਟ ਵਾਲੇ ਬਸਤਰ ਹਨ, ਦੀ ਰਵਾਇਤ ਨੂੰ ਅਤਿ ਦੁੱਖਦਾਇਕ ਅਤੇ ਅਨੁਸਾਸਨਹੀਣਤਾਂ ਦੀ ਵੱਡੀ ਉਦਾਹਰਣ ਕਰਾਰ ਦਿੰਦੇ ਹੋਏ ਹੁਕਮਰਾਨਾਂ ਦੇ ਇਸ ਅਮਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਹਿਲਾ ਵੀ ਹੁਕਮਰਾਨਾਂ ਨੇ ਸੇਖਚਿਲੀ ਦੀ ਤਰ੍ਹਾਂ ਫ਼ੌਜ ਵਿਚ 4 ਸਾਲ ਲਈ ਅਗਨੀਵੀਰ ਭਰਤੀ ਦੀ ਸੁਰੂਆਤ ਕਰਕੇ ਫ਼ੌਜੀ ਅਨੁਸਾਸਨ ਅਤੇ ਫ਼ੌਜੀ ਨਿਯਮਾਂ, ਅਸੂਲਾਂ ਦਾ ਘਾਣ ਕੀਤਾ ਸੀ । ਜਦੋਕਿ 4 ਸਾਲਾਂ ਵਿਚ ਤਾਂ ਇਕ ਫ਼ੌਜੀ ਨੂੰ ਫ਼ੌਜੀ ਹਥਿਆਰਾਂ ਦੀ ਟ੍ਰੇਨਿੰਗ ਵੀ ਪੂਰੀ ਨਹੀ ਦਿੱਤੀ ਜਾ ਸਕਦੀ । ਇਹ ਅਮਲ ਫ਼ੌਜ ਦੇ ਲੰਮੇ ਸਮੇ ਤੋ ਬਣੇ ਇਖਲਾਕੀ ਮਿਆਰ, ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਹਨ । ਅਸੀ ਇਹ ਮਹਿਸੂਸ ਕਰਦੇ ਹਾਂ ਕਿ ਹਿੰਦੂਤਵ ਹੁਕਮਰਾਨਾਂ ਵੱਲੋ ਫ਼ੌਜ ਦੀ ਮੈਸ ਵਿਚ ਅਫਸਰਾਂ ਨੂੰ ਪਾਨ ਦੇ ਪੱਤੇ ਚਬਾਉਣ ਅਤੇ ਥੁੱਕਣ ਦੀ ਇਜਾਜਤ ਵੀ ਦੇ ਦੇਣਗੇ ਅਤੇ ਬਾਅਦ ਵਿਚ ਇਹ ਮੈਸ ਵਿਚ ਬੀੜੀ ਸਿਗਰਟਾਂ ਪੀਣਾਂ ਵੀ ਸੁਰੂ ਕਰਵਾ ਦੇਣਗੇ ਜੋ ਕਿ ਅਨੁਸਾਸਨ ਦੇ ਨਾਮ ਉਤੇ ਇੰਡੀਅਨ ਫ਼ੌਜ ਵਿਚ ਬਹੁਤ ਵੱਡਾ ਧੱਬਾ ਹੋਵੇਗਾ । ਉਨ੍ਹਾਂ ਕਿਹਾ ਕਿ ਜੋ ਸਮੁੰਦਰੀ ਜਹਾਜ ਦਾ ਚਾਲਕ ਹੁੰਦਾ ਹੈ ਉਹ ਇਕ ਪਲ ਲਈ ਵੀ ਇੱਧਰ ਉੱਧਰ ਕੋਈ ਅਣਗਹਿਲੀ ਨਹੀ ਕਰ ਸਕਦਾ । ਲੇਕਿਨ ਅਜਿਹੀ ਖੁੱਲ੍ਹੇ ਕੱਪੜੇ ਪਾਉਣ ਦੀ ਜੋ ਇਜਾਜਤ ਦਿੱਤੀ ਜਾ ਰਹੀ ਹੈ ਇਹ ਤਾਂ ਫਿਰ ਆਉਣ ਵਾਲੇ ਸਮੇ ਵਿਚ ਧੋਤੀ ਪਵਾਉਣ ਦੇ ਹੁਕਮ ਵੀ ਕਰ ਦੇਣਗੇ ਜੋ ਕਿ ਫ਼ੌਜ ਦੇ ਫਖਰ ਵਾਲੇ ਨਿਯਮਾਂ ਅਸੂਲਾਂ ਦਾ ਬਿਲਕੁਲ ਘਾਣ ਕਰਨ ਦੇ ਤੁੱਲ ਕਾਰਵਾਈਆ ਹੋਣਗੀਆ।
Comments (0)