ਗੁਜਰਾਤ ਦਾ ਸਮੁੰਦਰੀ ਤੱਟ ਨਸ਼ੀਲੇ ਪਦਾਰਥਾਂ ਦਾ ਵੱਡਾ ਅੱਡਾ

ਗੁਜਰਾਤ ਦਾ ਸਮੁੰਦਰੀ ਤੱਟ ਨਸ਼ੀਲੇ ਪਦਾਰਥਾਂ ਦਾ ਵੱਡਾ ਅੱਡਾ

5 ਵਿਦੇਸ਼ੀ 3300 ਕਿਲੋ ਨਸ਼ੀਲੇ ਪਦਾਰਥ ਸਮੇਤ ਫੜੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਗੁਜਰਾਤ-ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸਾਂਝੇ ਅਪਰੇਸ਼ਨ ਵਿੱਚ ਗੁਜਰਾਤ ਤੱਟ ਤੋਂ ਇਰਾਨੀ ਕਿਸ਼ਤੀ ਵਿੱਚੋਂ ਪੰਜ ਵਿਦੇਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3,300 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਜਲ ਸੈਨਾ, ਗੁਜਰਾਤ ਐਂਟੀ ਟੈਰਰਿਸਟ ਸਕੁਐਡ ਅਤੇ ਐੱਨਸੀਬੀ ਦਾ ਇਹ ਸੰਯੁਕਤ ਅਪਰੇਸ਼ਨ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈਐੱਮਬੀਐੱਲ) ਦੇ ਨਾਲ ਲੱਗਦੇ ਅਰਬ ਸਾਗਰ ਵਿੱਚ ਚਲਾਇਆ ਗਿਆ ਸੀ। ਜ਼ਬਤ ਕੀਤੀ ਖੇਪ ਵਿੱਚ ਚਰਸ, ਮੈਥਾਮਫੇਟਾਮਾਈਨ ਅਤੇ ਮੋਰਫਿਨ ਸ਼ਾਮਲ ਹੈ, ਜੋ ਭਾਰਤ ਵਿੱਚ ਪਾਬੰਦੀਸ਼ੁਦਾ ਹਨ। ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਵਿੱਚ 3,089 ਕਿਲੋਗ੍ਰਾਮ ਚਰਸ, 158 ਕਿਲੋਗ੍ਰਾਮ 'ਮੈਥਾਮਫੇਟਾਮਾਈਨ' ਅਤੇ 25 ਕਿਲੋਗ੍ਰਾਮ 'ਮੋਰਫਿਨ' ਸ਼ਾਮਲ ਹੈ

ਗੁਜਰਾਤ 'ਚ ਨਸ਼ੀਲੇ ਪਦਾਰਥਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਨੇ ਜਿੱਥੇ ਇਕ ਪਾਸੇ ਦੇਸ਼ 'ਚ ਵਿਦੇਸ਼ੀ ਸ਼ਹਿ 'ਤੇ ਹੋ ਰਹੀ ਤਸਕਰੀ ਦਾ ਭਾਂਡਾ ਭੰਨਿਆ ਹੈ, ਉੱਥੇ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਨਸ਼ਿਆਂ ਦੇ ਕਾਰੋਬਾਰ ਵੱਡੇ ਪੱਧਰ 'ਤੇ ਜਾਰੀ ਰਹਿਣ ਦਾ ਵੀ ਖ਼ੁਲਾਸਾ ਕੀਤਾ ਹੈ। ਭਾਰਤ ਵਿਚ ਇਹ ਪਹਿਲੀ ਵਾਰ ਹੈ ਕਿ ਏਨੀ ਵੱਡੀ ਮਾਤਰਾ 'ਵਿਚ ਨਸ਼ੀਲੇ ਪਦਾਰਥ ਫੜੇ ਗਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਜਲ ਸੈਨਾ ਦੀ ਮਦਦ ਨਾਲ ਐਨ.ਸੀ.ਬੀ. ਨੇ 2500 ਕਿੱਲੋ ਦੀ ਖੇਪ ਬਰਾਮਦ ਕੀਤੀ ਸੀ। ਇਸ ਕਿਸ਼ਤੀ ਨੂੰ ਫੜਨ ਲਈ ਵੀ ਐਨ.ਸੀ.ਬੀ. ਅਤੇ ਜਲ ਸੈਨਾ ਦੀਆਂ ਕਿਸ਼ਤੀਆਂ ਅਤੇ ਹੈਲੀਕਾਪਟਰਾਂ ਦੀ ਮਦਦ ਲਈ ਗਈ ਸੀ। ਇਨ੍ਹਾਂ ਸਾਰੇ ਪਦਾਰਥਾਂ ਦੀ ਬਾਜ਼ਾਰੀ ਕੀਮਤ 1300 ਕਰੋੜ ਰੁਪਏ ਤੋਂ 2000 ਕਰੋੜ ਰੁਪਏ ਤੱਕ ਦੱਸੀ ਜਾ ਰਹੀ ਹੈ। ਇਸ ਦੌਰਾਨ ਕਿਸ਼ਤੀ 'ਤੇ ਸਵਾਰ ਜਿਨ੍ਹਾਂ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਮੁਢਲੀ ਜਾਂਚ 'ਚ ਉਨ੍ਹਾਂ ਦੇ ਪਾਕਿਸਤਾਨੀ ਜਾਂ ਈਰਾਨੀ ਮੂਲ ਦੇ ਨਾਗਰਿਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਫਿਲਹਾਲ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਵਿਆਪਕ ਤੌਰ 'ਤੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਬੇਸ਼ੱਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਰਾਮਦਗੀ ਨੂੰ ਦੇਸ਼ ਨੂੰ ਨਸ਼ਾ-ਮੁਕਤ ਕਰਨ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਅਤੇ ਉਨ੍ਹਾਂ ਦੇ ਸੰਕਲਪ ਦਾ ਇਕ ਹਿੱਸਾ ਦੱਸਿਆ ਹੈ, ਪਰ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਨਸ਼ੇ ਦੇ ਪ੍ਰਸਾਰ ਅਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਸੰਬੰਧਿਤ ਇਕ ਬਹੁਤ ਵਿਆਪਕ ਜਾਲ ਭਾਰਤ ਵਿਚ ਫੈਲਿਆ ਹੋਇਆ ਹੈ ਅਤੇ ਇਸ ਦਾ ਨੈੱਟਵਰਕ ਵਿਦੇਸ਼ੀ ਧਰਤੀ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਵਪਾਰਕ ਕੰਮਾਂ ਦੀ ਆੜ ਵਿਚ ਭਾਰਤ ਦੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋਣ ਦੀ ਵੱਡੀ ਸੰਭਾਵਨਾ ਹੈ।

ਬਿਨਾਂ ਸ਼ੱਕ ਦੇਸ਼ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜਿਆ ਅਪਰਾਧਕ ਤੰਤਰ ਵਿਆਪਕ ਤੌਰ 'ਤੇ ਸਰਗਰਮ ਹੈ। ਇਸ ਤੰਤਰ ਦੀਆਂ ਤਾਰਾਂ ਦੇਸ਼ ਦੀਆਂ ਕੁਝ ਵਿਦੇਸ਼ੀ ਤਾਕਤਾਂ ਨਾਲ ਵੀ ਜੁੜੀਆਂ ਹੋਈਆਂ ਹਨ ਅਤੇ ਇਹ ਪੂਰਾ ਕਾਰੋਬਾਰ ਪਾਕਿਸਤਾਨ ਅਤੇ ਈਰਾਨ ਦੀਆਂ ਸਰਹੱਦਾਂ ਰਾਹੀਂ ਹੁੰਦਾ ਹੈ। ਗੁਜਰਾਤ ਅਤੇ ਮੁੰਬਈ ਦੇ ਤੱਟਾਂ 'ਤੇ ਸਮੁੰਦਰੀ ਮਾਰਗ ਰਾਹੀਂ ਪਹੁੰਚੀ ਇਹ ਖੇਪ ਵੱਖ-ਵੱਖ ਹਿੱਸਿਆਂ 'ਚ ਵੰਡ ਕੇ ਦੇਸ਼ ਦੇ ਕਈ ਸੂਬਿਆਂ ਤਕ ਪਹੁੰਚਾਈ ਗਈ ਸੀ। ਇਨ੍ਹਾਂ ਵਿਚੋਂ ਪੰਜਾਬ ਵੀ ਨਸ਼ਿਆਂ ਦਾ ਇਕ ਵੱਡਾ ਖ਼ਪਤਕਾਰੀ ਸੂਬਾ ਬਣ ਚੁੱਕਾ ਹੈ। ਪੰਜਾਬ ਦੇ ਅੰਮ੍ਰਿਤਸਰ, ਬਟਾਲਾ ਅਤੇ ਫ਼ਤਹਿਗੜ੍ਹ ਸਾਹਿਬ 'ਚ ਇਕ ਹੀ ਦਿਨ 'ਚ ਕਈ ਛਾਪੇਮਾਰੀਆਂ ਦੌਰਾਨ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਜਿਹਾ ਹੀ ਦਰਸਾਉਂਦੀ ਹੈ। ਬਿਨਾਂ ਸ਼ੱਕ ਨਸ਼ੀਲੇ ਪਦਾਰਥਾਂ ਦੀ ਇਹ ਤਸਕਰੀ ਦੇਸ਼ ਦੀਆਂ ਸਰਹੱਦਾਂ ਲਈ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਵੱਡਾ ਖ਼ਤਰਾ ਹੈ। ਇਸ ਤਰ੍ਹਾਂ ਦੇ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਜਿੱਥੇ ਭਾਰਤ ਸਰਕਾਰ ਨੂੰ ਪੂਰੀ ਤਰ੍ਹਾਂ ਸਰਗਰਮ ਹੋਣਾ ਪਏਗਾ, ਉੱਥੇ ਹੀ ਦੇਸ਼ ਦੇ ਤੱਟ ਰੱਖਿਅਕ ਬਲਾਂ ਅਤੇ ਜਲ ਸੈਨਾ ਨੂੰ ਵੀ ਆਪਣੀ ਚੌਕਸੀ ਵਧਾਉਣੀ ਪਏਗੀ।