ਇਸ ਵਾਰ ਕਿਸਾਨ ਅੰਦੋਲਨ ਦੇ ਚਿਹਰੇ ਬਦਲੇ , ਸਭ ਕੁਝ ਪੰਜਾਬ ਦੀ ਅਗਵਾਈ ਹੇਠ

ਇਸ ਵਾਰ ਕਿਸਾਨ ਅੰਦੋਲਨ ਦੇ ਚਿਹਰੇ  ਬਦਲੇ , ਸਭ ਕੁਝ ਪੰਜਾਬ ਦੀ ਅਗਵਾਈ ਹੇਠ

ਦਿੱਲੀ ਵੱਲ ਕੂਚ ਕਰਨ ਤੋਂ ਪਹਿਲਾਂ ਪੰਧੇਰ ਦੀ ਅਗਵਾਈ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ਵਿਖੇ ਅਰਦਾਸ

ਦਸੰਬਰ 2021 ਵਿੱਚ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰਾਂ ਵਿੱਚ ਮਤਭੇਦ ਉੱਭਰ ਕੇ ਸਾਹਮਣੇ ਆਏ, ਜਿਸ ਨਾਲ ਸੰਯੁਕਤ ਕਿਸਾਨ ਮੋਰਚੇ (ਗੈਰ-ਸਿਆਸੀ) ਦਾ ਗਠਨ ਹੋਇਆ, ਜੋ ਬਾਅਦ ਵਿੱਚ ਕਿਸਾਨ ਮਜ਼ਦੂਰ ਮੋਰਚੇ ਵਿੱਚ ਬਦਲ ਗਿਆ। ਕਿਸਾਨ ਮਜ਼ਦੂਰ ਮੋਰਚਾ 13 ਫਰਵਰੀ ਨੂੰ 'ਦਿੱਲੀ ਚਲੋ' ਦਾ ਪ੍ਰੋਗਰਾਮ ਦੇਕੇ ,ਮੋਦੀ ਸਰਕਾਰ ਨਾਲ ਵਾਰਤਾਲਾਪ ਫੇਲ ਹੋਣ ਬਾਅਦ ਦਿਲੀ ਵਲ ਵਹੀਰਾਂ ਘਤ ਚੁਕਾ ਹੈ,ਸੰਯੁਕਤ ਕਿਸਾਨ ਮੋਰਚਾ 16 ਫਰਵਰੀ ਨੂੰ 'ਭਾਰਤ ਬੰਦ' ਦਾ ਆਯੋਜਨ ਕਰ ਰਿਹਾ ਹੈ।

ਕਿਸਾਨ ਅੰਦੋਲਨ ਦੇ ਨੇਤਾਵਾਂ ਵਿਚ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਹਰ ਤਰ੍ਹਾਂ ਦੀਆਂ ਸਿਆਸੀ ਲਾਲਸਾਵਾਂ ਪੈਦਾ ਹੋ ਜਾਂਦੀਆਂ ਹਨ। ਪਿਛਲੀਆਂ ਲਹਿਰਾਂ ਵਿੱਚ ਦੇਖਿਆ ਗਿਆ ਕਿ ਕੁਝ ਕਿਸਾਨ ਆਗੂ ਪੰਜਾਬ ਵਿੱਚ ਵੱਖਰੀ ਸਿਆਸੀ ਪਾਰਟੀ ਬਣਾ ਕੇ ਚੋਣ ਲੜਨ ਲਈ ਨਿੱਤਰ ਆਏ ਸਨ। ਹੋਰ ਕਿਸਾਨ ਆਗੂਆਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਇਸੇ ਤਰ੍ਹਾਂ ਗੁਰਨਾਮ ਸਿੰਘ ਚੜੂਨੀ ਅਤੇ ਰਾਕੇਸ਼ ਟਿਕੈਤ ਵੀ ਆਪੋ-ਆਪਣੇ ਰਾਜਸੀ ਇਛਾਵਾਂ ਰਾਹੀਂ ਸਾਹਮਣੇ ਆਏ। ਪਿਛਲੇ ਅੰਦੋਲਨ ਦੌਰਾਨ ਇੱਕ ਪੰਜ ਤਾਰਾ ਹੋਟਲ ਵਿੱਚ ਆਰਾਮ ਕਰਦੇ ਰਾਕੇਸ਼ ਟਿਕੈਤ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਇਸ ਲਈ ਇਸ ਵਾਰ ਪੰਜਾਬ ਦੇ ਕਿਸਾਨ ਆਗੂਆਂ ਨੇ ਪੂਰੀ ਲੀਡਰਸ਼ਿਪ, ਕਮਾਂਡ ਅਤੇ ਕੰਟਰੋਲ ਆਪਣੇ ਕੋਲ ਰੱਖਿਆ ਹੋਇਆ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤੱਤ ਇਨ੍ਹਾਂ ਕਿਸਾਨਾਂ ਦੇ ਖਿਲਾਫ ਝੂਠਾ ਪ੍ਰਚਾਰ ਕਰਨ 'ਚ ਲੱਗੇ ਹੋਏ ਹਨ।

ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਜੋ ਪੰਜਾਬ ਦੇ ਫਰੀਦਕੋਟ ਦੇ ਪਿੰਡ ਡੱਲੇਵਾਲ ਦੇ ਰਹਿਣ ਵਾਲੇ ਹਨ।ਉਨ੍ਹਾਂ ਦੀ ਇਲਾਕੇ ਦੇ ਕਿਸਾਨਾਂ ਵਿੱਚ ਚੰਗੀ ਪਕੜ ਹੈ। ਕਿਸਾਨ ਮਜ਼ਦੂਰ ਮੋਰਚਾ ਕੋਆਰਡੀਨੇਟਰ ਡੱਲੇਵਾਲ ਸਤੰਬਰ 2022 ਵਿੱਚ ਲਗਾਤਾਰ ਤੀਜੀ ਵਾਰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਸੀ।

ਇਸੇ ਤਰ੍ਹਾਂ ਕੇ.ਐਮ.ਐਸ.ਸੀ. ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜਿਨ੍ਹਾਂ ਨੇ ਇੱਕ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਆਪਣਾ ਨਾਮ ਬਣਾਇਆ ਹੈ, ਨੇ ਹੌਲੀ-ਹੌਲੀ ਮਾਝੇ ਵਿੱਚ ਕਿਸਾਨ ਅੰਦੋਲਨ ਦੇ ਇੱਕ ਵੱਡੇ ਆਗੂ ਵਜੋਂ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਹੈ। ਉਹ ਇੱਕ ਅੰਮ੍ਰਿਤਧਾਰੀ ਸਿੱਖ ਹੈ, ਜੋ ਆਪਣੀ ਸੱਚਾਈ, ਇਮਾਨਦਾਰੀ ਅਤੇ ਮਜ਼ਬੂਤ ਇਰਾਦਿਆਂ ਲਈ ਜਾਣਿਆ ਜਾਂਦਾ ਹੈ। ਪੰਧੇਰ ਨੇ ਸਿੱਖ ਮਿਸ਼ਨਰੀ ਕਾਲਜ, ਆਨੰਦਪੁਰ ਸਾਹਿਬ ਤੋਂ ਪੜ੍ਹਾਈ ਕੀਤੀ। ਉਹ ਲੰਮਾ ਸਮਾਂ ਬੀਕੇਯੂ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਵੀ ਰਹੇ।ਹੁਣ ਇਸ ਮੋਰਚੇ ਦੀ ਸ਼ੁਰੂਆਤ ਦੌਰਾਨ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਨ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਗੁਰਲਾਲ ਸਿੰਘ ਪੰਡੋਰੀ, ਰਾਜਸਥਾਨ ਤੋਂ ਗ੍ਰਾਮੀਣ ਕਿਸਾਨ ਸਮਿਤੀ ਦੇ ਰਣਜੀਤ ਸਿੰਘ, ਹਰਿਆਣਾ ਤੋਂ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਆਗੂ ਤੇਜਬੀਰ ਸਿੰਘ, ਫਾਰਮਰ ਪ੍ਰੋਗਰੈੱਸ ਫਰੰਟ ਤੋਂ ਅਮਨੀਕ ਸਿੰਘ ਮਾਂਗਟ ਤੇ ਹੋਰ ਕਾਰਕੁਨਾਂ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। 

ਬਠਿੰਡਾ ਤੋਂ ਬੀਕੇਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੁੱਲ ਉਨ੍ਹਾਂ 25 ਕਿਸਾਨਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਅੰਦੋਲਨ ਖਤਮ ਕਰਨ ਤੋਂ ਪਹਿਲਾਂ ਕੇਂਦਰ ਨਾਲ ਖੇਤੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਖੇਤੀਬਾੜੀ ਕਾਨੂੰਨਾਂ ਦਾ ਸਖ਼ਤ ਵਿਰੋਧ ਕਰਨ ਕਾਰਨ ਪੰਜਾਬ ਸਰਕਾਰ ਵੱਲੋਂ 2009 ਵਿੱਚ ਉਸ ਵਿਰੁੱਧ ਯੂਏਪੀਏ ਤਹਿਤ ਕੇਸ ਦਰਜ ਕੀਤਾ ਸੀ। ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ ਉਸ 'ਤੇ ਮਾਓਵਾਦੀਆਂ ਨਾਲ ਸਬੰਧਾਂ ਦਾ ਦੋਸ਼ ਲਾਇਆ ਸੀ। ਹਾਲਾਂਕਿ ਉਹ ਵਾਰ-ਵਾਰ ਇਸ ਤੋਂ ਇਨਕਾਰ ਕਰਦਾ ਰਿਹਾ ਸੀ।ਸੰਯੁਕਤ ਕਿਸਾਨ ਮੋਰਚਾ ((ਗੈਰ-ਸਿਆਸੀ) ਰਾਸ਼ਟਰੀ ਪੱਧਰ 'ਤੇ ਘੱਟੋ-ਘੱਟ 200 ਸੰਸਥਾਵਾਂ ਦੀ ਹਮਾਇਤ ਹਾਸਲ ਕਰਨ ਦਾ ਦਾਅਵਾ ਕਰਦਾ ਹੈ, ਜਿਨ੍ਹਾਂ ਵਿੱਚੋਂ 16 ਪੰਜਾਬ ਤੋਂ ਹਨ।

ਪੰਜਾਬ ਦੀ ਕਿਸਾਨ ਲਹਿਰ ਦੇ ਪੁਰਾਣੇ ਚਿਹਰੇ

ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ (80) ਸਾਲ ਭਰ ਚੱਲੇ ਕਿਸਾਨ ਅੰਦੋਲਨ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਸਨ ਜਿਸ ਨੇ ਕੇਂਦਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਸੀ। ਬਾਅਦ ਵਿੱਚ ਰਾਜੇਵਾਲ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਸੰਯੁਕਤ ਸਮਾਜ ਮੋਰਚਾ ਦਾ ਗਠਨ ਕੀਤਾ, ਜਿਸ ਨੂੰ ਉਹ ਵੱਡੇ ਫਰਕ ਨਾਲ ਹਾਰ ਗਏ।

ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਰੀਬ ਡੇਢ ਸਾਲ ਫੌਜ ਵਿੱਚ ਸੇਵਾ ਨਿਭਾਈ। ਬਾਅਦ ਵਿੱਚ ਉਹ 1979 ਵਿੱਚ ਨੌਜਵਾਨ ਭਾਰਤ ਸਭਾ ਵਿੱਚ ਸ਼ਾਮਲ ਹੋਏ। 1984 ਵਿੱਚ ਉਹ ਭੁਪਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਬੀ.ਕੇ.ਯੂ ਵਿੱਚ ਸ਼ਾਮਲ ਹੋਏ। 1989 ਵਿੱਚ ਵੰਡ ਤੋਂ ਬਾਅਦ, ਉਹ ਬੀਕੇਯੂ (ਲੱਖੋਵਾਲ) ਅਤੇ ਬਾਅਦ ਵਿੱਚ ਬੀਕੇਯੂ (ਸਿੱਧੂਪੁਰ) ਵਿੱਚ ਸ਼ਾਮਲ ਹੋ ਗਏ। ਉਸਨੇ ਬੀਕੇਯੂ (ਉਗਰਾਹਾ) ਦੀ ਸਥਾਪਨਾ ਕੀਤੀ, ਜਿਸ ਦੀਆਂ ਰਾਜ ਵਿੱਚ ਲਗਭਗ 2,000 ਇਕਾਈਆਂ ਹਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ੇ ਤੋਂ ਵਕੀਲ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੀ ਸੂਬਾ ਇਕਾਈ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਨਾਗਰਿਕ ਅਧਿਕਾਰਾਂ ਦੀ ਲਹਿਰ ਨਾਲ ਜੁੜੇ ਹੋਏ ਹਨ। ਉਹ 1990 ਦੇ ਦਹਾਕੇ ਦੌਰਾਨ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਉਪ ਪ੍ਰਧਾਨ ਰਹੇ ਸਨ।

ਇਸ ਵਾਰ ਕਿਸਾਨ ਅੰਦੋਲਨ ਵਿੱਚ ਪ੍ਰਮੁੱਖ ਕਿਸਾਨ ਜਥੇਬੰਦੀਆਂ ਬੀਕੇਯੂ (ਰਾਜੇਵਾਲ), ਬੀਕੇਯੂ (ਕਾਦੀਆਂ), ਕਿਰਤੀ ਕਿਸਾਨ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਸਮਿਤੀ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ (ਹਰਦੇਵ), ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਸੰਗਠਨ , ਕਿਰਤੀ ਕਿਸਾਨ ਮੋਰਚਾ ਰੋਪੜ, ਦੋਆਬਾ ਕਿਸਾਨ ਸੰਘਰਸ਼ ਸਮਿਤੀ, ਕੌਮੀ ਕਿਸਾਨ ਯੂਨੀਅਨ ਅਤੇ ਕਿਸਾਨ ਕਮੇਟੀ (ਦੋਆਬਾ) ਵੀ ਸ਼ਾਮਲ ਹਨ।