ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਭਾਰਤ ਵਿਚ 3 ਲੱਖ ਨੂੰ ਟੱਪਿਆ

ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਭਾਰਤ ਵਿਚ 3 ਲੱਖ ਨੂੰ ਟੱਪਿਆ

*ਯੂ ਪੀ ਵਿੱਚ ਹਰ ਰੋਜ਼ ਕੋਰੋਨਾ ਨਾਲ ਲੱਗਭੱਗ 10 ਹਜ਼ਾਰ ਮੌਤਾਂ ਹੋ ਰਹੀਆਂ ਨੇ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿਲੀ :ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੀ ਲਾਗ ਦੇ 2.22 ਲੱਖ ਨਵੇਂ ਕੇਸਾਂ ਨਾਲ ਕੁਲ ਕੇਸਾਂ ਦੀ ਗਿਣਤੀ 2 ,67,52,44ਹੋ ਗਈ ਹੈ ਜਦੋਂਕਿ ਇਸੇ ਅਰਸੇ ਦੌਰਾਨ 4454 ਹੋਰ ਵ‌ਿਅਕਤੀਆਂ ਦੀ ਕਰੋਨਾ ਕਰਕੇ ਮੌਤ ਹੋ ਗਈ। ਕਰੋਨਾ ਕਰ ਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਕੁੱਲ ਗਿਣਤੀ 3,03,720 ਦੇ ਅੰਕੜੇ ਨੂੰ ਅੱਪੜ ਗਈ ਹੈ। ਸੁਪਰੀਮ ਕੋਰਟ ਨੇ ਕਰੋਨਾਵਾਇਰਸ ਕਰਕੇ ਮੌਤ ਦੇ ਮੂੰਹ ਪਏ ਲੋਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕਰਦੀ ਪਟੀਸ਼ਨ ’ਤੇ ਕੇਂਦਰ ਤੋਂ ਜੁਆਬ ਮੰਗ ਲਿਆ ਹੈ। ਜਸਟਿਸ ਅਸ਼ੋਕ ਭੂਸ਼ਨ ਤੇ ਐੱਮ.ਆਰ.ਸ਼ਾਹ ਦੀ ਸ਼ਮੂਲੀਅਤ ਵਾਲੇ ਵੈਕੇਸ਼ਨ ਬੈਂਚ ਨੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਕੋਵਿਡ-19 ਪੀੜਤਾਂ ਲਈ ਮੌਤ ਦਾ ਸਰਟੀਫਿਕੇਟ ਜਾਰੀ ਕੀੇਤੇ ਜਾਣ ਸਬੰਧੀ ਆਈਸੀਐੱਮਆਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਉਸ ਅੱਗੇ ਰੱਖਣ ਦੀ ਵੀ ਹਦਾਇਤ ਕੀਤੀ ਹੈ। ਬੈਂਚ ਨੇ ਕਿਹਾ ਕਿ ਅਜਿਹੇ ਦਸਤਾਵੇਜ਼ ਜਾਰੀ ਕਰਨ ਲਈ ਕੋਈ ਇਕਸਾਰ ਪਾਲਿਸੀ ਹੋਣੀ ਚਾਹੀਦੀ ਹੈ। ਸਿਖਰਲੀ ਅਦਾਲਤ ਨੇ ਉਪਰੋਕਤ ਟਿੱਪਣੀਆਂ ਦੋ ਵੱਖੋ ਵੱਖਰੀਆਂ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਕੀਤੀਆਂ ਹਨ। ਬੈਂਚ ਨੇ ਕਿਹਾ ਕਿ ਜਦੋਂ ਤੱਕ ਮੌਤ ਸਰਟੀਫਿਕੇਟ ਜਾਰੀ ਕਰਨ ਬਾਰੇ ਇਕਸਾਰ ਨੀਤੀ ਨਹੀਂ ਬਣਦੀ, ਪੀੜਤ ਮੁਆਵਜ਼ਾ ਸਕੀਮ ਤਹਿਤ ਆਪਣੇ ਦਾਅਵੇ ਪੇਸ਼ ਨਹੀਂ ਕਰ ਸਕਦੇ। ਕੇਸ ਦੀ ਅਗਲੀ ਸੁਣਵਾਈ ਹੁਣ 11 ਜੂਨ ਨੂੰ ਹੋਵੇਗੀ।ਇਸ ਸਮੇਂ ਮੋਦੀ ਸਰਕਾਰ ਵੱਲੋਂ ਬੇਸ਼ੱਕ ਅੰਕੜਿਆਂ ਦੀ ਖੇਡ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਪੈਣੀ ਸ਼ੁਰੂ ਹੋ ਗਈ ਹੈ, ਪਰ ਸ਼ਮਸ਼ਾਨਾਂ ਵਿੱਚੋਂ ਉਠਦੀਆਂ ਲਪਟਾਂ ਇਸ 'ਤੇ ਭਰੋਸਾ ਕਰਨ ਲਈ ਤਿਆਰ ਨਹੀਂ । ਯੂ ਪੀ ਦੇ ਪਿੰਡ-ਪਿੰਡ 'ਚੋਂ ਕੋਰੋਨਾ ਮਹਾਂਮਾਰੀ ਨਾਲ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ । ਲਕੜਾਂ ਦਾ ਸੰਕਟ ਖੜ੍ਹਾ ਹੋ ਜਾਣ ਕਾਰਣ ਲੋਕ ਹੁਣ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਲਈ ਮਜਬੂਰ ਹੋ ਚੁੱਕੇ ਹਨ । ਇੱਕ ਅੰਦਾਜ਼ੇ ਮੁਤਾਬਕ ਯੂ ਪੀ ਵਿੱਚ ਹਰ ਰੋਜ਼ ਕੋਰੋਨਾ ਨਾਲ ਲੱਗਭੱਗ 10 ਹਜ਼ਾਰ ਮੌਤਾਂ ਹੋ ਰਹੀਆਂ ਹਨ ।

ਭਾਜਪਾਈ ਹਾਕਮਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕਿ ਲਾਚਾਰ ਲੋਕਾਂ ਨਾਲ ਕੀ ਬੀਤ ਰਹੀ ਹੈ, ਉਨ੍ਹਾਂ ਨੂੰ ਤਾਂ ਇਸ ਗੱਲ ਦਾ ਗਮ ਸਤਾ ਰਿਹਾ ਹੈ ਕਿ ਹਰ ਖੇਤਰ ਵਿੱਚ ਨਾਮੁਮਕਿਨ ਨੂੰ ਮੁਮਕਿਨ ਕਰ ਦੇਣ ਵਾਲੇ ਸ਼ਹਿਨਸ਼ਾਹ ਦਾ ਪ੍ਰਤਾਪ ਤੇ ਨਫ਼ਰਤ ਦੇ ਸੌਦਾਗਰਾਂ ਦੀ ਸੋਚ ਵੀ ਹਿੰਦੂਆਂ ਦੀਆਂ ਕਬਰਾਂ ਵਿੱਚ ਦਫ਼ਨ ਹੋ ਰਹੀ ਹੈ । ਕਟੜਪੰਥੀ ਹਾਕਮਾਂ ਲਈ ਉਹ ਪਲ ਬਹੁਤ ਤਕਲੀਫ਼ ਦਿੰਦੇ ਹਨ, ਜਦੋਂ ਕੋਈ ਮੁਸਲਿਮ ਨੌਜਵਾਨ ਰੋਜ਼ਾ ਤੋੜ ਕੇ ਹਿੰਦੂ ਦੀ ਜਾਨ ਬਚਾਉਣ ਲਈ ਆਪਣਾ ਪਲਾਜ਼ਮਾ ਦਾਨ ਕਰਦਾ ਹੈ । ਉਨ੍ਹਾਂ ਲਈ ਇਹ ਸਹਿਣ ਕਰਨਾ ਬੜਾ ਔਖਾ ਹੈ ਕਿ ਆਪਣਿਆਂ ਵੱਲੋਂ ਮੂੰਹ ਮੋੜ ਲੈਣ ਬਾਅਦ 4 ਮੁਸਲਿਮ ਨੌਜਵਾਨ ਅਰਥੀ ਨੂੰ ਮੋਢਾ ਦੇ ਕੇ ਹਿੰਦੂ ਰਹੁ ਰੀਤਾਂ ਨਾਲ ਕਿਸੇ ਹਿੰਦੂ ਦਾ ਸਸਕਾਰ ਕਰਨ । ਇਸ ਸਮੇਂ ਕੋਰੋਨਾ ਦਾ ਕਹਿਰ ਧਰਮ ਨਾਲ ਕੋਈ ਭੇਦਭਾਵ ਨਹੀਂ ਕਰ ਰਿਹਾ, ਹਿੰਦੂ-ਮੁਸਲਿਮ ਸਭ ਦੀਆਂ ਜਾਨਾਂ ਲੈ ਰਿਹਾ ਹੈ । ਇਸ ਔਖੀ ਘੜੀ ਮੌਤ ਨਾਲ ਲੜਨ ਲਈ ਸਭ ਤਬਕੇ ਇੱਕ-ਦੂਜੇ ਦੀ ਬਾਂਹ ਫੜ ਰਹੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨਾਲ ਸਿੱਧੇ ਸੰਵਾਦ ਰਾਹੀਂ ਜਿਹੜੀ ਲੋਕਪਿ੍ਅਤਾ ਹਾਸਲ ਕੀਤੀ ਸੀ, ਉਹ ਹੁਣ ਖੇਰੂੰ-ਖੇਰੂੰ ਹੋ ਰਹੀ ਹੈ । ਲੋਕ ਆਪਣੇ 'ਤੇ ਆਈ ਆਫ਼ਤ ਲਈ ਸਿੱਧੇ ਤੌਰ ਉੱਤੇ ਮੋਦੀ ਨੂੰ ਜ਼ਿੰਮੇਵਾਰ ਸਮਝਦੇ ਹਨ ।

ਇਸ ਸੰਬੰਧੀ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ ਵੱਲੋਂ ਤਿਆਰ ਇੱਕ ਦਸਤਾਵੇਜ਼ ਦਾ ਹਵਾਲਾ ਦਿੰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਇਸ ਰਾਹੀਂ ਮੋਦੀ ਦੀ ਛਵੀ ਵਿਗਾੜ ਕੇ ਭਾਰਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ | 

ਇਸ ਦੇ ਨਾਲ ਹੀ ਦੂਜੀ ਪਾਲ ਦੇ ਭਾਜਪਾ ਆਗੂ ਲੋਕਾਂ ਨੂੰ ਅੰਧ-ਵਿਸ਼ਵਾਸਾਂ ਦੇ ਮਾਇਆ ਜਾਲ ਵਿੱਚ ਜਕੜੇ ਰੱਖਣ ਲਈ ਮਹਾਂਮਾਰੀ ਦਾ ਸਹਾਰਾ ਲੈ ਰਹੇ ਹਨ | ਲੋਨੀ ਤੋਂ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁੱਜਰ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਉਸ ਦੇ ਹਲਕੇ ਵਿੱਚ ਨਹੀਂ ਵੜ ਸਕੇਗਾ, ਕਿਉਂਕਿ ਉਸ ਦੇ ਹਲਕੇ ਵਿੱਚ ਗਾਵਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ । ਅਸਾਮ ਦੇ ਭਾਜਪਾ ਵਿਧਾਇਕ ਸੁਮਨ ਹਰੀਪਿ੍ਆ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਗਾਂ ਦਾ ਗੋਹਾ ਕਾਫ਼ੀ ਫਾਇਦੇਮੰਦ ਹੁੰਦਾ ਹੈ । ਗਾਂ ਦੇ ਗੋਹੇ ਤੇ ਮੂਤਰ ਨਾਲ ਕੋਰੋਨਾ ਠੀਕ ਹੋ ਸਕਦਾ ਹੈ । ਉਤਰਾਖੰਡ ਦੇ ਭਾਜਪਾ ਵਿਧਾਇਕ ਸੰਜੇ ਗੁਪਤਾ ਨੇ ਦਾਅਵਾ ਕੀਤਾ ਕਿ ਹਵਨ ਯੱਗ, ਗਾਂ ਦੇ ਗੋਹੇ ਤੇ ਮੂਤਰ ਦੀ ਵਰਤੋਂ ਨਾਲ ਕੋਰੋਨਾ ਦਾ ਇਲਾਜ ਕਰਨਾ ਚਾਹੀਦਾ ਹੈ । ਭਾਜਪਾ ਦੇ ਕੌਮੀ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਕਿਹਾ ਸੀ ਕਿ ਕੋਰੋਨਾ ਸਾਡਾ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਉਨ੍ਹਾ ਨੇ ਹਨੂੰਮਾਨ ਦਾ ਨਾਂ ਕੋਰੋਨਾ ਪਿਛਾੜ ਹਨੂੰਮਾਨ ਰੱਖ ਦਿੱਤਾ ਹੈ । ਉਨ੍ਹਾ ਇਹ ਵੀ ਕਿਹਾ ਕਿ ਭਾਰਤ ਵਿੱਚ ਕੋਰੋਨਾ ਦਾ ਕੋਈ ਅਸਰ ਨਹੀਂ ਹੋ ਸਕਦਾ ਕਿਉਂਕਿ ਇਥੇ 33 ਕਰੋੜ ਦੇਵੀ ਦੇਵਤੇ ਰਹਿੰਦੇ ਹਨ | ਯੂ ਪੀ ਦੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਤੇ ਭਾਜਪਾ ਸਾਂਸਦ ਪ੍ਰਗਿਆ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਉਹ ਰੋਜ਼ਾਨਾ ਗਾਂ ਦੇ ਮੂਤਰ ਦਾ ਸੇਵਨ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਕੋਰੋਨਾ ਨਹੀਂ ਹੋ ਸਕਦਾ | ਇਨ੍ਹਾਂ ਸਭ ਬਿਆਨਾਂ ਦਾ ਅਸਰ ਇਹ ਹੋਇਆ ਕਿ ਥਾਂ-ਥਾਂ ਲੋਕ ਮੌਤ ਦੇ ਡਰੋਂ ਗੋਹੇ ਦਾ ਲੇਪ ਕਰਕੇ ਨਹਾ ਰਹੇ ਹਨ, ਗਾਂ ਦਾ ਮੂਤਰ ਪੀ ਰਹੇ ਹਨ ਤੇ ਝਾੜ-ਫੂਕ ਰਾਹੀਂ ਕੋਰੋਨਾ ਭਜਾਉਣ ਦੇ ਗੈਰ-ਵਿਗਿਆਨਕ ਢੰਗ ਅਪਣਾ ਰਹੇ ਹਨ ।                             

    ਅੰਮ੍ਰਿਤਸਰ ਟਾਈਮਜ ਅਨੁਸਾਰ ਭਾਜਪਾ ਵਾਲੇ ਇਹੋ ਤਾਂ ਚਾਹੁੰਦੇ ਹਨ ਕਿ ਲੋਕ ਅੰਧ ਵਿਸ਼ਵਾਸਾਂ ਵਿੱਚ ਜਕੜੇ ਰਹਿਣ ਤੇ ਮੋਦੀ ਨੂੰ ਰੱਬ ਸਮਝ ਕੇ ਉਸ ਨੂੰ ਵੋਟਾਂ ਪਾਉਂਦੇ ਰਹਿਣ । ਭਾਜਪਾ ਆਗੂਆਂ ਨੂੰ ਇਹ ਪੁੱਛਣਾ ਬਣਦਾ ਹੈ ਕਿ ਜੇਕਰ ਗਾਂ ਦੇ ਗੋਹੇ ਤੇ ਮੂਤਰ ਨਾਲ ਹੀ ਕੋਰੋਨਾ ਭਜਾਇਆ ਜਾ ਸਕਦਾ ਹੈ ਤਾਂ ਫਿਰ ਪ੍ਰਧਾਨ ਮੰਤਰੀ ਤੇ ਦੂਜੇ ਮੰਤਰੀਆਂ ਨੇ ਕੋਰੋਨਾ ਵੈਕਸੀਨ ਕਿਉਂ ਲਵਾਈ ਸੀ । ਪਿਛਲੇ ਦਿਨਾਂ ਵਿਚ ਆਰਐੱਸਐੱਸ ਦੀ ਦਿੱਲੀ ਕਾਰਜਕਾਰਨੀ ਦੇ ਇਕ ਮੈਂਬਰ ਨੇ ਕਿਹਾ ਸੀ ਕਿ ਭਾਜਪਾ ਗਾਇਬ ਹੈ ਅਤੇ ਇਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ। ਲੋਕ ਮਰ ਰਹੇ ਹਨ, ਪਾਰਟੀ ਦਾ ਨਾਮੋ-ਨਿਸ਼ਾਨ ਨਹੀਂ ਹੈ।