ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਰਗੀ -ਕਿਰਨ ਮਜੂਮਦਾਰ ਸ਼ਾਅ
ਆਨਲਾਈਨ ਸੈਮੀਨਾਰ ’ਚ ਕਿਰਨ ਮਜੂਮਦਾਰ ਸ਼ਾਅ ਬੋਲੀ , ਹਾਲੀਆ ਵਿਧਾਨ ਸਭਾ ਚੋਣਾਂ ਤੇ ਧਾਰਮਿਕ ਸਮਾਗਮ ਜ਼ਿੰਮੇਵਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ: ਬਾਇਓਕਾਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾਅ ਨੇ ਕਿਹਾ ਹੈ ਕਿ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਰਗੀ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਭਾਰੀ ਵਾਧੇ ਲਈ ਹਾਲੀਆ ਵਿਧਾਨ ਸਭਾ ਚੋਣਾਂ ਤੇ ਧਾਰਮਿਕ ਸਮਾਗਮਾਂ ਨੂੰ ਜ਼ਿੰਮੇਵਾਰ ਠਹਿਰਾਇਆ। ਭਾਰਤ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਸ ਤਹਿਤ ਪਿਛਲੇ ਕਈ ਦਿਨਾਂ ਤੋਂ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਹਸਪਤਾਲਾਂ ’ਚ ਮਹਾਮਾਰੀ ਹੈ ਤੇ ਮਰੀਜ਼ਾਂ ਨੂੰ ਬੈੱਡ ਤੇ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਵਨ ਸ਼ੇਅਰ ਵਰਲਡ ਵੱਲੋਂ ਕਰਾਏ ਆਨਲਾਈਨ ਸੈਮੀਨਾਰ ’ਚ ਸ਼ਾਅ ਨੇ ਕਿਹਾ, ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਰਗੀ ਹੈ। ਦੁੱਖ ਦੀ ਗੱਲ ਹੈ ਕਿ ਇਸਨੇ ਸਾਡੇ ਦੇਸ਼ ਦੇ ਕਿਸੇ ਵੀ ਹਿੱਸੇ ਨੂੰ ਨਹੀਂ ਬਖਸ਼ਿਆ। ਇਸ ਵਾਰੀ ਸ਼ਹਿਰੀ ਤੇ ਪੇਂਡੂ ਦੋਵੇਂ ਇਲਾਕਿਆਂ ਤੋਂ ਮਾਮਲੇ ਸਾਹਮਣੇ ਆ ਰਹੇ ਹਨ। ਇਸਦਾ ਕਾਰਨ ਹੈ ਕਿ ਅਸੀਂ ਕਈ ਸੂਬਿਆਂ ’ਚ ਚੋਣਾਂ ਕਰਾਈਆਂ ਤੇ ਇਸ ਦੌਰਾਨ ਕਈ ਧਾਰਮਿਕ ਤਿਉਹਾਰ ਆਏ। ਇਸ ਨੇ ਅਸਲ ’ਚ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਦੱਸਣਯੋਗ ਹੈ ਕਿ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਤੇ ਪੁਡੂਚੇਰੀ ’ਚ ਹਾਲੀਆ ਚੋਣਾਂ ਕਰਾਈਆਂ ਗਈਆਂ। ਇਸ ਤੋਂ ਇਲਾਵਾ ਹਰਿਦੁਆਰ ’ਚ ਇਸੇ ਦੌਰਾਨ ਕੁੰਭ ਵੀ ਕਰਾਇਆ ਗਿਆ।
ਸ਼ਾਅ ਨੇ ਕਿਹਾ ਕਿ ਹਸਪਤਾਲ ’ਚ ਆਕਸੀਜਨ ਤੇ ਬੈੱਡਾਂ ਦੀ ਭਾਰੀ ਮੰਗ ਹੈ। ਜਿਸ ਹਿਸਾਬ ਨਾਲ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸਦੀ ਮੈਨੇਜਮੈਂਟ ਕਰਨ ਲਈ ਸਾਡੇ ਕੋਲ ਉਚਿਤ ਵਸੀਲੇ ਨਹੀਂ ਹਨ। ਇਸ ਮਹਾਮਾਰੀ ਨਾਲ ਨਿਪਟਣ ਲਈ ਸਾਡੇ ਕੋਲ ਉਚਿਤ ਮੈਡੀਕਲ ਸਮੱਗਰੀ ਵੀ ਨਹੀਂ ਹੈ। ਸਭ ਤੋਂ ਵੱਧ ਕੇ ਲੋਕਾਂ ਦਾ ਤੇਜ਼ੀ ਨਾਲ ਟੀਕਾਕਰਨ ਕਰਨ ਲਈ ਜ਼ਰੂਰੀ ਵੈਕਸੀਨ ਵੀ ਸਾਡੇ ਕੋਲ ਨਹੀਂ ਹੈ।
Comments (0)